ਸੰਦੇਸ਼

ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ
ਅੱਗੇ ਪੜ੍ਹੋ . . .


ਸੰਦੇਸ਼

           ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਦੇ ਉਦੇਸ਼ਾਂ ਵਿੱਚੋਂ ਪ੍ਰਮੁੱਖ ਹੈ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਨਿਰੰਤਰ ਯਤਨਸ਼ੀਲ ਰਹੀ ਹੈ। ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਵਿਭਿੰਨ ਸ਼ਬਦ-ਕੋਸ਼ਾਂ ਜਿਵੇਂ ਅੰਗਰੇਜ਼ੀ-ਪੰਜਾਬੀ ਕੋਸ਼, ਪੰਜਾਬੀ-ਅੰਗਰੇਜ਼ੀ ਕੋਸ਼, ਫ਼ਾਰਸੀ-ਪੰਜਾਬੀ ਕੋਸ਼, ਪੰਜਾਬੀ-ਫ਼ਾਰਸੀ ਕੋਸ਼, ਸੰਸਕ੍ਰਿਤ-ਪੰਜਾਬੀ ਕੋਸ਼, ਪੰਜਾਬੀ ਕੋਸ਼ (ਸਕੂਲ ਪੱਧਰ), ਲਹਿੰਦੀ ਕੋਸ਼, ਮਲਵਈ ਕੋਸ਼ ਆਦਿ ਨੇ ਪੰਜਾਬੀ ਭਾਸ਼ਾ ਅਤੇ ਗਿਆਨ-ਵਿਗਿਆਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।

           ਕਿਸੇ ਭਾਸ਼ਾ ਦੇ ਵਿਕਾਸ ਲਈ ਜਿਸ ਮੁਢਲੀ ਅਤੇ ਬੁਨਿਆਦੀ ਸਮੱਗਰੀ ਦੀ ਲੋੜ ਹੁੰਦੀ ਹੈ , ਉਸ ਵਿੱਚ ਕੋਸ਼ਾਂ ਦਾ ਅਹਿਮ ਸਥਾਨ ਹੈ। ਕੋਸ਼ ਕਿਸੇ ਭਾਸ਼ਾ ਦੇ ਅਧਿਐਨ, ਅਧਿਆਪਨ ਅਤੇ ਸਮੁੱਚੇ ਬਹੁਪੱਖੀ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜੋਕੇ ਯੁੱਗ ਵਿੱਚ ਅੰਗਰੇਜ਼ੀ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਸ਼ੁਮਾਰ ਹੁੰਦੀ ਹੈ। ਅੰਗਰੇਜ਼ੀ-ਪੰਜਾਬੀ ਕੋਸ਼ ਦਾ ਇਹ ਸੋਧਿਆ ਸੰਸਕਰਨ ਅੰਗਰੇਜ਼ੀ ਭਾਸ਼ਾਈ ਜਗਤ ਦੀਆਂ ਗਿਆਨ-ਵਿਗਿਆਨ ਦੇ ਖੇਤਰ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਮਾਧਿਅਮ ਪਰਿਵਰਤਨ ਅਤੇ ਅਨੁਵਾਦ ਕਾਰਜਾਂ ਲਈ ਵਿਸ਼ੇਸ਼ ਰੂਪ ਵਿੱਚ ਸਹਾਈ ਹੋਵੇਗਾ। ਇਸ ਸੰਸਕਰਨ ਵਿੱਚ ਤਕਨਾਲੋਜੀ ਆਦਿ ਨਾਲ ਸੰਬੰਧਿਤ ਸਾਢੇ ਤਿੰਨ ਹਜ਼ਾਰ ਤੋਂ ਵੱਧ ਨਵੇਂ ਇੰਦਰਾਜ ਸ਼ਾਮਲ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਅਰਥ ਅਤੇ ਤਕਨੀਕੀ ਪੱਖ ਤੋਂ ਹੋਰ ਵੀ ਅਹਿਮ ਸੋਧਾਂ ਕੀਤੀਆਂ ਗਈਆਂ ਹਨ। ਵਿਉਤਪਤ ਰੂਪਾਂ ਨੂੰ ਮੁੱਖ ਇੰਦਰਾਜ ਵਜੋਂ ਦੇਣ ਨਾਲ ਵਰਤੋਂਕਾਰ ਲਈ ਕੋਸ਼ ਦੀ ਵਰਤੋਂ ਬਹੁਤ ਸੁਖਾਲੀ ਹੋ ਗਈ ਹੈ।

           ਅੰਗਰੇਜ਼ੀ-ਪੰਜਾਬੀ ਕੋਸ਼ ਦਾ ਇਹ ਸੰਸਕਰਨ ਪਾਠਕਾਂ ਸਨਮੁਖ ਪੇਸ਼ ਕਰਦਿਆਂ ਮੈਂ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਆਸ ਹੈ ਕਿ ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਪਾਠਕਾਂ ਵੱਲੋਂ ਇਸ ਕੋਸ਼ ਦਾ ਪੁਰਜੋਸ਼ ਸੁਆਗਤ ਕੀਤਾ ਜਾਵੇਗਾ।

ਡਾ. ਜਸਪਾਲ ਸਿੰਘ
ਵਾਈਸ-ਚਾਂਸਲਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