Accredited with CGPA of 3.37 on four point scale at "A+" grade by NAAC

ਆਗਾਮੀ ਸੈਮੀਨਾਰ/ ਸਮਾਗਮ
ਸੈਮੀਨਾਰ/ ਸਮਾਗਮਾਂ ਦਾ ਆਯੋਜਨ
ਫੋਟੋ ਗੈਲਰੀ
ਪ੍ਰੈਸ ਰਿਲੀਜ
  • ਪਟਿਆਲਾ, 2 ਅਗਸਤ : ਪੰਜਾਬੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਹੋਸਟਲ ਵਿੱਚ ਸਮੂਹ ਵਿਦਿਆਰਥੀਆਂ ਨੇ 'ਤੀਆਂ ਤੀਜ ਦੀਆਂ' ਸਿਰਲੇਖ ਤਹਿਤ ਤੀਆਂ ਦਾ ਤਿਉਹਾਰ ਮਨਾਇਆ। ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਅਤੇ ਸੀਨੀਅਰ ਵਾਰਡਨ ਲਾਭ ਕੌਰ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਸਾਉਣ ਮਹੀਨੇ ਦੀ ਮਹੱਤਤਾ ਨੂੰ ਦਰਸਾਉਂਦੀਆਂ ਬੋਲੀਆਂ, ਗੀਤ ਅਤੇ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ਼ ਸਮਾਗਮ ਵਿੱਚ ਰੰਗ ਬੰਨ੍ਹਿਆ।
  • ਪਟਿਆਲਾ, 1 ਅਗਸਤ ਪੰਜਾਬੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਦੇ ਪ੍ਰੋਫ਼ੈਸਰ ਡਾ. ਰੀਤੂ ਲਹਿਲ ਨੇ ਡੀਨ ਖੋਜ ਵਜੋਂ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮਿਨੀ ਸਿੰਘ ਨੇ ਐਸੋਸੀਏਟ ਡੀਨ ਖੋਜ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਉਨ੍ਹਾਂ ਦੋਹੇਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਸ ਅਹੁਦੇ ਉੱਤੇ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
  • ਪਟਿਆਲਾ, 1 ਅਗਸਤ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਮਹਾਕਵੀ ਗੋਸਵਾਮੀ ਤੁਲਸੀਦਾਸ ਅਤੇ ਕਥਾ ਸਮਰਾਟ ਮੁਨਸ਼ੀ ਪ੍ਰੇਮਚੰਦ ਦੀ ਜਯੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਸਾਬਕਾ ਅਧਿਆਪਕ ਡਾ. ਰਵੀ ਕੁਮਾਰ ਅਨੂ, ਡਾ. ਸੁਖਵਿੰਦਰ ਕੌਰ ਬਾਠ ਅਤੇ ਡਾ. ਰਵੀ ਦੱਤ ਕੋਸ਼ਿਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਮੁਖੀ ਡਾ. ਨੀਤੂ ਕੌਸ਼ਲ ਵੱਲੋਂ ਦਿੱਤੇ ਗਏ ਸਵਾਗਤੀ ਭਾਸ਼ਣ ਨਾਲ਼ ਹੋਈ। ਡਾ. ਰਵੀ ਕੁਮਾਰ ਅਨੂ ਨੇ ਮੁਨਸ਼ੀ ਪ੍ਰੇਮਚੰਦ ਦੇ ਕਥਾ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਨੂੰ ਸਪਸ਼ਟ ਕਰਦਿਆਂ ਉਨ੍ਹਾਂ ਨੂੰ ਪੰਚਤੰਤਰ ਅਤੇ ਹਿਤੋਪਦੇਸ਼ ਦੀ ਅਗਲੀ ਕੜੀ ਦੱਸਿਆ। ਉਨ੍ਹਾਂ ਨੇ ਪ੍ਰੇਮਚੰਦ ਨੂੰ ਵਿਸ਼ਵ ਦੇ ਉੱਚ ਕੋਟੀ ਦੇ ਸਾਹਿਤਕਾਰਾਂ ਵਿੱਚ ਸ਼ੁਮਾਰ ਕਰਦਿਆਂ ਉਨ੍ਹਾਂ ਨੂੰ ਭਾਰਤੀ ਕਿਸਾਨ ਵਰਗ ਦਾ ਮਸੀਹਾ ਕਰਾਰ ਦਿੱਤਾ।
  • ਪਟਿਆਲਾ, 1 ਅਗਸਤ ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ ਨੇ ਬੀ. ਫਾਰਮੇਸੀ ਪਹਿਲੇ ਸਾਲ ਦੇ ਨਵੇਂ ਵਿਦਿਆਰਥੀਆਂ ਲਈ ਦੋ-ਦਿਨਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ। ਵਿਭਾਗ ਮੁਖੀ ਡਾ. ਯੋਗਿਤਾ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਭਾਗ, ਅਕਾਦਮਿਕ ਮਾਹੌਲ ਅਤੇ ਫਾਰਮਾਸਿਊਟੀਕਲ ਸਾਇੰਸਜ਼ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ। ਮੁਖੀ ਡਾ. ਯੋਗਿਤਾ ਬਾਂਸਲ ਨੇ 'ਵਿਭਾਗ ਬਾਰੇ' ਸੈਸ਼ਨ ਨਾਲ ਸ਼ੁਰੂਆਤ ਕੀਤੀ। ਡਾ. ਸੁਰੇਸ਼ ਕੁਮਾਰ ਅਤੇ ਪ੍ਰੋ. ਰਿਚਾ ਸ਼ਰੀ ਵੱਲੋਂ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ। ਪ੍ਰੋ. ਗੁਲਸ਼ਨ ਬਾਂਸਲ ਨੇ ਮੁਲਾਂਕਣ ਪ੍ਰਣਾਲੀ ਅਤੇ ਯੂਨੀਵਰਸਿਟੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
  • Patiala, July 31 A research paper by Prof. Sanjiv Puri and his Ph.D. student Mr. Harpreet Singh from the Department of Physics, Punjabi University, Patiala, has been selected for presentation at the prestigious Denver X-Ray Conference (DXC-2025), scheduled for August 4-8, 2025, in Rockville, Maryland, USA. Prof. Sanjiv Puri, who is currently working as Registrar as well, told that the paper, focused on experimental investigations of fundamental atomic parameters related to X-ray emission in heavy elements using Synchrotron radiation, highlights cutting-edge advancements in X-ray science.
  • ਪਟਿਆਲਾ, 31 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਡਾ. ਸੰਜੀਵ ਪੁਰੀ ਅਤੇ ਉਨ੍ਹਾਂ ਦੇ ਪੀ-ਐੱਚ.ਡੀ. ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਲਿਖਿਆ ਗਿਆ ਇੱਕ ਖੋਜ ਪੇਪਰ ਅਮਰੀਕਾ ਵਿੱਚ ਹੋ ਰਹੀ ਡੈਨਵਰ ਐਕਸ-ਰੇਅ ਕਾਨਫ਼ਰੰਸ ਵਿੱਚ ਪੇਸ਼ਕਾਰੀ ਲਈ ਚੁਣਿਆ ਗਿਆ ਹੈ। ਇਹ ਕਾਨਫ਼ਰੰਸ 4-8 ਅਗਸਤ, 2025 ਨੂੰ ਅਮਰੀਕਾ ਦੇ ਮੈਰੀਲੈਂਡ ਵਿੱਚ ਰੌਕਵਿਲ ਵਿਖੇ ਹੋ ਰਹੀ ਹੈ। ਪ੍ਰੋਫ਼ੈਸਰ ਸੰਜੀਵ ਪੁਰੀ, ਜੋ ਵਰਤਮਾਨ ਸਮੇਂ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਹ ਖੋਜ-ਪੱਤਰ ਸਿੰਕ੍ਰੋਟਰੋਨ ਰੇਡੀਏਸ਼ਨ ਦੀ ਵਰਤੋਂ ਕਰ ਕੇ ਭਾਰੀ ਤੱਤਾਂ ਵਿੱਚ ਐਕਸ-ਰੇਅ ਨਿਕਾਸ ਨਾਲ਼ ਸਬੰਧਤ ਮੁੱਢਲੇ ਪਰਮਾਣੂ ਪੈਰਾਮੀਟਰਾਂ ਦੀ ਪ੍ਰਯੋਗਾਤਮਕ ਜਾਂਚ 'ਤੇ ਕੇਂਦਰਿਤ ਹੈ, ਜੋ ਕਿ ਐਕਸ-ਰੇਅ ਵਿਗਿਆਨ ਦੇ ਖੇਤਰ ਵਿੱਚ ਅਤਿ-ਆਧੁਨਿਕ ਪ੍ਰਗਤੀ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਖੁਸ਼ੀ ਅਤੇ ਮਾਣ ਵਾਲ਼ੀ ਗੱਲ ਹੈ ਕਿ ਇਸ ਪ੍ਰਸਿੱਧ ਅਤੇ ਵੱਕਾਰੀ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਭਾਗੀਦਾਰੀ ਅਤੇ ਪੇਪਰ ਪੇਸ਼ਕਾਰੀ ਲਈ ਖੋਜਾਰਥੀ ਹਰਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਕੀਮ ਅਧੀਨ ਫੰਡਿੰਗ ਵੀ ਕੀਤੀ ਜਾ ਰਹੀ ਹੈ।
  • ਪਟਿਆਲਾ, 30 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ 'ਪੰਜਾਬੀ' ਪ੍ਰੋਫੈਸਰ ਗੁਰਦਿਆਲ ਸਿੰਘ ਚੇਅਰ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਵਾਈਸ -ਚਾਂਸਲਰ ਡਾ. ਜਗਦੀਪ ਸਿੰਘ ਦੇ ਆਦੇਸ਼ਾਂ ਅਨੁਸਾਰ ਡਾ. 'ਪੰਜਾਬੀ' ਆਪਣੇ ਵਿਭਾਗ ਦੇ ਮੁਖੀ ਦੇ ਨਾਲ਼ ਨਾਲ਼ ਹੁਣ ਚੇਅਰ ਦੇ ਮੁਖੀ ਵਜੋਂ ਵੀ ਜ਼ਿੰਮੇਵਾਰੀ ਨਿਭਾਉਣਗੇ। ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਉਹ ਨੇੜ- ਭਵਿੱਖ ਵਿੱਚ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸਾਹਿਤਕ ਕਾਰਜਾਂ ਬਾਰੇ ਮਹੱਤਵਪੂਰਨ ਸਮਾਗਮਾਂ/ਸੈਮੀਨਾਰਾਂ ਰਾਹੀਂ ਇਸ ਚੇਅਰ ਦੇ ਕਾਰਜਾਂ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਭਰਪੂਰ ਕੋਸ਼ਿਸ਼ ਕਰਨਗੇ ਤਾਂ ਜੋ ਗਿਆਨ ਪੀਠ ਪੁਰਸਕਾਰ ਵਿਜੇਤਾ ਪ੍ਰੋ. ਗੁਰਦਿਆਲ ਸਿੰਘ ਦੀ ਲੇਖਣੀ ਦੇ ਹੋਰ ਅਨੇਕ ਲੁਕੇ ਹੋਏ ਪੱਖ ਵੀ ਸਾਹਮਣੇ ਲਿਆਂਦੇ ਜਾ ਸਕਣ।
  • ਪਟਿਆਲਾ, 29 ਜੁਲਾਈ ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨੌਲਜੀ, ਮੋਹਾਲੀ ਵਿਖੇ ਐੱਮ.ਬੀ.ਏ. ਅਤੇ ਬੀ.ਟੈਕ. (ਕੰਪਿਊਟਰ ਸਾਇੰਸ) ਕੋਰਸ ਵਿਦਿਆਰਥੀਆਂ ਦੇ ਨਵੇਂ ਬੈਚ ਦਾ ਸਵਾਗਤ ਕਰਨ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਅਮਨਦੀਪ ਵਰਮਾ ਨੇ ਸਵਾਗਤੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਨਵੇਂ ਸਫ਼ਰ ਵਿੱਚ ਉਤਸ਼ਾਹ, ਅਨੁਸ਼ਾਸ਼ਨ ਅਤੇ ਨਵੀਨਤਾ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਸਿਵਿੰਦਰ ਫੂਲਕਾ ਨੇ ਕੈਰੀਅਰ ਯੋਜਨਾ ਦੇ ਲਿਹਾਜ਼ ਨਾਲ਼ ਅੱਜ ਦੇ ਗਤੀਸ਼ੀਲ ਸੰਸਾਰ ਵਿੱਚ ਵਿੱਦਿਅਕ ਵਿਸ਼ਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਕੋਰਸ ਦੀਆਂ ਹੱਦਾਂ ਤੋਂ ਅੱਗੇ ਜਾਣ ਦੀ ਲੋੜ ਹੈ।
  • Patiala, July 28: Parneet Kaur, an archer from Punjabi University, has achieved a remarkable hat-trick of medals at the World University Games held in Germany. She won a gold medal in the mixed doubles category, a silver medal in the women’s compound singles category, and a bronze medal in the women's team event. Vice-Chancellor Dr. Jagdeep Singh congratulated Parneet Kaur, her coach Mr. Surinder Singh Randhawa, and the entire sports department for this outstanding achievement. He expressed pride in Parneet's performance and stated that Punjabi University has a rich legacy in sports. He assured that the University will make every possible effort to further promote excellence in the field by creating a supportive environment for players.
  • ਪਟਿਆਲਾ, 28 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਜਰਮਨੀ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਤਿੰਨੇ ਰੰਗਾਂ ਦੇ ਤਗ਼ਮੇ ਪ੍ਰਾਪਤ ਕਰਦਿਆਂ ਹੈਟ੍ਰਿਕ ਲਗਾਈ ਹੈ। ਪ੍ਰਨੀਤ ਕੌਰ ਨੇ ਮਿਕਸਡ ਡਬਲਜ਼ ਸ਼੍ਰੇਣੀ ਵਿੱਚ ਸੋਨ ਤਗ਼ਮਾ ਅਤੇ ਮਹਿਲਾ ਕੰਪਾਊਂਡ ਸਿੰਗਲ ਸ਼੍ਰੇਣੀ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ। ਉਸ ਨੇ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਨੀਤ ਕੌਰ, ਕੋਚ ਸ੍ਰ. ਸੁਰਿੰਦਰ ਸਿੰਘ ਰੰਧਾਵਾ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਇਸ ਹੋਣਹਾਰ ਤੀਰਅੰਦਾਜ਼ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੇ ਸ਼ਾਨਦਾਰ ਇਤਿਹਾਸ ਦੀ ਲਗਾਤਾਰਤਾ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਲੋੜੀਂਦੇ ਮਾਹੌਲ ਦੀ ਸਿਰਜਣਾ ਬਾਬਤ ਹਰ ਸੰਭਵ ਯਤਨ ਕੀਤੇ ਜਾਣਗੇ।
  • ਪਟਿਆਲਾ, 28 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਆਰੰਭ ਹੋ ਗਈ ਹੈ। ਇਸ ਲੜੀ ਤਹਿਤ ‘ਸ਼ਹਾਦਤ ਦਾ ਸੰਕਲਪ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ’ ਵਿਸ਼ੇ ’ਤੇ ਪਲੇਠਾ ਭਾਸ਼ਣ ਕਰਵਾਇਆ ਗਿਆ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਏ ਇਸ ਪ੍ਰੋਗਰਾਮ ਬਾਰੇ ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਭਾਸ਼ਣ ਸਨੀ ਓਬਰਾਏ ਵਿਵੇਕ ਸਦਨ, ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਆਨੰਦਪੁਰ ਸਾਹਿਬ ਦੇ ਉਪ-ਕੁਲਪਤੀ ਪ੍ਰੋ.ਸਰਬਜਿੰਦਰ ਸਿੰਘ ਵੱਲੋਂ ਦਿੱਤਾ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਸ 350ਵੇਂ ਸ਼ਹੀਦੀ ਵਰ੍ਹੇ ਨੂੰ ਇੱਕ ਲੜੀ ਦੇ ਰੂਪ ਵਿੱਚ ਮਨਾ ਰਹੇ ਹਾਂ। ਉਨ੍ਹਾਂ ਇਸ ਲੜੀ ਦੇ ਪਲੇਠੇ ਸਮਾਗਮ ਨੂੰ ਵਿਉਂਤਣ ਅਤੇ ਆਯੋਜਿਤ ਕਰਨ ਲਈ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਮੁਖੀ ਡਾ. ਪਰਮਿੰਦਰਜੀਤ ਕੌਰ ਦੀ ਸ਼ਲਾਘਾ ਕੀਤੀ।
  • ਪਟਿਆਲਾ, 25 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਇੰਪਲਾਈਜ਼ ਯੂਨਿਟੀ ਫਰੰਟ, ਮਹਿਲਾ ਵਿੰਗ ਵੱਲੋਂ ਕਲਾ ਭਵਨ ਵਿਖੇ 'ਤੀਆਂ ਦੀਆਂ ਰੌਣਕਾਂ' ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ, ਸੰਮੀ, ਝੂੰਮਰ, ਕਿੱਕਲੀ, ਲੋਕ ਗੀਤ, ਲੋਕ ਬੋਲੀਆਂ ਆਦਿ ਦੀ ਪੇਸ਼ਕਾਰੀ ਹੋਈ। ਪੰਜਾਬ ਸਰਕਾਰ ਤੋਂ ਕੈਬਨਿਟ ਮੰਤਰੀ ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ, ਜਗਰਾਉਂ ਵਿਧਾਨ ਸਭਾ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਨਾਭਾ ਤੋਂ ਵਿਧਾਇਕ ਗੁਰਦੇਵ ਦੇਵ ਮਾਨ, ਬਠਿੰਡਾ ਦਿਹਾਤੀ ਤੋਂ ਵਿਧਾਇਕ ਸ੍ਰੀ ਅਮਿਤ ਰਤਨ ਤੋਂ ਇਲਾਵਾ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਰਮਪਤਨੀ ਸ੍ਰੀਮਤੀ ਸਿਮਰਨਜੀਤ ਕੌਰ ਪਠਾਣਮਾਜਰਾ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਦੇ ਧਰਮ ਪਤਨੀ ਸ੍ਰੀਮਤੀ ਸ਼ਮਿੰਦਰ ਕੌਰ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ।
  • ਪਟਿਆਲਾ, 23 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਵਿੱਦਿਅਕ ਸੈਸ਼ਨ 2025-26 ਦੀ ਸ਼ੁਰੂਆਤ ਨੂੰ ਮੁੱਖ ਰਖਦਿਆਂ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੀ ਸ਼ਾਮਿਲ ਹੋਏ। ਕੈਂਪਸ ਵਿਚਲੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕੈਂਪਸ ਅੰਦਰ ਰਹਿੰਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਦੀ ਫੁਟਬਾਲ ਟੀਮ ਵੱਲੋਂ ਕਰਵਾਏ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਮੌਕੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਲਾਈਫ਼ ਕੇਅਰ ਫਾਊਂਡੇਸ਼ਨ, ਪਟਿਆਲਾ ਵੱਲੋਂ ਮੈਡੀਕਲ ਚੈੱਕ-ਅਪ ਕੈਂਪ ਵੀ ਲਗਾਇਆ ਗਿਆ। ਕੈਂਪ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਮੁਫ਼ਤ ਟੈਸਟ ਵੀ ਕੀਤੇ ਗਏ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ, ਸਹਾਇਕ ਡਾਇਰੈਕਟਰ ਸ੍ਰ. ਦਲਬੀਰ ਸਿੰਘ ਰੰਧਾਵਾ, ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਡਾ. ਸੁਖਵਿੰਦਰ ਸਿੰਘ, ਜਸਵੀਰ ਸਿੰਘ ਜਵੱਦੀ ਆਦਿ ਹਾਜ਼ਰ ਰਹੇ।
  • Patiala, July 22: Today, renowned entrepreneur, philanthropist, and founder of the Sarbat Da Bhala Charitable Trust, S. P. Singh Oberoi, met with the Vice-Chancellor of Punjabi University, Dr. Jagdeep Singh, along with other university officials. During the meeting, various possibilities for the advancement and development of Punjabi University were discussed.
  • ਪਟਿਆਲਾ, 22 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਉੱਘੇ ਕਾਰੋਬਾਰੀ, ਸਮਾਜ ਸੇਵੀ ਅਤੇ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਦੇ ਸੰਸਥਾਪਕ ਸ੍ਰ. ਐੱਸ. ਪੀ. ਸਿੰਘ ਓਬਰਾਇ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ਼ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਬਿਹਤਰੀ ਦੀਆਂ ਵੱਖ-ਵੱਖ ਸੰਭਾਵਨਾਵਾਂ ਦੇ ਹਵਾਲੇ ਨਾਲ਼ ਗੱਲ ਹੋਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਗਈ ਮਦਦ ਬਾਰੇ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੀ ਮਦਦ ਜਾਰੀ ਰੱਖਣ ਦੀ ਇੱਛਾ ਜਤਾਈ। ਡਾ. ਜਗਦੀਪ ਸਿੰਘ ਨੇ ਸ੍ਰ. ਐੱਸ. ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿੱਤੀ ਮਦਦ ਰਾਹੀਂ ਪਾ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
  • Patiala, July 20, 2025: A study conducted by Punjabi University has analyzed the legal framework concerning noise pollution in India. Conducted by researcher Dr. Navwinder Singh under the supervision of Prof. Monica Chawla in the Law Department, the study has revealed significant findings from a legal perspective. Dr. Navwinder Singh stated that the study highlights that constitutional provisions and specific laws related to noise pollution have not clearly defined the nature of offenses related to noise, nor have they adequately clarified jurisdictional authority. The study also found that the penalties prescribed under existing laws are insufficient. It recommends that these laws should be strengthened with appropriate measures, and a specific act to control noise pollution in India should be enacted.
  • ਪਟਿਆਲਾ, 20 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਇੱਕ ਅਧਿਐਨ ਰਾਹੀਂ ਭਾਰਤ ਵਿੱਚ ਸ਼ੋਰ ਪ੍ਰਦੂਸ਼ਣ ਨਾਲ਼ ਸਬੰਧਤ ਕਾਨੂੰਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕਾਨੂੰਨ ਵਿਭਾਗ ਦੇ ਖੋਜਾਰਥੀ ਡਾ. ਨਵਵਿੰਦਰ ਸਿੰਘ ਵੱਲੋਂ ਪ੍ਰੋ. ਮੋਨਿਕਾ ਚਾਵਲਾ ਦੀ ਨਿਗਰਾਨੀ ਹੇਠ ਕੀਤੇ ਗਏ ਇਸ ਅਧਿਐਨ ਰਾਹੀਂ ਕਨੂੰਨੀ ਪੱਖ ਤੋਂ ਅਹਿਮ ਨਤੀਜੇ ਸਾਹਮਣੇ ਆਏ ਹਨ। ਖੋਜਾਰਥੀ ਡਾ. ਨਵਵਿੰਦਰ ਸਿੰਘ ਨੇ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਸੰਵਿਧਾਨ ਦੇ ਉਪਬੰਧਾਂ ਅਤੇ ਸ਼ੋਰ ਪ੍ਰਦੂਸ਼ਣ ਨਾਲ ਸਬੰਧਤ ਵਿਸ਼ੇਸ਼ ਕਾਨੂੰਨਾਂ ਨੇ ਸ਼ੋਰ ਵਿਰੁੱਧ ਅਪਰਾਧ ਦੀ ਪ੍ਰਕਿਰਤੀ ਨੂੰ ਸਪਸ਼ਟ ਰੂਪ ਵਿੱਚ ਘੋਸ਼ਿਤ ਨਹੀਂ ਕੀਤਾ ਹੋਇਆ ਹੈ ਅਤੇ ਇਸ ਸਬੰਧੀ ਅਧਿਕਾਰ ਖੇਤਰ ਬਾਰੇ ਵੀ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਸਬੰਧਤ ਕਾਨੂੰਨਾਂ ਰਾਹੀਂ ਦਿੱਤੀ ਜਾ ਸਕਣ ਵਾਲ਼ੀ ਸਜ਼ਾ ਵੀ ਨਾਕਾਫ਼ੀ ਹੈ। ਉਨ੍ਹਾਂ ਕਿਹਾ ਕਿ ਅਧਿਐਨ ਰਾਹੀਂ ਸੁਝਾਇਆ ਗਿਆ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਢੁਕਵੇਂ ਉਪਾਵਾਂ ਨਾਲ਼ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਐਕਟ ਵੀ ਬਣਾਇਆ ਜਾਣਾ ਚਾਹੀਦਾ ਹੈ।
