ਕਾਲਜ ਵਿੱਚ ਪ੍ਰਚਲਿਤ ਸਰਗਰਮੀਆਂ
N.S.S. (ਕੌਮੀ ਸੇਵਾ ਯੋਜਨਾ)
ਵਿਦਿਆਰਥੀਆਂ ਅੰਦਰ ਆਪਣੀਆਂ ਸਮਾਜਿਕ ਜ਼ਿਮੇਂਵਾਰੀਆਂ ਪ੍ਰਤੀ ਚੇਤਨਾ ਪੈਦਾ ਕਰਨ ਲਈ ਕਾਲਜ ਵਿੱਚ ਕੌਮੀ ਦੀਆਂ ਦੋ ਯੂਨਿਟਾਂ (ਲੜਕੇ ਅਤੇ ਲੜਕੀਆਂ) ਕੰਮ ਕਰ ਰਹੀਆਂ ਹਨ। ਜਿਸ ਦੁਆਰਾ ਸਮੇਂ ਸਮੇਂ ਤੇ ਵੱਖ ਵੱਖ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਤੇ ਸਮਾਜ ਪ੍ਰਤੀ ਉਹਨਾਂ ਦੇ ਫਰਜ਼ਾਂ ਅਤੇ ਉਹਨਾਂ ਦੁਆਰਾ ਅਦਾ ਕੀਤੇ ਗਏ ਰੋਲ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਹਨਾਂ ਪ੍ਰੋਗਰਾਮਾਂ ਤਹਿਤ ਸਵੈ ਇੱਛਕ ਖੂਨਦਾਨ ਕੈਂਪ, ਆਲੇ ਦੁਆਲੇ ਦੀ ਸਾਫ਼ ਸਫਾਈ, ਵਾਤਾਵਰਨ ਦੀ ਸ਼ੁੱਧਤਾ, ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਉਹਨਾਂ ਅੰਦਰ ਹੱਥੀਂ ਕਿਰਤ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਂਦਾ ਹੈ। ਹਰ ਸਾਲ ਇਕ ਸੱਤ ਰੋਜ਼ਾ ਕੈਂਪ ਲਗਾ ਕੇ ਇਹ ਸਾਰੇ ਪ੍ਰੋਗਰਾਮ ਵਿਦਿਆਰਥੀਆਂ ਤੋਂ ਕਰਵਾਏ ਜਾਂਦੇ ਹਨ। ਡਾ. ਰਾਜਿੰਦਰ ਸਿੰਘ, ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ ਵਜੋਂ ਸੇਵਾ ਨਿਭਾ ਰਹੇ ਹਨ। ਹਰ ਸਾਲ ਸਮੇਂ ਸਮੇਂ ਉੱਪਰ ਕਾਲਜ ਵਿੱਚ 1-ਰੋਜਾ, 7-ਰੋਜਾ ਕੈੰਪ ਆਯੋਜਿਤ ਕੀਤੇ ਜਾਂਦੇ ਹਨ| ਇਸ ਤੋਂ ਇਲਾਵਾ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ|
ਕੈਰੀਅਰ ਗਾਈਡੈਂਸ ਸੈੱਲ
ਵਿਦਿਆਰਥੀਆਂ ਨੂੰ ਵੱਖ ਵੱਖ ਕਿੱਤਿਆਂ ਸਬੰਧੀ ਅਤੇ ਪੜ੍ਹਾਈ ਤੋਂ ਬਾਅਦ ਜੀਵਨ ਵਿੱਚ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਲਈ ਕਾਲਜ ਵਿੱਚ ਇਕ ਗਾਈਡੈਂਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੁਜਗਾਰ ਦੇ ਵੱਖ ਵੱਖ ਮੌਕਿਆਂ ਦੀ ਪ੍ਰਾਪਤੀ ਲਈ ਤਿਆਰ ਕਰਨ ਸਬੰਧੀ ਅਤੇ ਉਹਨਾਂ ਦੀ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਲਈ ਇਸ ਸੈੱਲ ਦੁਆਰਾ ਲੋੜੀਂਦੀ ਜਾਣਕਾਰੀ ਦੇ ਨਾਲ ਨਾਲ ਹੋਰ ਲੋੜੀਂਦੀ ਤਿਆਰੀ ਸਬੰਧੀ ਉਹਨਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਸ ਸੈੱਲ ਦੁਆਰਾ ਵਿਦਿਆਰਥੀਆਂ ਲਈ ਵੱਖ ਵੱਖ ਤਰਾਂ ਦੇ ਆਮ ਗਿਆਨ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਦੀ ਸਮਝ ਵਿੱਚ ਵਾਧਾ ਕਰਨ ਲਈ ਵੱਖ ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਭਾਸ਼ਨ ਕਰਵਾਏ ਜਾਂਦੇ ਹਨ। ਇਹ ਸੈੱਲ ਵਿਦਿਆਰਥੀਆਂ ਨੂੰ ਉਹਨਾਂ ਦਾ ਭਵਿੱਖ ਉੱਜਲਾ ਕਰਨ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈ।
ਯੁਵਕ ਭਲਾਈ ਵਿਭਾਗ
ਇਸ ਵਿਭਾਗ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾਪ੍ਰਤਿਭਾ ਦੀ ਪਛਾਣ ਕਰਕੇ ਉਹਨਾਂ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ। ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾ ਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਨਾਟਕ, ਗਿੱਧਾ, ਭੰਗੜਾ, ਚਿੱਤਰਕਲਾ ਅਤੇ ਲੋਕਕਲਾਵਾਂ ਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਮਹੱਤਵ ਦੇ ਵਿਭਿੰਨ ਸਥਾਨਾਂ ਦੀ ਯਾਤਰਾ, ਦੂਰਦੁਰਾਡੇ ਦੇ ਰਮਣੀਕ ਪਹਾੜੀ ਥਾਵਾਂ ਦੇ ਟੂਰ ਪ੍ਰੋਗਰਾਮ ਆਦਿ ਇਸ ਵਿਭਾਗ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਰਹਿਣ ਸਹਿਣ, ਭਾਸ਼ਾ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣਾ ਹੈ। ਡਾ. ਬਲਦੇਵ ਸਿੰਘ, ਕਾਲਜ ਦੇ ਯੂਥ ਕੋਆਰਡੀਨੇਟਰ ਦੀ ਸੇਵਾ ਨਿਭਾ ਰਹੇ ਹਨ। ਸ਼ੈਸ਼ਨ 2019-20 ਦੌਰਾਨ ਜੋਨਲ ਯੂਥ ਫੈਸਟੀਵਲ ਵਿੱਚ ਕਈ ਹੋਰ ਖਿਤਾਬਾਂ ਸਮੇਤ ਓਵਰ-ਆਲ ਟ੍ਰਾਫ਼ੀ ਵੀ ਯੂਨੀਵਰਸਿਟੀ ਕਾਲਜ ਮੂਨਕ ਨੇ ਜਿਤੀ|
ਖੇਡਾਂ
ਖੇਡਾਂ ਵਿਦਿਆਰਥੀ ਜੀਵਨ ਦਾ ਇਕ ਅਹਿਮ ਅੰਗ ਹੁੰਦੀਆਂ ਹਨ ਕਿਸੇ ਵਿਦਿਆਰਥੀ ਦੀ ਸਮੁੱਚੀ ਸਖ਼ਸ਼ੀਅਤ ਦੀ ਉਸਾਰੀ ਵਿੱਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਾਲਜ ਕੋਲ ਵਿਦਿਆਰਥੀਆਂ ਦੇ ਸਪੋਰਟਸ ਵਿੱਚ ਭਾਗ ਲੈਣ ਲਈ ਪੂਰਾ ਪ੍ਰਬੰਧ ਹੈ। ਕੋਈ ਵਿਦਿਆਰਥੀ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕਿਸੇ ਖੇਡ ਵਿੱਚ ਭਾਗ ਲੈ ਸਕਦਾ ਹੈ। ਕਾਲਜ ਵਿੱਚ ਖੇਡਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਚਲਾਉਣ ਲਈ ਖੇਡਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਖਿਡਾਰੀਆਂ ਨੂੰ ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਡਾ. ਰਜਿੰਦਰ ਸਿੰਘ, ਇੰਚਾਰਜ਼ ਦੀ ਸਰਪ੍ਰਸਤੀ ਅਤੇ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਅਧੀਨ ਸਾਲ 2016-17 ਵਿੱਚ ਕਾਲਜ ਵਿੱਚ ਅੰਤਰ ਕਾਲਜ ਵਿੱਚ ਖੋਖੋ (ਲੜਕੇ ਲੜਕੀਆਂ) ਅਤੇ ਬਾਲ ਬੈਡਮਿੰਟਨ (ਲੜਕੇ ਲੜਕੀਆਂ) ਦੇ ਮੁਕਾਬਲੇ ਸਫ਼ਲਤਾਪੂਰਵਕ ਕਰਵਾਏ ਗਏ। ਯੂਨੀਵਰਸਿਟੀ ਵਲੋਂ ਕਾਲਜ ਦੇ ਵਧੀਆ ਖਿਡਾਰੀਆਂ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ।
ਰੈੱਡ ਰਿਬਨ ਕਲੱਬ
ਅੰਤਰਰਾਸ਼ਟਰੀ ਪੱਧਰ ਤੇ ਤੇਜੀ ਨਾਲ ਫੈਲ ਰਹੀ ਏਡਜ਼ ਵਰਗੀ ਭਿਆਨਕ ਬਿਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਦਾ ਇਕ ਰੈੱਡ ਰਿਬਨ ਕਲੱਬ ਸਥਾਪਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਲਜ ਵਿੱਚ ਚਲ ਰਹੇ ਇਸ ਰੈੱਡ ਰਿਬਨ ਕਲੱਬ ਦੁਆਰਾ ਨਸ਼ਿਆਂ ਅਤੇ ਏਡਜ਼ ਪ੍ਰਤੀ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਡਾ. ਬਲਦੇਵ ਸਿੰਘ, ਮੁਖੀ ਪੰਜਾਬੀ ਵਿਭਾਗ ਇਸ ਕਲੱਬ ਦੇ ਇੰਚਾਰਜ ਦੀ ਸੇਵਾ ਨਿਭਾ ਰਹੇ ਹਨ।
ਕਾਲਜ ਮੈਗਜ਼ੀਨ
ਕਾਲਜ ਮੈਗਜ਼ੀਨ ਪੁੰਗਰਦੀਆਂ ਕਲਮਾਂ ਵਿਦਿਆਰਥੀਆਂ ਅੰਦਰ ਸਾਹਿਤਕ ਚੇਤਨਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਹੈ ਇਸਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਕਾਸ ਕਰਨ, ਮੌਜੂਦਾ ਵਰਤਾਰਾ ਅਤੇ ਮਨੁੱਖੀ ਰਿਸ਼ਤਿਆਂ ਨੂੰ ਨੀਝ ਨਾਲ ਤੱਕਣ ਦਾ ਵੱਲ ਸਿਖਾਉਣਾ ਅਤੇ ਇਸ ਤਰ੍ਹਾਂ ਅਨੁਭਵ ਕੀਤੇ ਸੱਚ ਨੂੰ ਗੀਤ, ਗਜ਼ਲ, ਨਜ਼ਮ, ਨਿਬੰਧ ਦੇ ਰੂਪ ਵਿੱਚ ਢਾਲ ਕੇ ਸਾਹਿਤਿਕ ਰੂਪ ਦੇਣ ਦਾ ਅਭਿਆਸ ਕਰਾਉਣਾ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕਾਲਜ ਸਰਗਰਮੀਆਂ ਜਿਵੇਂ ਕਿ ਸਭਿਆਚਾਰਕ ਪ੍ਰੋਗਰਾਮ, ਸਮਾਗਮ, ਟੂਰ ਆਦਿ ਸੰਬੰਧੀ ਆਪਣੇ ਵਿਚਾਰਾਂ ਨੂੰ ਲਿੱਪੀਬੱਧ ਕਰਨ ਲਈ ਵੀ ਇਸ ਮੈਗਜ਼ੀਨ ਰਾਹੀਂ ਪ੍ਰੇਰਨਾ ਮਿਲਦੀ ਹੈ ।