  • ਪਟਿਆਲਾ, 18 ਜੁਲਾਈ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੂਲ ਅਧਿਆਪਕਾਂ ਦੀ ਦੋ ਦਿਨਾ ਸਿਖਲਾਈ ਸਬੰਧੀ ਸਮਾਗਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਤੋੰ ਪ੍ਰੋ. ਮਮਤਾ ਸ਼ਰਮਾ, ਪ੍ਰੋ. ਮਨਦੀਪ ਕੌਰ, ਡਾ. ਰੂਬੀ ਗੁਪਤਾ ਅਤੇ ਡਾ. ਕਮਲਪ੍ਰੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦਰਗੜ੍ਹ ਅਤੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਇਨ੍ਹਾਂ ਸਿਖਲਾਈ ਸਮਾਗਮਾਂ ਵਿੱਚ ਮਾਹਿਰ ਵਜੋਂ ਸੱਦਾ ਦਿੱਤਾ ਗਿਆ। ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਦੇ ਮੁੱਖ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਤਾਂ ਜੋ ਸਕੂਲ ਅਧਿਆਪਕਾਂ ਨੂੰ ਲੋੜੀਂਦੇ ਹੁਨਰਾਂ ਅਤੇ ਖਾਸ ਗਿਆਨ ਨਾਲ ਲੈਸ ਕੀਤਾ ਜਾ ਸਕੇ। ਅਜਿਹਾ ਹੋਣ ਨਾਲ਼ ਹੀ ਉਹ ਨਸ਼ੇ ਦੀ ਵਰਤੋਂ ਸਬੰਧੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿ ਸਕਦੇ ਹਨ।
  • ਪਟਿਆਲਾ, 18 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਬੀਬੀ ਸਾਹਿਬ ਕੌਰ ਹੋਸਟਲ ਵਿੱਚ ਵਿਦਿਆਰਥੀ ਲੜਕੀਆਂ ਵੱਲੋਂ ਆਪਣੇ ਪੱਧਰ ਉੱਤੇ ਮਦਦ ਜੁਟਾ ਕੇ ਤਿਆਰ ਕੀਤੇ ਗਏ ਨਵੇਂ ਮਹਿਮਾਨ ਕਮਰੇ ਦਾ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਸਟਲ ਦੀਆਂ ਵਿਦਿਆਰਥਣਾਂ ਜਸਨੀਤ ਕੌਰ (ਕਾਮਰਸ ਵਿਭਾਗ), ਗਗਨ ਬਰਾੜ (ਬਨਸਪਤੀ ਵਿਭਾਗ) ਅਤੇ ਗੁਰਵਰਿੰਦਰ ਕੌਰ (ਬਨਸਪਤੀ ਵਿਭਾਗ ) ਨੇ ਆਪਣੇ ਹੋਸਟਲ ਲਈ ਕੁਝ ਵਧੀਆ ਕਰਨ ਦੀ ਇੱਛਾ ਨਾਲ਼ ਅਜਿਹਾ ਕਦਮ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਆਪਣੇ ਥੀਸਿਸ ਜਮ੍ਹਾਂ ਕਰਵਾਉਣ ਤੋਂ ਬਾਅਦ, ਵਿਦਿਆਰਥਣਾਂ ਨੇ ਆਪਣੇ ਹੋਸਟਲ ਦੀ ਸੀਨੀਅਰ ਵਾਰਡਨ ਮੈਡਮ ਹਰਪ੍ਰੀਤ ਕੌਰ ਨਾਲ ਮਿਲ ਕੇ ਮਹਿਮਾਨ ਕਮਰਾ ਤਿਆਰ ਕਰਨ ਦਾ ਵਿਚਾਰ ਕੀਤਾ ਅਤੇ ਇੱਥੇ ਟਾਈਲ ਲਗਵਾਉਣ ਤੋਂ ਲੈ ਕੇ ਫਰਨੀਚਰ ਆਦਿ ਤੱਕ ਦਾ ਆਪਣੇ ਪੱਧਰ ਉੱਤੇ ਇੰਤਜ਼ਾਮ ਕਰਦਿਆਂ ਇਸ ਕੰਮ ਨੂੰ ਨੇਪਰੇ ਚੜ੍ਹਿਆ।
  • ਪਟਿਆਲਾ, 16 ਜੁਲਾਈ ਕੈਨੇਡਾ ਦੇ ਸਰ੍ਹੀ ਨਾਲ਼ ਸਬੰਧਤ ਅਦਾਰੇ 'ਪੰਜਾਬ ਭਵਨ' ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਨਾਲ਼ ਵਿਸ਼ੇਸ਼ ਤੌਰ ਉੱਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਹਵਾਲੇ ਨਾਲ਼ ਦੋਹੇਂ ਅਦਾਰਿਆਂ ਦੀ ਆਪਸੀ ਸਾਂਝ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਇਸ ਪੱਖੋਂ ਵੱਖ-ਵੱਖ ਗਤੀਵਿਧੀਆਂ ਉਲੀਕੇ ਜਾਣ ਹਿਤ ਵਿਚਾਰ-ਚਰਚਾ ਹੋਈ।
  • ਪਟਿਆਲਾ, 16 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪ੍ਰੋ. ਮਮਤਾ ਸ਼ਰਮਾ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਨੂੰ ਇੱਕ ਸਾਲ ਲਈ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਜਿ਼ਕਰਯੋਗ ਹੈ ਕਿ ਪ੍ਰੋ. ਮਮਤਾ ਸ਼ਰਮਾ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਹਨ ਅਤੇ ਕੋਆਰਡੀਨੇਟਰ ਐੱਨ. ਐੱਸ. ਐੱਸ. ਸਮੇਤ ਵੱਖ-ਵੱਖ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਉਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਨਸ਼ਾ ਵਿਰੋਧੀ ਪ੍ਰਾਜੈਕਟਾਂ ਅਤੇ ਮੁਹਿੰਮਾਂ ਨਾਲ਼ ਵੀ ਮਾਹਿਰ ਵਜੋਂ ਜੁੜੇ ਰਹੇ ਹਨ।
  • ਪਟਿਆਲਾ, 15 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਮਾਈ ਭਾਗੋ ਹੋਸਟਲ ਵਿੱਚ ਰੋਟਰੀ ਕਲੱਬ ਪਟਿਆਲਾ ਵੱਲੋਂ 'ਵਾਟਰ ਕੂਲਰ ਕਮ ਫਿ਼ਲਟਰ' ਮੁਹੱਈਆ ਕਰਵਾਇਆ ਗਿਆ ਹੈ। ਯੂਨੀਵਰਸਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਐੱਨ. ਐੱਸ. ਐੱਸ. ਵਿਭਾਗ ਰਾਹੀਂ ਇਹ ਵਾਟਰ ਕੂਲਰ ਹੋਸਟਲ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹੋਸਟਲ ਵਿੱਚ ਇਸ ਵਾਟਰ ਕੂਲਰ ਦਾ ਉਦਘਾਟਨ ਕੀਤਾ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਬਦੌਲਤ ਹੋਸਟਲ ਦੀਆਂ ਕੁੜੀਆਂ ਨੂੰ ਸਾਫ਼ ਅਤੇ ਠੰਡਾ ਪਾਣੀ ਪੀਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਤੰਦਰੁਸਤੀ ਦੇ ਲਿਹਾਜ਼ ਨਾਲ਼ ਸਾਫ਼ ਪਾਣੀ ਦੀ ਬਹੁਤ ਜਿ਼ਆਦਾ ਅਹਿਮੀਅਤ ਹੁੰਦੀ ਹੈ।
  • ਪਟਿਆਲਾ, 15 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਖੇਡ ਡਾਇਰੈਕਟੋਰੇਟ ਦੀ 'ਸਪੋਰਟਸ ਕਮੇਟੀ' ਦਾ ਜਨਰਲ ਇਜਲਾਸ ਕਰਵਾਇਆ ਗਿਆ ਜਿਸ ਵਿੱਚ ਖੇਡਾਂ ਦੇ ਖੇਤਰ ਨਾਲ਼ ਜੁੜੇ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ ਨੂੰ ਬਹਾਲ ਰੱਖੇ ਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਵਿੱਤੀ ਸੀਮਾਵਾਂ ਦੇ ਬਾਵਜੂਦ ਪੜਾਅਵਾਰ ਤਰੀਕੇ ਨਾਲ਼ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਛੋਟੇ-ਛੋਟੇ ਕਦਮਾਂ ਦੇ ਰੂਪ ਵਿੱਚ ਕੀਤੀਆਂ ਜਾਣ ਵਾਲ਼ੀਆਂ ਪਹਿਲਕਦਮੀਆਂ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਬਾਅਦ ਵਿੱਚ ਜਿਵੇਂ ਜਿਵੇਂ ਯੂਨਵਿਰਸਿਟੀ ਦੀ ਹਾਲਤ ਬਿਹਤਰ ਹੁੰਦੀ ਜਾਵੇਗੀ ਤਾਂ ਇਸ ਖੇਤਰ ਦੀ ਬਿਹਤਰੀ ਲਈ ਹੋਰ ਵਧੇਰੇ ਕਦਮ ਉਠਾਏ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਹ ਕੋਸਿ਼ਸ਼ ਕਰਨੀ ਚਾਹੀਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਮੁੜ ਮਾਕਾ ਟਰਾਫ਼ੀ ਜਿੱਤਣਾ ਯਕੀਨੀ ਬਣਾ ਸਕੇ। ਉਨ੍ਹਾਂ ਇਸ ਮੌਕੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਵੇਂ ਵਿੱਤੀ ਸਰੋਤ ਜੁਟਾਉਣ ਹਿਤ ਆਪੋ ਆਪਣੇ ਪੱਧਰ ਉੱਤੇ ਪਹਿਲਕਦਮੀਆਂ ਕਰਨ ਬਾਰੇ ਵੀ ਸੁਝਾਇਆ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸੈਕਟਰ ਤੋਂ ਸੀ.ਐੱਸ.ਆਰ. ਗਰਾਂਟ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
  • ਪਟਿਆਲਾ, 14 ਜੁਲਾਈ 2025 ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਦੱਖਣੀ ਕੋਰੀਆ ਵਿੱਚ ਹੋ ਰਹੀ '28ਵੀਂ ਵਿਸ਼ਵ ਰਾਜਨੀਤੀ ਵਿਗਿਆਨ ਕਾਂਗਰਸ' ਵਿੱਚ ਆਪਣਾ ਖੋਜ ਪੱਤਰ ਪੇਸ਼ ਕਰਨ ਲਈ ਸਿਉਲ ਪੁੱਜ ਗਏ ਹਨ। ਇਹ ਗਲੋਬਲ ਸਮਾਗਮ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਵੱਲੋਂ 12 ਤੋਂ 16 ਜੁਲਾਈ 2025 ਤੱਕ ਕੋਰੀਅਨ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
  • ਪਟਿਆਲਾ, 13 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਰਾਹੀਂ ਲਿਬੈਲੁਲੀਡੇ ਪਰਿਵਾਰ ਦੀਆਂ 'ਡਰੈਗਨ ਫਲਾਈਜ਼' ਦਾ ਅਧਿਐਨ ਕੀਤਾ ਗਿਆ ਹੈ। ਹੈਲੀਕਪਟਰ ਜਿਹੀ ਸ਼ਕਲ ਵਾਲ਼ੇ ਇਹ ਰੰਗ-ਬਿਰੰਗੇ ਕੀਟ, ਜਿਨ੍ਹਾਂ ਨੂੰ ਹੈਲੀਕਪਟਰ ਜਾਂ ਜਹਾਜ਼ ਵੀ ਕਹਿ ਦਿੱਤਾ ਜਾਂਦਾ ਹੈ, ਅਕਸਰ ਝੀਲਾਂ ਅਤੇ ਤਲਾਬਾਂ ਦੇ ਨੇੜੇ ਦੇਖੇ ਜਾਂਦੇ ਹਨ। ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿੱਚ ਡਾ. ਹਰਦੀਪ ਸਿੰਘ ਵੱਲੋਂ ਪ੍ਰੋ. ਗੁਰਿੰਦਰ ਕੌਰ ਵਾਲੀਆ ਦੀ ਨਿਗਰਾਨੀ ਹੇਠ ਕੀਤੀ ਗਈ ਇਸ ਖੋਜ ਰਾਹੀਂ ਡਰੈਗਨ ਫਲਾਈਜ਼ ਦੇ ਕ੍ਰੋਮੋਸੋਮ (ਜਨੈਟਿਕ ਜਾਣਕਾਰੀ ਵਾਲੀਆਂ ਸੰਰਚਨਾਵਾਂ) ਅਤੇ ਡੀ.ਐੱਨ.ਏ. ਦਾ ਅਧਿਐਨ ਕੀਤਾ ਗਿਆ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਵੱਖ-ਵੱਖ ਪ੍ਰਜਾਤੀਆਂ ਇੱਕ ਦੂਜੇ ਨਾਲ਼ ਕਿਵੇਂ ਸਬੰਧਤ ਹਨ। ਖੋਜਾਰਥੀ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਉੱਤਰੀ ਅਤੇ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਡਰੈਗਨਫਲਾਈਜ਼ ਇਕੱਠੀਆਂ ਕੀਤੀਆਂ। ਇਨ੍ਹਾਂ ਦੇ ਕ੍ਰੋਮੋਸੋਮ ਦੀ ਜਾਂਚ ਕੀਤੀ ਗਈ ਤਾਂ ਜੋ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਇਹ ਵੇਖਿਆ ਜਾ ਸਕੇ ਕਿ ਕੀ ਉਨ੍ਹਾਂ ਦੀ ਸੰਰਚਨਾ ਵਿੱਚ ਕੋਈ ਫਰਕ ਆਇਆ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡਰੈਗਨਫਲਾਈਜ਼ ਦੇ ਡੀ.ਐੱਨ.ਏ. ਵਿੱਚ ਇੱਕ ਖਾਸ ਜੀਨ (ਮਾਈਟੋਕੌਂਡਰੀਅਲ ਸੀ.ਓ. ਆਈ.ਜੀਨ), ਜੋ ਇੱਕ 'ਬਾਰਕੋਡ' ਵਾਂਗ ਕੰਮ ਕਰਦਾ ਹੈ ਅਤੇ ਪ੍ਰਜਾਤੀਆਂ ਨੂੰ ਆਪਸ ਵਿੱਚ ਵਖਰਿਆਉਣ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਦਾ ਵਿਸ਼ੇਸ਼ ਅਧਿਐਨ ਕੀਤਾ। ਕ੍ਰੋਮੋਸੋਮ ਅਤੇ ਡੀ.ਐੱਨ.ਏ. ਦੇ ਅੰਕੜਿਆਂ ਨੂੰ ਜੋੜ ਕੇ ਸਮੁੱਚੇ ਡੇਟਾ ਨੂੰ ਸਮਝਦਿਆਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਪ੍ਰਜਾਤੀਆਂ ਕਿਵੇਂ ਵਿਕਸਤ ਹੋਈਆਂ ਹਨ ਅਤੇ ਕਿਵੇਂ ਇੱਕ ਦੂਜੇ ਨਾਲ਼ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਚਾਰ ਪੇਪਰ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
  • ਪਟਿਆਲਾ, 12 ਜੁਲਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਜੋ 11 ਜੁਲਾਈ 2025 ਨੂੰ ਸਵੇਰੇ 9 ਵਜੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਰਾਤ ਨੂੰ 9:30 ਵਜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁੱਖ ਪ੍ਰਵੇਸ਼ ਦੁਆਰ ਉੱਤੇ ਪੁੱਜਿਆ ਸੀ, ਦਾ ਇੱਥੇ ਪਹੁੰਚਣ 'ਤੇ ਕੈਂਪਸ ਨਿਵਾਸੀਆਂ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਆਸ-ਪਾਸ ਦੀਆਂ ਸੰਗਤਾਂ ਨੇ ਸੁਆਗਤ ਕੀਤਾ। ਨਗਰ ਕੀਰਤਨ ਦੇ ਪੁੱਜਣ 'ਤੇ ਕੈਂਪਸ ਨਿਵਾਸੀਆਂ ਵੱਲੋਂ ਸੰਗਤ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀ ਪ੍ਰਸ਼ਾਸਨ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਾਹਿਬਾਨ ਵੱਲੋਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਅਤੇ ਪੰਜ ਪਿਆਰਿਆਂ (ਪੰਜ ਪਿਆਰਿਆਂ) ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਸੁਰੱਖਿਆ ਅਧਿਕਾਰੀ ਅਤੇ ਏ.ਆਈ.ਜੀ ਕ੍ਰਾਈਮ ਬ੍ਰਾਂਚ ਸ੍ਰੀ ਅਮਰਜੀਤ ਸਿੰਘ ਘੁੰਮਣ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਦੀ ਸਫਲਤਾ ਦੀ ਸ਼ਲਾਘਾ ਕੀਤੀ।
  • ਪਟਿਆਲਾ, 12 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਨੂੰ ਬੁਨਿਆਦੀ ਲੋੜਾਂ ਨਾਲ਼ ਜੁੜਿਆ ਵੱਖ-ਵੱਖ ਸਮਾਨ ਵੱਡੇ ਪੱਧਰ ਉੱਤੇ ਦਾਨ ਕਰਨ ਵਾਲ਼ੀ ਕੰਪਨੀ 'ਵਰਬਕ ਐਨੀਮਲ ਹੈਲਥ ਪ੍ਰਾਈਵੇਟ ਲਿਮਟਿਡ' ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦਾ ਯੂਨੀਵਰਸਿਟੀ ਵਿਖੇ ਅੱਜ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਕੰਪਨੀ ਵੱਲੋਂ ਆਪਣੀ ਸੀ.ਐੱਸ.ਆਰ. ਸਕੀਮ ਰਾਹੀਂ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਵੱਡੀ ਪੱਧਰ ਉੱਤੇ ਪੱਖੇ, ਗੀਜ਼ਰ, ਐਗਜ਼ਾਸਟ ਫ਼ੈਨ, ਵਾਟਰ-ਕੂਲਰ, ਵਾਟਰ-ਪਿਊਰੀਫਾਇਰ ਮੁਹਈਆ ਕਰਵਾਏ ਗਏ ਹਨ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਸ਼ੇਸ਼ ਤੌਰ ਉੱਤੇ ਕਰਵਾਏ ਗਏ ਇਸ ਸਨਮਾਨ ਸਮਾਗਮ ਵਿੱਚ ਕੰਪਨੀ ਦੇ ਵਾਈਸ-ਪ੍ਰੈਜ਼ੀਡੈਂਟ ਸ੍ਰੀ ਰਮਨ ਤਲਵਾੜ ਦੀ ਅਗਵਾਈ ਵਿੱਚ ਪੁੱਜੀ ਕੰਪਨੀ ਪ੍ਰਤੀਨਿਧੀਆਂ ਦੀ ਟੀਮ ਨੂੰ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਕੰਪਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਗਈ ਇਸ ਮਦਦ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲ਼ੇ ਡਾ. ਮੁਹੰਮਦ ਰਮਜ਼ਾਨ ਚੌਧਰੀ, ਜੋ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਤੋਂ ਸੇਵਾ-ਮੁਕਤ ਡਿਪਟੀ ਡਾਇਰੈਕਰ ਹਨ, ਦਾ ਵੀ ਸਨਮਾਨ ਕੀਤਾ ਗਿਆ।
  • Patiala, July 10 Punjabi University has implemented the 'Entrepreneurship Mindset' curriculum in its various courses. During a meeting held yesterday, it was decided that it should be started compulsorily in all campuses, regional centers and affiliated colleges of the university from the current session of 2025-26. It is worth mentioning that the Higher Education and Languages Department of the Punjab Government had issued an advisory regarding the mandatory implementation of the 'Entrepreneurship Mindset' curriculum in all universities of Punjab.
  • ਪਟਿਆਲਾ, 10 ਜੁਲਾਈ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਵੱਖ-ਵੱਖ ਕੋਰਸਾਂ ਵਿੱਚ 'ਐਂਟਰਪਰੀਨਿਉਰਸਿ਼ਪ ਮਾਈਂਡਸੈੱਟ' ਦੇ ਪਾਠਕ੍ਰਮ ਨੂੰ ਲਾਗੂ ਕਰ ਦਿੱਤਾ ਹੈ। ਯੂਨੀਵਰਸਿਟੀ ਵਿਖੇ ਕੱਲ੍ਹ ਹੋਈ ਇੱਕ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ 2025-26 ਦੇ ਮੌਜੂਦਾ ਸੈਸ਼ਨ ਤੋਂ ਯੂਨੀਵਰਸਿਟੀ ਦੇ ਸਾਰੇ ਕੈਂਪਸ, ਰੀਜਨਲ ਸੈਟਰਾਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਲਾਜ਼ਮੀ ਤੌਰ ਉੱਤੇ ਇਸ ਨੂੰ ਸ਼ੁਰੂ ਕਰ ਲਿਆ ਜਾਵੇ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਇਸ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ 'ਐਂਟਰਪਰੀਨਿਉਰਸਿ਼ਪ ਮਾਈਂਡਸੈੱਟ' ਦੇ ਪਾਠਕ੍ਰਮ ਨੂੰ ਲਾਜ਼ਮੀ ਤੌਰ ਉੱਤੇ ਲਾਗੂ ਕੀਤਾ ਜਾਵੇ।
  • ਪਟਿਆਲਾ, 10 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਬਰਲਿਨ ਵਿਖੇ ਹੋ ਰਹੀ ਇੱਕ ਕਾਨਫ਼ਰੰਸ ਵਿੱਚ ਆਪਣਾ ਖੋਜ-ਪੱਤਰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪੇਪਰ ਦੇ ਸਹਿ-ਲੇਖਕ ਰੋਇਲ ਹੋਲੋਵੋ ਯੂਨੀਵਰਸਿਟੀ ਆਫ਼ ਲੰਡਨ ਤੋਂ ਪ੍ਰੋ. ਰਵਿੰਦਰ ਬਾਰਨ ਸਨ।ਉਨ੍ਹਾਂ ਦੱਸਿਆ ਕਿ 'ਬਾਲ ਕੇਂਦਰਿਤ ਦ੍ਰਿਸ਼ਟੀਕੋਣ ਅਤੇ ਸਕੂਲ' ਵਿਸ਼ੇ ਨਾਲ਼ ਸਬੰਧਤ ਇਹ ਕਾਨਫ਼ਰੰਸ 'ਚਿਲਡਰਨ ਅੰਡਰਸਟੈਂਡਿੰਗ ਆਫ਼ ਵੈੱਲ-ਬੀਇੰਗ ਨੈੱਟਵਰਕ' ਸਮੂਹ ਵੱਲੋਂ ਕਰਵਾਈ ਗਈ। ਇਹ ਸਮੂਹ ਬਾਲ ਵਿਕਾਸ ਅਤੇ ਤੰਦਰੁਸਤੀ ਦਾ ਅਧਿਐਨ ਕਰਨ ਵਾਲੇ 35 ਤੋਂ ਵੱਧ ਦੇਸਾਂ ਦੇ ਖੋਜਕਰਤਾਵਾਂ ਦਾ ਇੱਕ ਨੈੱਟਵਰਕ ਹੈ।
  • ਪਟਿਆਲਾ, 8 ਜੁਲਾਈ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਰਾਜ ਭਰ ਦੇ ਮੁੱਕੇਬਾਜ਼ੀ ਕੋਚਾਂ ਲਈ ਪਹਿਲਾ ਪੰਜ ਦਿਨਾ ਰਿਫਰੈਸ਼ਰ ਕੋਰਸ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਵਿਖੇ ਸ਼੍ਰੀ ਟੀ.ਐਲ. ਗੁਪਤਾ, ਮੁੱਖ ਕੋਚ ਅਤੇ ਭਾਰਤੀ ਮੁੱਕੇਬਾਜ਼ੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਇਹ ਕੋਰਸ 8 ਤੋਂ 13 ਜੁਲਾਈ 2025 ਚੱਲੇਗਾ। ਇਸ ਕੋਰਸ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਰੰਧਾਵਾ, ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਡਾ. ਮਨਿੰਦਰਪਾਲ ਕੌਰ, ਦਰੋਣਾਚਾਰੀਆ ਪੁਰਸਕਾਰ ਪ੍ਰਾਪਤ ਅਤੇ ਡਾਇਰੈਕਟਰ (ਸਿਖਲਾਈ), ਖੇਡ ਵਿਭਾਗ, ਪੰਜਾਬ ਸ਼੍ਰੀ ਜੀਵਨਜੋਤ ਸਿੰਘ ਤੇਜਾ ਨੇ ਸਿ਼ਰਕਤ ਕੀਤੀ।
  • ਪਟਿਆਲਾ, 6 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਪੰਜਾਬੀ ਲਿਖ਼ਤਾਂ ਨੂੰ ਨੇਤਰਹੀਣ ਵਿਅਕਤੀਆਂ ਵੱਲੋਂ ਪੜ੍ਹਨ ਲਈ ਵਰਤੀ ਜਾਂਦੀ ਬਰੇਲ ਲਿਪੀ ਵਿੱਚ ਬਦਲੇ ਜਾ ਸਕਣ ਵਾਲ਼ੀ ਤਕਨੀਕ ਵਿਕਸਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵੱਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਪ੍ਰਣਾਲੀ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਡਾ. ਕਵਲਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕ ਵੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਗਿਆਨ ਸਮੱਗਰੀ ਤੱਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰਥਾ ਰਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦਾ ਮੁੱਖ ਉਦੇਸ਼ ਵੇਖਣ ਤੋਂ ਅਸਮਰੱਥ ਅਜਿਹੇ ਵਿਅਕਤੀਆਂ ਲਈ ਇਕ ਸਾਰਥਕ ਡਿਜੀਟਲ ਰਸਤਾ ਉਪਲਬਧ ਕਰਵਾਉਣਾ ਹੈ ਜੋ ਆਪਣੀ ਮਾਂ-ਭਾਸ਼ਾ ਵਿੱਚ ਗਿਆਨ ਅਤੇ ਜਾਣਕਾਰੀ ਤੱਕ ਪਹੁੰਚ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ਼ ਬਰੇਲ ਵਿੱਚ ਬਦਲ ਕੇ, ਵਿਅਕਤੀਆਂ ਵਿੱਚ ਆਤਮਨਿਰਭਰਤਾ ਪੈਦਾ ਕਰਦਿਆਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਪੱਖੋਂ ਇਹ ਤਕਨੀਕ ਅਸਰਦਾਰ ਯੋਗਦਾਨ ਪਾ ਸਕਦੀ ਹੈ।
  • ਪਟਿਆਲਾ, 3 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਪੀ-ਐੱਚ.ਡੀ. ਕਰ ਰਹੇ ਤਿੰਨ ਖੋਜਾਰਥੀਆਂ ਨੇ ਥਾਈਲੈਂਡ ਵਿੱਚ ਹੋ ਰਹੀ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ ਹੈ। ਵਿਭਾਗ ਮੁਖੀ ਡਾ. ਰੇਨੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨਫ਼ਰੰਸ ਥਾਈਲੈਂਡ ਦੇ ਚਿਆਂਗ ਮਾਈ ਵਿੱਚ ਇੰਟਰਨੈਸ਼ਨਲ ਪਬਲਿਕ ਪਾਲਿਸੀ ਐਸੋਸੀਏਸ਼ਨ ਵੱਲੋਂ 2 ਜੁਲਾਈ ਤੋਂ 4 ਜੁਲਾਈ 2025 ਤੱਕ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਬਲਿਕ ਪਾਲਿਸੀ ਜਨਤਕ ਨੀਤੀ ਦੇ ਵਿਸ਼ੇ ਸਬੰਧੀ ਇਸ ਕਾਨਫ਼ਰੰਸ ਦੇ 7ਵੇਂ ਐਡੀਸ਼ਨ ਵਿੱਚ, ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਖੋਜਾਰਥੀ ਬਿੰਦੇਸ਼ਵਰੀ, ਸੁਖਪਾਲ ਸਿੰਘ ਅਤੇ ਅਰਸ਼ਪ੍ਰੀਤ ਕੌਰ ਸ਼ਿਰਕਤ ਕਰ ਰਹੇ ਹਨ। ਉਨ੍ਹਾਂ 'ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦੀ ਸਮਾਜਿਕ-ਆਰਥਿਕ ਉੱਨਤੀ 'ਤੇ ਨੌਕਰੀ ਰਾਖਵਾਂਕਰਨ ਨੀਤੀ ਦਾ ਪ੍ਰਭਾਵ: ਕਿੰਨੌਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਦਾ ਇੱਕ ਕੇਸ ਅਧਿਐਨ' ਸਿਰਲੇਖ ਵਾਲ਼ਾ ਆਪਣਾ ਖੋਜ ਪੱਤਰ ਪੇਸ਼ ਕੀਤਾ ਹੈ। ਇਸ ਪੈਨਲ ਦਾ ਵਿਸ਼ਾ 'ਅਸਮਾਨਤਾਵਾਂ ਅਤੇ ਜਨਤਕ ਨੀਤੀ' ਨਾਲ਼ ਸਬੰਧਤ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਖੋਜਾਰਥੀ ਬਿੰਦੇਸ਼ਵਰੀ ਅਤੇ ਅਰਸ਼ਪ੍ਰੀਤ ਕੌਰ ਕਾਨਫ਼ਰੰਸ ਵਿੱਚ ਪਹੁੰਚ ਗਏ ਸਨ, ਜਦੋਂ ਕਿ ਸੁਖਪਾਲ ਸਿੰਘ ਨੇ ਉਨ੍ਹਾਂ ਨਾਲ਼ ਆਨਲਾਈਨ ਵਿਧੀ ਰਾਹੀਂ ਜੁੜ ਕੇ ਸ਼ਿਰਕਤ ਕੀਤੀ।
  • ਪਟਿਆਲਾ, 3 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਸ਼ੈਲਿੰਦਰ ਸੇਖੋਂ ਨੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਹ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਖੇ ਕਾਮਰਸ ਵਿਸ਼ੇ ਦੇ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਤਿੰਨ ਸਾਲ ਲਈ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਚੇਚੇ ਤੌਰ ਉੱਤੇ ਸਿ਼ਰਕਤ ਕੀਤੀ। ਪ੍ਰੋ. ਮੁਲਤਾਨੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਇਹ ਵਿਭਾਗ ਹੋਰ ਵਧੇਰੇ ਤਰੱਕੀਆਂ ਕਰੇਗਾ। ਇਸ ਮੌਕੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਤੋਂ ਇਲਾਵਾ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦਾ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲਾ ਅਤੇ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਤੋਂ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਰਹੇ।
  • ਪਟਿਆਲਾ, 1 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਭੀਮਇੰਦਰ ਸਿੰਘ ਨੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਜਿ਼ਕਰਯੋਗ ਹੈ ਕਿ ਡਾ. ਭੀਮਇੰਦਰ ਸਿੰਘ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਪ੍ਰੋਫ਼ੈਸਰ ਹਨ ਅਤੇ ਮੌਜੂਦਾ ਸਮੇਂ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਹਨ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਦੀ ਰਸਮ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਅਧਿਕਾਰੀ ਉਚੇਚੇ ਤੌਰ ਉੱਤੇ ਸ਼ਾਮਿਲ ਹੋਏ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਸ ਅਹੁਦੇ ਉੱਤੇ ਸ਼ਾਨਦਾਰ ਢੰਗ ਨਾਲ਼ ਸੇਵਾਵਾਂ ਨਿਭਾਉਣ ਹਿਤ ਸ਼ੁਭਕਾਮਨਾਵਾਂ ਦਿੱਤੀਆਂ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ, ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਵੀ ਇਸ ਮੌਕੇ ਹਾਜ਼ਰ ਰਹੇ।
  • ਪਟਿਆਲਾ, 1 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਦੋ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਕੋਰਸ 'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਸੀ ਅਤੇ ਦੂਜਾ 'ਜਲਵਾਯੂ ਤਬਦੀਲੀ ਅਤੇ ਆਫ਼ਤ ਪ੍ਰਬੰਧਨ' ਦੇ ਵਿਸ਼ੇ ਉੱਤੇ ਸ਼ਾਰਟ ਟਰਮ ਕੋਰਸ ਸੀ। ਦੋਹਾਂ ਕੋਰਸਾਂ ਦੇ ਸਾਂਝੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾ. ਰਤਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
  • ਪਟਿਆਲਾ, 1 ਜੁਲਾਈ "ਸ਼ਖ਼ਸੀਅਤ ਦਾ ਬਹੁਮੁਖੀ ਹੋਣਾ ਬਹੁਤ ਜ਼ਰੂਰੀ ਹੈ। ਗਿਆਨ ਦੇ ਸਿਰਫ਼ ਇੱਕੋ ਖੇਤਰ ਤੱਕ ਸੀਮਿਤ ਰਹਿਣ ਨਾਲ਼ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਨਹੀਂ ਹੁੰਦਾ।" ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪਹਿਲੇ ਮੁਖੀ ਵਿਭਾਗ ਮੁਖੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨਮਿਤ ਕਰਵਾਏ 'ਮੋਢੀਮੁਖੀ ਦਿਵਸ' ਅਤੇ ਸਨਮਾਨ ਸਮਾਗਮ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਗਟਾਏ। ਡਾ. ਪ੍ਰੇਮ ਪ੍ਰਕਾਸ਼ ਸਿੰਘ ਦੀ ਸ਼ਖ਼ਸੀਅਤ ਦੇ ਹਵਾਲੇ ਨਾਲ਼ ਇਹ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੇ ਇਸ ਗੁਣ ਦਾ ਲਾਭ ਪੰਜਾਬੀ ਭਾਸ਼ਾ ਨੂੰ ਹੋਇਆ। ਉਨ੍ਹਾਂ ਪੰਜਾਬੀ ਵਿਭਾਗ ਦੇ ਇਸ 'ਮੋਢੀ ਮੁਖੀ ਸਮਾਗਮ' ਨਾਮਕ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਭਾਗ ਨੇ ਯੂਨੀਵਰਸਿਟੀ ਵਿੱਚ ਇਹ ਨਵੀਂ ਅਤੇ ਚੰਗੀ ਪਰੰਪਰਾ ਦਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਕਾਦਮਿਕ ਪੁਰਖਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਨਾਲ਼ੋ-ਨਾਲ਼ ਆਪੋ ਆਪਣੇ ਅਕਾਦਮਿਕ ਖੇਤਰਾਂ ਵਿੱਚ ਪਾਏਦਾਰ ਕੰਮ ਕਰ ਕੇ ਉਨ੍ਹਾਂ ਵੱਲੋਂ ਲਏ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ।
  • ਪਟਿਆਲਾ, 26 ਜੂਨ ਯੂਨੀਵਰਸਿਟੀ ਦੇ ਭਾਈ ਘਨੱਈਆ ਸਿਹਤ ਕੇਂਦਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਸਹਿਯੋਗ ਨਾਲ਼ ਅੱਜ 'ਜਾਨਵਰਾਂ ਦੇ ਕੱਟਣ ਦੇ ਪ੍ਰਬੰਧਨ ਅਤੇ ਰੋਕਥਾਮ' ਸਬੰਧੀ ਵਿਸ਼ੇ ਉੱਤੇ ਸਮਾਗਮ ਕਰਵਾਇਆ ਗਿਆ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਤੋਂ ਡਾ. ਪ੍ਰਿਆ ਸਾਹਨੀ ਨੇ ਇਸ ਮੌਕੇ ਵਿਸ਼ਾ ਮਾਹਿਰ ਵਜੋਂ ਸੰਵਾਦ ਰਚਾਇਆ। ਉਹਨਾਂ ਵੱਖ ਵੱਖ ਜਾਨਵਰਾਂ ਵੱਲੋਂ ਕੱਟੇ ਜਾਣ ਦੀਆਂ ਸੰਭਾਵਨਾਵਾਂ ਅਤੇ ਇਸ ਸਬੰਧੀ ਪ੍ਰਬੰਧਨ ਅਤੇ ਬਚਾਓ ਬਾਰੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਪਾਗਲ ਕੁੱਤਿਆਂ ਦੇ ਲੱਛਣਾਂ ਅਤੇ ਹਲਕਾਅ ਸਬੰਧੀ ਟੀਕਿਆਂ ਦੇ ਪ੍ਰਭਾਵ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਮਸਲੇ ਉੱਤੇ ਬਹੁਤ ਗੰਭੀਰ ਹੈ। ਕੈੰਪਸ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਨੂੰ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ ਜਿੱਥੇ ਇਸ ਦੇ ਹੱਲ ਬਾਰੇ ਵਿਚਾਰ ਕੀਤੇ ਗਏ।
  • ਪਟਿਆਲਾ, 24 ਜੂਨ ਪੰਜਾਬੀ ਯੂਨੀਵਰਸਿਟੀ ਵਿਖੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਛੇ ਰੋਜ਼ਾ ਸ਼ਾਰਟ ਟਰਮ ਕੋਰਸ ਆਰੰਭ ਕੀਤਾ ਗਿਆ ਹੈ। ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਕੋਰਸ ਦੀ ਸ਼ੁਰੂਆਤ ਮੌਕੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਹ ਕੋਰਸ 'ਜਲਵਾਯੂ ਤਬਦੀਲੀ ਅਤੇ ਆਫ਼ਤ ਪ੍ਰਬੰਧਨ' ਵਿਸ਼ੇ ਉੱਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਵਿਸ਼ੇ ਸਬੰਧੀ ਗੱਲ ਕਰਨ ਦੇ ਨਾਲ਼-ਨਾਲ਼ ਸੈਂਟਰ ਦੀਆਂ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਆਨਲਾਈਨ ਵਿਧੀ ਰਾਹੀਂ ਹੋਏ ਉਦਘਾਟਨੀ ਸੈਸ਼ਨ ਵਿੱਚ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
  • ਪਟਿਆਲਾ, 23 ਜੂਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅੱਜ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਬੰਧਤ ਥਾਵਾਂ ਦਾ ਜਾਇਜ਼ਾ ਲਿਆ। ਉਹ ਯੂਨੀਵਰਸਿਟੀ ਦੇ ਸੂਖਮ ਯੰਤਰ ਕੇਂਦਰ, ਭਾਈ ਘਨੱਈਆ ਸਿਹਤ ਕੇਂਦਰ ਅਤੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਵਿਸ਼ੇਸ਼ ਖੋਜ ਕੇਂਦਰ 'ਐਨੀਮਲ ਹਾਊਸ' ਵਿਖੇ ਗਏ ਅਤੇ ਇਨ੍ਹਾਂ ਥਾਵਾਂ ਦੀਆਂ ਸਹੂਲਤਾਂ, ਸਮਰੱਥਾਵਾਂ, ਪ੍ਰਾਪਤੀਆਂ ਅਤੇ ਸਮੱਸਿਆਵਾਂ ਬਾਰੇ ਜਾਣਿਆ। ਉਨ੍ਹਾਂ ਸਭ ਕੇਂਦਰਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨਾਲ਼ ਰਚਾਇਆ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਦੇ ਸਭ ਵਿਭਾਗ ਆਪੋ ਆਪਣੇ ਖੇਤਰਾਂ ਵਿੱਚ ਪਾਏਦਾਰ ਕਾਰਜ ਕਰ ਰਹੇ ਹਨ।
  • Patiala, June 22 A study by Punjabi University has highlighted the need to draw a legal boundary between airspace and space and to reconsider the issue of space debris polluting space. These points were brought forward by Dr. Harmandeep Kaur while analyzing the international legal norms related to space under the supervision of Professor (Dr.) Gurpreet Kaur Pannu.