ਇਸ ਤੋਂ ਇਲਾਵਾ ਜੀਵਨ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧਾਂ ਨੂੰ ਵੀ ਇਸ ਮੈਗਜ਼ੀਨ ਵਿੱਚ ਥਾਂ ਦਿੱਤੀ ਜਾਂਦੀ ਹੈ। ਵੱਖ ਵੱਖ ਸੈਕਸ਼ਨ ਅਧਿਆਪਕ ਸੰਪਾਦਕਾਂ ਦੇ ਨਾਲ ਨਾਲ ਵਿਦਿਆਰਥੀਆਂ ਵਿੱਚੋਂ ਚੁਣੇ ਗਏ ਵਿਦਿਆਰਥੀ ਸੰਪਾਦਕਾਂ ਦੁਆਰਾ ਸੰਪਾਦਿਤ ਕੀਤੇ ਜਾਂਦੇ ਹਨ। ਵਿਦਿਆਰਥੀ ਸੰਪਾਦਕਾਂ ਦੀ ਅਗਵਾਈ ਮੁੱਖ ਸੰਪਾਦਕ ਕਰਦੇ ਹਨ । ਡਾ. ਬਲਦੇਵ ਸਿੰਘ, ਮੁਖੀ ਪੰਜਾਬੀ ਵਿਭਾਗ ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਦੀ ਜ਼ਿਮੇਵਾਰੀ ਨਿਭਾ ਰਹੇ ਹਨ।
P.T.A. (ਅਧਿਆਪਕ ਮਾਪੇ ਸੰਸਥਾ)
ਕਾਲਜ ਦੇ ਹਰ ਵਿਦਿਆਰਥੀ ਦੇ ਮਾਪੇ ਇਸ ਸੰਸਥਾ ਦੇ ਮੈਂਬਰ ਹੋਣਗੇ। ਹਰ ਸਾਲ 17 ਅਗਸਤ (ਛੁੱਟੀ ਹੋਣ ਦੀ ਹਾਲਤ ਵਿੱਚ ਅਗਲਾ ਕੰਮ ਕਾਰ ਦਾ ਦਿਨ) ਨੂੰ ਇਸ ਦੀ ਕਾਰਜਕਾਰੀ ਦੀ ਚੋਣ ਲਈ ਜਨਰਲ ਬਾਡੀ ਦੀ ਮੀਟਿੰਗ ਹੁੰਦੀ ਹੈ । ਕਾਰਜਕਾਰੀ ਦੀ ਮਿਆਦ 1 ਸਾਲ ਲਈ ਹੁੰਦੀ ਹੈ | ਪ੍ਰੋ. ਜੀ.ਐਸ. ਹਰੀਕਾ, ਮੁਖੀ ਇਤਿਹਾਸ ਵਿਭਾਗ, ਇਸ ਸੰਸਥਾ ਦੇ ਸਕੱਤਰ ਕਮ ਖਜਾਨਚੀ ਦੀ ਸੇਵਾ ਨਿਭਾ ਰਹੇ ਹਨ।
ਈਕੋ ਕਲੱਬ
ਕਾਲਜ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੁਕ ਕਰਨ ਲਈ ਕਾਲਜ ਵਿੱਚ ਈਕੋ ਕਲੱਬ ਦੀ ਸਥਾਪਨਾ ਕੀਤੀ ਗਈ ਹੈ। ਇੰਚਾਰਜ਼ ਡਾ. ਰਾਜਿੰਦਰ ਸਿੰਘ ਦੀ ਸਰਪ੍ਰਸਤੀ ਅਧੀਨ ਡਾ. ਰਣਜੀਤ ਸਿੰਘ (ਇੰਚਾਰਜ) ਇਸ ਕਲੱਬ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਨ। ਇਸ ਕਲੱਬ ਦਾ ਮਕਸਦ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦੀ ਸੁੰਦਰਤਾ ਅਤੇ ਸਫਾਈ ਨੂੰ ਬਣਾਈ ਰੱਖਣ ਦੇ ਨਾਲਨਾਲ ਸਮਾਜ ਵਿੱਚ ਵੀ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਕਰਨ ਲਈ ਜਾਗਰੂਕ ਕਰਨਾ ਹੈ। ਪਿਛਲੇ ਸੈਸ਼ਨ ਦੌਰਾਨ ਈਕੋ ਕਲੱਬ ਅਧੀਨ ਕਾਲਜ ਦੀ ਸੁੰਦਰਤਾ ਵਧਾਉਣ ਲਈ ਰੁੱਖ ਅਤੇ ਫੁੱਲ ਬੂਟੇ ਲਗਾਉਣ ਤੋਂ ਇਲਾਵਾ ਵਾਤਾਵਰਨ ਚੇਤਨਾ ਰੈਲੀ ਵੀ ਕੱਢੀ ਗਈ ਹੈ।