  • ਪਟਿਆਲਾ, 22 ਜੂਨ ਪੰਜਾਬੀ ਯੂਨੀਵਰਸਿਟੀ ਦੇ ਇੱਕ ਅਧਿਐਨ ਰਾਹੀਂ ਹਵਾਈ ਖੇਤਰ ਅਤੇ ਪੁਲਾੜ ਵਿਚਕਾਰ ਕਾਨੂੰਨੀ ਹੱਦਬੰਦੀ ਕਰਨ ਅਤੇ ਪੁਲਾੜ ਨੂੰ ਪ੍ਰਦੂਸ਼ਿਤ ਕਰਨ ਵਾਲ਼ੇ ਪੁਲਾੜ-ਮਲਬੇ ਦੇ ਮੁੱਦੇ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ ਪ੍ਰੋਫ਼ੈਸਰ (ਡਾ.) ਗੁਰਪ੍ਰੀਤ ਕੌਰ ਪੰਨੂ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਹਰਮਨਦੀਪ ਕੌਰ ਵੱਲੋਂ ਪੁਲਾੜ ਨਾਲ਼ ਸਬੰਧਤ ਕੌਮਾਂਤਰੀ ਕਾਨੂੰਨੀ ਨਿਯਮਾਂ ਬਾਰੇ ਵਿਸ਼ਲੇਸ਼ਣ ਕਰਦਿਆਂ ਇਹ ਨੁਕਤੇ ਸਾਹਮਣੇ ਲਿਆਂਦੇ ਗਏ।
  • Patiala, June 21, 2025 Punjabi University vibrantly celebrated the 11th International Yoga Day on its campus, with an event organized by the Department of Physical Education, National Service Scheme (NSS) Department, and Directorate of Sports. Vice-Chancellor Dr. Jagdeep Singh actively participated, joining faculty, students, and staff in a series of yoga activities. The event featured a variety of yoga asanas and breathing exercises conducted under the guidance of expert instructors. Students showcased impressive yoga performances, adding to the event’s fervor. Esteemed guests, Olympian Dr. Tarlok Singh Sandhu and Patiala Mayor Shri Kundan Gogia, attended as special invitees, lending prestige to the occasion.
  • ਪਟਿਆਲਾ, 21 ਜੂਨ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ, ਐੱਨ. ਐੱਸ. ਐੱਸ. ਵਿਭਾਗ ਅਤੇ ਖੇਡ ਡਾਇਰੈਕਟੋਰੇਟ ਵੱਲੋਂ ਅੱਜ '11ਵੇਂ ਕੌਮਾਂਤਰੀ ਯੋਗ ਦਿਵਸ' ਮੌਕੇ ਯੂਨੀਵਰਸਿਟੀ ਕੈੰਪਸ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੀ ਯੋਗਾ ਗਤੀਵਿਧੀਆਂ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਯੋਗਾ ਮਾਹਿਰਾਂ ਦੀ ਨਿਗਰਾਨੀ ਵਿੱਚ ਵੱਖ-ਵੱਖ ਯੋਗਾ ਆਸਣ ਕਰਵਾਏ ਗਏ ਅਤੇ ਸਾਹ ਲੈਣ ਦੀਆਂ ਕਸਰਤਾਂ ਕੀਤੀਆਂ। ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਯੋਗਾ ਪੇਸ਼ਕਾਰੀ ਵੀ ਦਿੱਤੀ ਗਈ। ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ ਅਤੇ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
  • ਪਟਿਆਲਾ, 20 ਜੂਨ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰਮਤਿ ਸਿਖਲਾਈ ਕੈਂਪ’ ਲਗਾਇਆ ਗਿਆ। 06 ਜੂਨ 2025 ਤੋਂ ਚੱਲ ਰਹੇ ਇਸ ਕੈਂਪ ਦੇ ਸਮਾਪਨ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਿ਼ਰਕਤ ਕੀਤੀ। ਉਨ੍ਹਾਂ ਇਸ ਕੈਂਪ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ, ਸਿਖਲਾਈ ਦੇਣ ਵਾਲ਼ੇ ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਪ੍ਰਮਾਣ-ਪੱਤਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਅਧਾਰਿਤ ਸਾਹਿਤ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਡਾ. ਜਗਦੀਪ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ, ਸਕੱਤਰ ਡਾ. ਗੁਰਜੰਟ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਕੌਰ, ਸ. ਜਸਵੀਰ ਸਿੰਘ ਜਵੱਦੀ, ਸ. ਅਮਰਿੰਦਰ ਸਿੰਘ ਅਤੇ ਸ. ਤੇਜਪਾਲ ਸਿੰਘ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗਠਿਤ ਕਮੇਟੀ ਦੇ ਮੈਬਰ ਪ੍ਰੋ. ਦਲਜੀਤ ਸਿੰਘ ਅਤੇ ਡਾ. ਸੰਦੀਪ ਕੌਰ ਵੀ ਹਾਜ਼ਰ ਰਹੇ।
  • ਪਟਿਆਲਾ, 18 ਜੂਨ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂਕੇ ਦੀ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵੱਲੋਂ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫ਼ੈਲੋ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਕੀਤੇ ਗਏ ਕਾਰਜ ਸਦਕਾ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਉਨ੍ਹਾਂ ਨੂੰ ਇਸ ਜਿ਼ੰਮੇਵਾਰੀ ਨਾਲ਼ ਨਿਵਾਜਦਿਆਂ ਯੂਨੀਵਰਸਿਟੀ ਦੀ ਖੋਜ ਅਤੇ ਅਧਿਆਪਨ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਲਈ ਆਪਣੀ ਮੁਹਾਰਤ ਅਤੇ ਅਨੁਭਵ ਸਾਂਝਾ ਕਰਨ ਹਿਤ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਰੋਇਲ ਹਾਲੋਵੇ ਯੂਨੀਵਰਸਿਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਵਿਚਰਦਿਆਂ ਇਸ ਨਵੀਂ ਸਮਰੱਥਾ ਤਹਿਤ ਵੱਖ-ਵੱਖ ਸਾਂਝੇ ਖੋਜ ਪ੍ਰੋਜੈਕਟਾਂ ਵਿੱਚ ਕੰਮ ਕਰਨਗੇ, ਵਿਦਿਆਰਥੀਆਂ ਨੂੰ ਸਲਾਹਕਾਰੀ ਨਾਲ਼ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਗੇ, ਵੱਖ-ਵੱਖ ਥਾਵਾਂ ਉੱਤੇ ਭਾਸ਼ਣ ਦੇਣਗੇ ਅਤੇ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵੱਲੋਂ ਆਨਰੇਰੀ ਫੈਲੋਸਿ਼ਪ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਅਜਿਹੀਆਂ ਅਸਧਾਰਨ ਪ੍ਰਾਪਤੀਆਂ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੋਵੇ, ਜੋ ਉਸ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਅਤੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀਆਂ ਹੋਣ।
  • ਪਟਿਆਲਾ, 16 ਜੂਨ ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜਨੀਅਰਿੰਗ' ਵਿਸ਼ੇ ਨਾਲ਼ ਸਬੰਧਤ ਰਿਫ਼ਰੈਸ਼ਰ ਕੋਰਸ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਉਪ-ਕੁਲਪਤੀ ਪ੍ਰੋ. ਵਿਜੇ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਗਿਆਨ ਦੇ ਨਵੇਂ ਖੇਤਰਾਂ ਅਤੇ ਰੁਝਾਨਾਂ ਨਾਲ਼ ਜੋੜੀਂ ਰੱਖਣ ਦੇ ਲਿਹਾਜ਼ ਨਾਲ਼ 'ਰਿਫ਼ਰੈਸ਼ਰ ਕੋਰਸ' ਦਾ ਹਰੇਕ ਅਧਿਆਪਕ ਦੀ ਜ਼ਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਨ ਇੱਕ ਅਜਿਹਾ ਖੇਤਰ ਹੈ ਜਿੱਥੇ ਹਰੇਕ ਅਧਿਆਪਕ ਦਾ ਆਪਣੇ ਖੇਤਰ ਵਿਚਲੇ ਨਵੇਂ ਗਿਆਨ ਨਾਲ਼ ਜੁੜ ਕੇ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। 'ਰਿਫ਼ਰੈਸ਼ਰ ਕੋਰਸ' ਇਸ ਮਕਸਦ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਰਿਫ਼ਰੈਸ਼ਰ ਕੋਰਸ ਗਿਆਨ ਦੇ ਆਦਾਨ-ਪ੍ਰਦਾਨ ਅਤੇ ਹੁਨਰ ਵਧਾਉਣ ਲਈ ਇੱਕ ਲੋੜੀਂਦਾ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਅਕਾਦਮਿਕ ਅਤੇ ਪੇਸ਼ੇਵਰ ਕੰਮਾਂ ਵਿੱਚ ਨਿਰੰਤਰ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਡਾ. ਵਿਜੇ ਕੁਮਾਰ ਨੇ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ ਭਾਰਤ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਲਈ ਲਾਹੇਵੰਦ ਅਮਲ ਕਰਾਰ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਤਕਨਾਲੋਜੀ ਅਤੇ ਖੋਜ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਉਜਾਗਰ ਕਰਦਿਆਂ ਅਹਿਮ ਨੁਕਤੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਉੱਭਰ ਰਹੀਆਂ ਚੁਣੌਤੀਆਂ ਨੂੰ ਨਵੇਂ ਗਿਆਨ ਨਾਲ਼ ਲੈਸ ਹੋ ਕੇ ਟੱਕਰਨ ਦੀ ਲੋੜ ਹੈ।
  • ਪਟਿਆਲਾ, 15 ਜੂਨ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈ. ਸੀ. ਐੱਮ.ਆਰ. ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ.ਡੀ. ਖੋਜਾਰਥੀ ਡਾ.ਬੱਡੀਪੈਡੀਗੇ ਰਾਜੂ ਨੇ ਇੱਕ ਡਰੱਗ-ਮੈਟਾਬੋਲਾਈਜਿ਼ੰਘ ਐਨਜ਼ਾਈਮਜ਼ (ਡੀ.ਐੱਮ.ਈ.) ਨਾਲ਼ ਜੁੜੇ ਕੀਮੋ-ਰੋਧ ਨੂੰ ਸਮਝਣ ਅਤੇ ਇਸ ਦੇ ਹੱਲ ਉੱਤੇ ਮਹੱਤਵਪੂਰਨ ਖੋਜ ਕੀਤੀ ਹੈ। ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨ ਰਸਾਲਿਆਂ, ਜਿਵੇਂ ਏ.ਸੀ.ਐੱਸ. ਓਮੇਗਾ, ਆਰ.ਸੀ.ਐੱਸ. ਨਿਊ ਜਰਨਲ ਆਫ਼ ਕਮਿਸਟਰੀ, ਆਰ.ਸੀ.ਐੱਸ. ਅਡਵਾਂਸਡ ਆਦਿ ਵਿੱਚ ਪ੍ਰਕਾਸਿ਼ਤ ਹੋ ਚੁੱਕੇ ਹਨ ਅਤੇ ਸੰਸਾਰ ਪੱਧਰ ਉੱਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ਵਿੱਚ ਇਸ ਖੋਜ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਰਾਜੂ ਇਸ ਸਮੇਂ ਭਾਰਤ ਦੀ ਵੱਕਾਰੀ ਸੰਸਥਾ ਇੰਸਟੀਚੂਟ ਆਫ਼ ਲਾਈਫ਼ ਸਾਇੰਸਜ਼, ਭੁਬਨੇਸ਼ਵਰ ਵਿਖੇ ਪ੍ਰੋਜੈਕਟ ਵਿਗਿਆਨੀ-2 ਵਜੋਂ ਕਾਰਜਸ਼ੀਲ ਹਨ।
  • ਪਟਿਆਲਾ, 14 ਜੂਨ ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ 'ਦੱਖਣ ਏਸ਼ੀਆਈ ਦੇਸ਼ਾਂ ਦੇ ਸੰਘ ਦੀ ਲੋੜ ਕਿਉਂ', ਵਿਸ਼ੇ ਉੱਤੇ ਵਿਦਵਤਾ ਪੂਰਨ ਢੰਗ ਨਾਲ ਸਮਾਗਮ ਕਰਵਾਇਆ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ, ਚਿੰਤਕ ਸ਼੍ਰੀ ਬੀ.ਐੱਸ ਰਤਨ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਸ਼ਾਮਿਲ ਹੋਏ। ਇਹਨਾਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪਵਨ ਹਰਚੰਦਪੁਰੀ, ਡਾ. ਸੁਰਜੀਤ ਸਿੰਘ ਭੱਟੀ ਅਤੇ ਐੱਸ.ਡੀ.ਓ ਦਿਆਲ ਸਿੰਘ ਗਿੱਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਸ਼ੁਰੂਆਤ ਵਿੱਚ ਜਹਾਜ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਅਮਰਜੀਤ ਅਮਨ ਦੇ ਸੁਰੀਲੇ ਗੀਤ ਨਾਲ ਹੋਈ, ਕਵੀ ਦਰਬਾਰ ਵਿੱਚ ਇਕਬਾਲ ਗੱਜਣ, ਅਮਰ ਗਰਗ ਕਲਮਦਾਨ, ਗੁਲਜ਼ਾਰ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਭੱਟੀ, ਵਰਿੰਦਰਜੀਤ ਜਾਗੋਵਾਲ, ਜਗਸੀਰ ਸਿੰਘ ਬਾਜਵਾ, ਪਰਮਜੀਤ ਸਿੰਘ, ਹਰਪ੍ਰੀਤ ਕੌਰ ਤੇ ਸਵਿਤਾ ਸ਼ਾਮਿਲ ਸਨ।
  • ਪਟਿਆਲਾ, 13 ਜੂਨ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਦੋ ਵਿਦਿਆਰਥਣਾਂ ਨੂੰ ਸਪੀਕਰ ਵਿਧਾਨ ਸਭਾ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਜਾਣ ਉੱਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਨਮਾਨਿਤ ਕੀਤਾ ਗਿਆ। ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਜਸਲੀਨ ਕੌਰ ਨੇ ਕ੍ਰਮਵਾਰ 96.92% ਅਤੇ 96.62% ਅੰਕ ਹਾਸਿਲ ਕਰ ਕੇ ਪੰਜਾਬ ਮੈਰਿਟ ਵਿੱਚ ਕ੍ਰਮਾਂਕ 20 ਅਤੇ 22 ਉੱਤੇ ਆਪਣਾ ਨਾਮ ਦਰਜ ਕਰਵਾਇਆ। ਵਾਈਸ ਚਾਂਸਲਰ ਸਾਹਿਬ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਨੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਉਣ ਸਮੇਂ ਵਿੱਚ ਵਧੀਆ ਪੜ੍ਹਾਈ ਕਰਨ ਲਈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਮਾਣਯੋਗ ਸਪੀਕਰ ਵਿਧਾਨ ਸਭਾ, ਸ੍ਰ. ਕੁਲਤਾਰ ਸਿੰਘ ਸੰਧਵਾਂ ਵੱਲੋਂ ਦੋਵੇਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ, ਪੜ੍ਹਾਈ ਪ੍ਰਤੀ ਲਗਨ, ਮਿਹਨਤ, ਦਿ੍ੜਤਾ, ਇਰਾਦੇ ਦਾ ਪ੍ਰਤੀਕ, ਮੈਰਿਟ ਵਿੱਚ ਆਉਣ ਬਾਰੇ ਅਤੇ ਭਵਿੱਖ ਵਿੱਚ ਹੋਰ ਬੁਲੰਦੀਆਂ ਤੇ ਜਾਣ ਸਬੰਧੀ ਲਿਖਿਆ ਗਿਆ ਹੈ। ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਵੱਲੋਂ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਇੱਕ–ਇੱਕ ਕਿਤਾਬ ਵੀ ਭੇਂਟ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਸ੍ਰ ਸਤਵੀਰ ਸਿੰਘ ਗਿੱਲ ਨੇ ਸਪੀਕਰ ਵਿਧਾਨ ਸਭਾ, ਸ੍ਰ. ਕੁਲਤਾਰ ਸਿੰਘ ਸੰਧਵਾਂ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਜੀ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਦਾ ਧੰਨਵਾਦ ਕੀਤਾ।
  • ਪਟਿਆਲਾ, 12 ਜੂਨ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਇੱਕ ਕਾਲਜ ਵਿੱਚ ਡੰਮ੍ਹੀ ਦਾਖ਼ਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਸ ਚਾਂਸਲਰ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਦਿਆਂ ਸਬੰਧਤ ਕਾਲਜ ਨੂੰ ਦੋ ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਹਿਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਭਵਿੱਖ ਵਿੱਚ ਕਿਸੇ ਵੀ ਸੰਭਾਵਿਤ ਬੇਨਿਯਮੀ ਵਾਲ਼ੇ ਅਮਲ ਨੂੰ ਰੋਕਣ ਲਈ ਵੱਖ-ਵੱਖ ਸਮਿਆਂ ਉੱਤੇ ਵੱਖ-ਵੱਖ ਕਾਲਜਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਇਆ ਕਰੇਗੀ।
  • ਪਟਿਆਲਾ, 10 ਜੂਨ ਪੰਜਾਬੀ ਯੂਨੀਵਰਸਿਟੀ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਨਾਲ਼ ਮਨਾਵੇਗੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਮਾਗਮ ਉਲੀਕੇ ਜਾ ਰਹੇ ਹਨ ਅਤੇ ਇਸ ਸ਼ਤਾਬਦੀ ਨੂੰ ਸ਼ਰਧਾ ਅਤੇ ਭਾਵ-ਪੂਰਤ ਢੰਗ ਨਾਲ ਮਨਾਉਣ ਲਈ ਪੰਜਾਬੀ ਯੂਨੀਵਰਿਸਟੀ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵਿਚਾਰ ਇਸ ਕਾਰਜ ਲਈ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਪਲੇਟੀ ਮੀਟਿੰਗ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਬਣੀ ਹੈ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣਾ ਇਸ ਉਦੇਸ਼ ਨੂੰ ਨਿਸ਼ਠਾ ਪੂਰਵਕ ਅੱਗੇ ਲਿਜਾਣ ਵਾਲਾ ਕਦਮ ਹੈ। ਜਿ਼ਕਰਯੋਗ ਹੈ ਕਿ ਡਾ. ਪਰਮਵੀਰ ਸਿੰਘ ਇਸ ਕਮੇਟੀ ਦੇ ਕਨਵੀਨਰ ਵਜੋਂ ਭੂਮਿਕਾ ਨਿਭਾਉਣਗੇ। ਕਮੇਟੀ ਦੇ ਮੈਂਬਰਾਂ ਵਿੱਚ ਡਾ. ਦਲਜੀਤ ਸਿੰਘ, ਡਾ. ਸੰਦੀਪ ਕੌਰ, ਡਾ. ਸੁਖਵਿੰਦਰ ਸਿੰਘ ਅਤੇ ਡਾ. ਜਸਵਿੰਦਰ ਸਿੰਘ ਬਰਾੜ ਸ਼ਾਮਲ ਹਨ। ਮੀਟਿੰਗ ਦੌਰਾਨ ਵਿਚਾਰ ਕੀਤੀ ਗਈ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਾਂਸਟੀਚੁਐਂਟ ਕਾਲਜਾਂ, ਰੀਜ਼ਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ ਅਤੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।
  • ਪਟਿਆਲਾ, 6 ਜੂਨ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਡਰ-ਗਰੈਜੂਏਟ ਕੋਰਸਾਂ ਦੇ ਦਾਖ਼ਲਿਆਂ ਦੀ ਇੰਟਰਵਿਊ/ਕੌਂਸਲਿੰਗ ਦੇ ਦੂਜੇ ਦਿਨ ਵੀ ਕੈਂਪਸ ਵਿੱਚ ਵਿਦਿਆਰਥੀਆਂ ਦੀ ਵੱਡੀ ਰੌਣਕ ਵੇਖਣ ਨੂੰ ਮਿਲੀ। ਵੱਖ-ਵੱਖ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਪੁੱਜੇ ਵਿਦਿਆਰਥੀਆਂ ਦੇ ਚਿਹਰਿਆਂ ਉੱਤੇ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਸਬੰਧੀ ਵਿਸ਼ੇਸ਼ ਉਤਸ਼ਾਹ ਨਜ਼ਰ ਆਇਆ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੂਜੇ ਦਿਨ ਵੀ ਕੈਂਪਸ ਵਿੱਚ ਚੱਲ ਰਹੀ ਦਾਖ਼ਲਾ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸਾਰੇ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਯੂਨੀਵਰਸਿਟੀ ਪਹੁੰਚੇ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਬਾਤ ਕਰ ਕੇ ਉਨ੍ਹਾਂ ਤੋਂ ਕਿਸੇ ਵੀ ਸਮੱਸਿਆ ਬਾਰੇ ਪੁੱਛਿਆ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਦਾਖ਼ਲਾ ਲੈਣ ਆਏ ਵਿਦਿਆਰਥੀਆਂ ਦੀ ਸਹੂਲਤ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ।
  • ਪਟਿਆਲਾ, 5 ਜੂਨ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕੈਂਪਸ ਵਿੱਚ ਆਪਣੀ ਸਵੇਰ ਦੀ ਸ਼ੁਰੂਆਤ ਐੱਸ. ਐੱਸ. ਬੀਰ ਬੋਟੈਨੀਕਲ ਗਾਰਡਨ ਵਿੱਚ ਪੌਦਾ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਬੋਟੈਨੀਕਲ ਗਾਰਡਨ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਵੀ ਕੀਤਾ ਅਤੇ ਇੱਥੇ ਉਪਲਬਧ ਵੱਖ-ਵੱਖ ਦੁਰਲੱਭ ਕਿਸਮ ਦੀ ਬਨਸਪਤੀ ਨੂੰ ਵੇਖਿਆ। ਉਨ੍ਹਾਂ ਇਸ ਵਿਸ਼ੇਸ਼ ਅਤੇ ਵਿਲੱਖਣ ਕਿਸਮ ਦੇ ਬਗੀਚੇ ਦੀ ਸਾਂਭ ਸੰਭਾਲ਼ ਸਬੰਧੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਦੀ ਸ਼ਲਾਘਾ ਕੀਤੀ।
  • ਪਟਿਆਲਾ, 5 ਜੂਨ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਵਾਰ ਨਵੇਂ ਸੈਸ਼ਨ ਦੌਰਾਨ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦੀ ਤੋਂ ਵਧੇਰੇ ਵਾਧਾ ਸਾਹਮਣੇ ਆਇਆ ਹੈ। ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਸਬੰਧੀ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀ ਇੰਟਰਵਿਊ/ਕੌਂਸਲਿੰਗ ਪ੍ਰਕਿਰਿਆ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਅੱਜ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਯੂਨੀਵਰਸਿਟੀ ਦਾਖ਼ਲਾ ਲੈਣ ਪੁੱਜੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਬਾਤ ਕਰ ਕੇ ਉਨ੍ਹਾਂ ਦੇ ਵਿਚਾਰ ਅਤੇ ਸਮੱਸਿਆਵਾਂ ਬਾਰੇ ਵੀ ਜਾਣਿਆ।
  • ਪਟਿਆਲਾ, 3 ਜੂਨ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸਿ਼ਆਂ ਨਾਲ਼ ਸੰਬੰਧਤ ਤਿੰਨ ਪੁਸਤਕਾਂ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਗੋਸ਼ਟੀ ਦੌਰਾਨ ਬੁਲਾਰਿਆਂ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਜਿਨ੍ਹਾਂ ਤਿੰਨ ਪੁਸਤਕਾਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਗਏ ਉਨ੍ਹਾਂ ਵਿੱਚ 'ਮਨੁੱਖ ਹੈ ਕੌਣ ਮਾਨਵ ਜਾਂ ਦਾਨਵ', 'ਸੰਸਾਰ ਵਿਖੇ ਜੀਵ ਕਿਵੇਂ ਪਧਾਰੇ' ਅਤੇ 'ਜੀਵਨ ਅਤੇ ਵਿਚਰਨ ਸ਼ੈਲੀ' ਸ਼ਾਮਿਲ ਸਨ। ਗੋਸ਼ਟੀ ਲੜੀ ਤਹਿਤ ਕਰਵਾਏ ਗਏ ਇਸ ਪਲੇਠੇ ਸਮਾਗਮ ਦੀ ਪ੍ਰਧਾਨਗੀ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੀਤੀ। ਇਸ ਮੌਕੇ ਪ੍ਰੋ. ਸੁਰਜੀਤ ਸਿੰਘ ਢਿੱਲੋਂ ਜੀ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ।