ਰੈੱਡ ਕਰਾਸ ਯੂਨਿਟ
ਇਸ ਸੈਸ਼ਨ (2016-17) ਤੋਂ ਕਾਲਜ ਵਿਚ ਵਿਦਿਆਰਥੀਆਂ ਦਾ ਰੈੱਡ ਕਰਾਸ ਯੂਨਿਟ ਸ਼ੁਰੂ ਕੀਤਾ ਗਿਆ ਜਿਸ ਵਿੱਚ 100 ਵਲੰਟੀਅਰ (50 ਲੜਕੇ ਅਤੇ 50 ਲੜਕੀਆਂ) ਨੂੰ ਭਰਤੀ ਕੀਤਾ ਗਿਆ। ਵਲੰਟੀਅਰਾਂ ਨੂੰ ਸਮੇਂਸਮੇਂ ਸਿਰ ਟਰੇਨਿੰਗ ਦੇ ਕੇ ਇਸ ਕਾਬਲ ਬਣਾਇਆ ਜਾਂਦਾ ਹੈ ਕਿ ਕਿਸੇ ਘਟਨਾ/ ਦੁਰਘਟਨਾ ਨੂੰ ਨਜਿਠਣ ਵਿੱਚ ਸਫ਼ਲ ਹੋ ਸਕਣ। ਵਲੰਟੀਅਰਾਂ ਦਾ ਸੱਤ ਰੋਜਾ ਫਸਟ ਏਡ ਟਰੇਨਿੰਗ ਕੈਂਪ ਵੀ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਜਿਲ੍ਹਾ ਰੈਡ ਕਰਾਸ ਸੋਸਾਇਟੀ, ਪਟਿਆਲਾ ਤੋਂ ਆਈ ਟੀਮ ਨੇ ਇੱਕ ਹਫ਼ਤੇ ਦੀ ਟਰੇਨਿੰਗ ਦੇ ਕੇ 100 ਵਲੰਟੀਅਰਾਂ ਨੂੰ ਟਰੇਂਡ ਕੀਤਾ।
ਕੰਪੀਟੇਟਿਵ ਟਰੇਨਿੰਗ ਸੈੱਲ
ਕਾਲਜ ਦੇ ਵਿਦਿਆਰਥੀਆਂ ਲਈ ਕੰਪੀਟੇਟਿਵ ਸੈੱਲ ਬਣਾਇਆ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਬੇਸਿਕ ਮੈਥੇਮੈਟਿਕਸ, ਰਿਜ਼ੀਨਿੰਗ, ਜਰਨਲ ਇੰਗਲਿਸ਼, ਜਨਰਲ ਅਵੇਅਰਨੈਸ, ਬੇਸਿਕ ਕੰਪਿਊਟਰ ਟਰੇਨਿੰਗ ਆਦਿ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਲਈ ਕਾਲਜ ਵਿੱਚ ਸਪੋਕਨ ਟਿਟੋਰੀਅਲ ਸਾਫ਼ਟਵੇਅਰ ਪ੍ਰੋਗਰਾਮ, ਆਈ.ਆਈ.ਟੀ., ਮੁੰਬਈ ਅਧੀਨ ਚਲਾਇਆ ਜਾ ਰਿਹਾ ਹੈ ਤਾਂ ਕਿ ਉਹ ਕੰਪੀਟੇਟਿਵ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ। ਪਿ੍ਰੰਸੀਪਲ/ਇੰਚਾਰਜ਼ ਡਾ. ਰਾਜਿੰਦਰ ਸਿੰਘ ਦੀ ਸਰਪ੍ਰਸਤੀ ਅਤੇ ਪ੍ਰੋ. ਰਮਨਪ੍ਰੀਤ ਸਿੰਘ (ਇੰਚਾਰਜ਼) ਅਧੀਨ ਇਹ ਪ੍ਰੋਗਰਾਮ ਸਫ਼ਲਤਾ ਪੂਰਵਕ ਚਲ ਰਿਹਾ ਹੈ।
ਲਾਇਬ੍ਰੇਰੀ
ਕਾਲਜ ਵਿਚ ਇੱਕ ਨਿਵੇਕਲੀ ਖੁੱਲੀ ਲਾਇਬ੍ਰੇਰੀ ਹੈ ਜਿਸ ਵਿੱਚ ਵੱਖ- ਵੱਖ ਵਿਸ਼ਿਆਂ ਦੀਆਂ ਕਿਤਾਬਾਂ ਅਤੇ ਰਸਾਲੇ, ਅਖਬਾਰ ਮੁਹਇਆ ਹਨ| ਇੱਕ ਵੱਡਾ ਰੀਡਿੰਗ ਹਾਲ ਅਤੇ ਪਾਠਕਾਂ ਦੇ ਬੈਠਣ ਦਾ ਵਧੀਆ ਪ੍ਰਬੰਧ ਹੈ|
Photo Gallery