  • ਪਟਿਆਲਾ, 3 ਜੂਨ ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਦੋ ਕੋਰਸ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਇਨ੍ਹਾਂ ਕੋਰਸਾਂ ਵਿੱਚੋਂ ਇੱਕ ਕੋਰਸ 'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਹੈ ਅਤੇ ਦੂਜਾ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜਨੀਅਰਿੰਗ' ਵਿਸ਼ੇ ਨਾਲ਼ ਸਬੰਧਤ ਰਿਫ਼ਰੈਸ਼ਰ ਕੋਰਸ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਕੋਰਸਾਂ ਦੇ ਸਾਂਝੇ ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
  • ਪਟਿਆਲਾ, 2 ਜੂਨ ਪੰਜਾਬੀ ਯੂਨੀਵਰਸਿਟੀ ਨੂੰ ਤੀਰਅੰਦਾਜ਼ੀ ਦੇ ਹਵਾਲੇ ਨਾਲ਼ ਦੋ ਖੁਸ਼ੀ ਵਾਲੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਯੂਨੀਵਰਸਿਟੀ ਦੀ ਹੋਣਹਾਰ ਤੀਰਅੰਦਾਜ਼ ਪਰਨੀਤ ਕੌਰ ਨੇ ਸੋਨੀਪਤ ਵਿਖੇ ਹੋਏ 'ਵਰਲਡ ਗੇਮਜ਼ 2025' ਦੇ ਟਰਾਇਲ ਦੌਰਾਨ ਪਹਿਲਾ ਸਥਾਨ ਹਾਸਲ ਕਰ ਕੇ ਚੀਨ ਦੇ ਚੇਂਗਦੂ ਸ਼ਹਿਰ ਵਿੱਚ 7 ਅਗਸਤ ਤੋਂ 17 ਅਗਸਤ 2025 ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਆਪਣੀ ਥਾਂ ਬਣਾ ਲਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ਼ ਭਾਰਤ ਲਈ ਕੋਟਾ ਸਥਾਨ ਵੀ ਜਿੱਤਿਆ ਹੈ। ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਇਹ ਜਣਕਾਰੀ ਦਿੰਦਿਆਂ ਦੱਸਿਆ ਕਿ ਓਧਰ ਦੂਜੇ ਪਾਸੇ ਯੂਨੀਵਰਸਿਟੀ ਦੀ ਤੀਰਅੰਦਾਜ਼ ਪੂਜਾ ਨੇ ਇਟਲੀ ਦੇ ਰੋਮ ਵਿਖੇ ਹੋਏ 'ਯੂਰਪੀਅਨ ਪੈਰਾ ਆਰਚਰੀ ਵਰਲਡ ਰੈੰਕਿੰਗ ਟੂਰਨਾਮੈਂਟ' ਵਿੱਚ ਤਿੰਨ ਤਗ਼ਮੇ ਜਿੱਤ ਲਏ ਹਨ। ਉਸ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਤਗ਼ਮਾ, ਵਿਮੈਨ'ਜ਼ ਡਬਲ ਟੀਮ ਵਿੱਚ ਕਾਂਸੀ ਤਗ਼ਮਾ ਅਤੇ ਮਿਕਸਡ ਟੀਮ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ।
  • ਪਟਿਆਲਾ, 1 ਜੂਨ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਹੈ ਕਿ ਯੂਨੀਵਰਸਿਟੀ ਦੇ ਇੱਕ ਖੋਜਾਰਥੀ ਵੱਲੋਂ ਵਿਕਸਿਤ ਕੀਤੇ ਗਏ ਹਵਾ ਦੀ ਸ਼ੁੱਧਤਾ/ਗੁਣਵੱਤਾ ਦੇ ਪੱਧਰ ਨੂੰ ਤੁਰੰਤ ਮਾਪ ਸਕਣ ਵਾਲ਼ੇ ਇੱਕ ਵਿਸ਼ੇਸ਼ ਯੰਤਰ ਨੂੰ ਭਾਰਤ ਸਰਕਾਰ ਤੋਂ ਪੇਟੈਂਟ ਹਾਸਿਲ ਹੋ ਗਿਆ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਤੋਂ ਪੀ-ਐੱਚ.ਡੀ. ਕਰ ਰਹੇ ਖੋਜਾਰਥੀ ਬਚਨਦੀਪ ਸਿੰਘ ਭੱਠਲ ਨੇ ‘ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ ਡਿਟੈਕਟਰ’ ਨਾਮਕ ਇਹ ਉਪਰਕਰਣ ਡਿਜ਼ਾਇਨ ਕੀਤਾ ਹੈ ਜਿਸ ਦੀ ਮਦਦ ਨਾਲ਼ ਹਵਾ ਦੀ ਗੁਣਵੱਤਾ ਨੂੰ ਤੁਰੰਤ ਚੈੱਕ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਵਿਖੇ ਉਹ ਡਾ. ਗੌਰਵ ਗੁਪਤਾ ਅਤੇ ਬ੍ਰਹਮਲੀਨ ਸਿੱਧੂ ਦੀ ਅਗਵਾਈ ਹੇਠ ਆਪਣਾ ਪੀ-ਐੱਚ.ਡੀ. ਖੋਜ ਕਾਰਜ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਖੋਜ ਵਿੱਚ ਡਾ. ਗੁਰਜੀਤ ਸਿੰਘ ਭੱਠਲ ਅਤੇ ਡਾ. ਪ੍ਰਿਯੰਕਾ ਗੁਪਤਾ ਦਾ ਵੀ ਯੋਗਦਾਨ ਰਿਹਾ ਹੈ।
  • ਪਟਿਆਲਾ, 29 ਮਈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਪ੍ਰੋਫ਼ੈਸਰ ਰਾਮ ਪ੍ਰਕਾਸ਼ ਭਾਂਬਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ ਨੇ ਦਿੱਤਾ। ਜਿ਼ਕਰਯੋਗ ਹੈ ਕਿ ਉੱਘੇ ਗਣਿਤ ਵਿਗਿਆਨੀ ਪ੍ਰੋ. ਰਾਮ ਪ੍ਰਕਾਸ਼ ਭਾਂਬਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਮੁੱਖ ਬੁਲਾਰੇ ਦਲਜੀਤ ਅਮੀ ਦੀ ਸ਼ਖ਼ਸੀਅਤ ਬਾਰੇ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਇਸ ਯੂਨੀਵਰਸਿਟੀ ਦੀਆਂ ਉਨ੍ਹਾਂ ਚੁਣਿੰਦਾ ਸ਼ਖ਼ਸੀਅਤਾਂ ਵਿੱਚ ਸ਼ਾਮਿਲ ਹਨ ਜੋ ਮੌਲਿਕ ਚਿੰਤਨ ਨਾਲ਼ ਜੁੜੀਆਂ ਹਨ।
  • ਪਟਿਆਲਾ, 29 ਮਈ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ 'ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ' ਅਧੀਨ 34ਵਾਂ ਆਨਲਾਈਨ ਵਿਖਿਆਨ ਕਰਵਾਇਆ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ, ਸੰਗੀਤ ਵਿਭਾਗ ਅਤੇ ਗੁਰਮਤਿ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ 'ਬਾਣੀ ਗੁਰੂ ਤੇਗ ਬਹਾਦਰ ਜੀ : ਰਾਗਾਤਮਕ ਪਰਿਪੇਖ' ਵਿਸ਼ੇ ਉੱਤੇ ਇਹ ਭਾਸ਼ਣ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਦਿੱਤਾ ਗਿਆ। ਇਸ ਸੰਵਾਦ ਦੌਰਾਨ ਸ੍ਰ. ਬ੍ਰਿਜਿੰਦਰ ਪਾਲ ਸਿੰਘ ਮੁੱਖ ਮਹਿਮਾਨ ਵਜੋਂ ਜੁੜੇ। ਕੋਆਰਡੀਨੇਟਰ ਡਾ. ਹਰਮਿੰਦਰ ਕੌਰ ਨੇ ਮੁੱਖ ਬੁਲਾਰੇ ਦੀ ਜਾਣ ਪਛਾਣ ਕਰਵਾਈ।
  • ਪਟਿਆਲਾ, 28 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਗਈ ਮਰਹੂਮ 'ਪੰਜਾਬੀ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਲੜੀ' ਅਧੀਨ ਪਹਿਲਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਵੱਲੋਂ ਆਪਣੇ ਵਡਮੁੱਲੇ ਸਾਹਿਤ ਨਾਲ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਅਥਾਹ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਡਾ. ਸੁਰਜੀਤ ਪਾਤਰ ਨਾਲ਼ ਆਪਣੀਆਂ ਕੁੱਝ ਮੁਲਕਾਤਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਨਿੱਘੇ ਸੁਭਾਅ ਦੇ ਗੁਣਵਾਨ ਮਨੁੱਖ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਸੁਰਜੀਤ ਪਾਤਰ ਇੱਥੋਂ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਦੀ ਗੋਦ ਵਿੱਚ ਬੈਠ ਕੇ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਜੋ ਥਾਂ ਡਾ. ਪਾਤਰ ਦੀ ਹੈ, ਉਹ ਕੋਈ ਦੂਜਾ ਨਹੀਂ ਲੈ ਸਕਦਾ।
  • ਪਟਿਆਲਾ, 28 ਮਈ ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਹਾਸਿਲ ਹੋਇਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਖਿਡਾਰੀ ਹਰਵਿੰਦਰ ਸਿੰਘ, ਉਸ ਦੇ ਕੋਚ ਅਤੇ ਖੇਡ ਵਿਭਾਗ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪੱਧਰ ਦੀਆਂ ਪ੍ਰਾਪਤੀਆਂ ਆਪਣੇ ਆਪ ਵਿੱਚ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬੀ ਯੂਨੀਵਰਸਿਟੀ ਸਿਰਫ਼ ਅਕਾਦਮਿਕ ਪੱਖੋਂ ਨਹੀਂ ਬਲਕਿ ਖੇਡਾਂ ਜਿਹੇ ਹੋਰਾਂ ਖੇਤਰਾਂ ਵਿੱਚ ਵੀ ਵੱਡੇ ਮਾਅਰਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਨੇ ਆਪਣੀ ਇਸ ਪ੍ਰਾਪਤੀ ਨਾਲ਼ ਜਿੱਥੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ ਉੱਥੇ ਹੀ ਉਹ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ।
  • ਪਟਿਆਲਾ, 28 ਮਈ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਅੰਤਰ ਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਦੇ 'ਪੰਜਾਬੀਅਤ' ਦੇ ਪ੍ਰਸਾਰ ਸਬੰਧੀ ਮਿਸ਼ਨ ਦਾ ਦੁਨੀਆਂ ਭਰ ਵਿੱਚ ਪ੍ਰਸਾਰ ਕਰਨ ਪੱਖੋਂ ਯੂਨੀਵਰਸਿਟੀ ਦੇ ਦੂਤ ਵੀ ਹਨ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਅੱਜ ਇੱਥੇ ਡਾਇਰੈਕਟੋਰੇਟ, ਅੰਤਰਰਾਸ਼ਟਰੀ ਮਾਮਲੇ ਵੱਲੋਂ ਕਰਵਾਏ ਗਏ 'ਪੰਜਾਬ ਸੰਵਾਦ' ਨਾਮਕ ਪ੍ਰੋਗਰਾਮ ਦੌਰਾਨ ਪ੍ਰਗਟਾਏ। ਮਾਨਸਿਕ ਸਿਹਤ ਦੇ ਵਿਸ਼ੇ ਉੱਤੇ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬੀ ਯੂਨੀਵਰਸਿਟੀ ਪੜ੍ਹਨ ਲਈ ਆਉਂਦੇ ਇਹ ਵਿਦਿਆਰਥੀ ਭਵਿੱਖ ਵਿੱਚ ਦੁਨੀਆਂ ਭਰ ਦੇ ਦੇਸਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਨਗੇ। ਉਨ੍ਹਾਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਭਾਵੇਂ ਕਿਸੇ ਵੀ ਕੋਰਸ ਵਿੱਚ ਦਾਖ਼ਲ ਹੋਣ ਪਰ ਆਮ ਬੋਲਚਾਲ ਸਬੰਧੀ ਪੰਜਾਬੀ ਭਾਸ਼ਾ ਦੇ ਕੁੱਝ ਸ਼ਬਦ ਅਤੇ ਫਿ਼ਕਰੇ ਜ਼ਰੂਰ ਸਿੱਖਣ ਤਾਂ ਕਿ ਉਹ ਆਪੋ ਆਪਣੇ ਦੇਸ ਵਾਪਸ ਪਰਤ ਕੇ ਇਨ੍ਹਾਂ ਸ਼ਬਦਾਂ ਅਤੇ ਫਿਕਰਿਆਂ ਦਾ ਇਸਤੇਮਾਲ ਕਰ ਸਕਣ। ਸੈਮੀਨਾਰ ਦੇ ਵਿਸ਼ੇ ਸਬੰਧੀ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਨੌਜਵਾਨਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਖਿ਼ਆਲ ਰੱਖਣਾ ਹੁਣ ਹੋਰ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦੇ ਵਿਸ਼ੇ ਨੂੰ ਯੂ.ਜੀ.ਸੀ. ਸਮੇਤ ਵੱਖ-ਵੱਖ ਵੱਕਾਰੀ ਅਦਾਰਿਆਂ ਨੇ ਵੀ ਗੰਭੀਰਤਾ ਨਾਲ਼ ਲੈਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਸਮੇਂ ਦੀ ਲੋੜ ਅਤੇ ਸਲਾਹੁਣਯੋਗ ਕਦਮ ਹੈ।
  • ਪਟਿਆਲਾ, 21 ਮਈ ਪੰਜਾਬੀ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਕਰਮਚਾਰੀ ਯੂਨੀਅਨਾਂ ਅਤੇ ਹੋਰ ਸਭ ਵਰਗਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਸਬੰਧੀ ਆਪਣੀਆਂ ਤਰਜੀਹਾਂ ਦੇ ਹਵਾਲੇ ਨਾਲ਼ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਮਾਣ ਮਹਿਸੂਸ ਕਰ ਰਹੇ ਹਨ ਕਿ ਜਿਸ ਸੰਸਥਾ ਤੋਂ ਉਨ੍ਹਾਂ ਖੁਦ ਆਪਣੀ ਉਚੇਰੀ ਸਿੱਖਿਆ ਹਾਸਿਲ ਕੀਤੀ ਹੈ, ਅੱਜ ਉਸ ਸੰਸਥਾ ਨੂੰ ਚਲਾਉਣ ਲਈ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਵਿੱਦਿਅਕ ਸੰਸਥਾਵਾਂ ਦੇ ਵੱਖ-ਵੱਖ ਕੋਰਸਾਂ ਨੂੰ ਸਬੰਧਤ ਇੰਡਸਟਰੀ ਨਾਲ਼ ਬਰ ਮੇਚ ਕੇ ਚਲਾਇਆ ਜਾਵੇ ਤਾਂ ਕਿ ਜਮੀਨੀ ਅਤੇ ਵਿਹਾਰਕ ਪੱਧਰ ਉੱਤੇ ਇੰਡਸਟਰੀ ਦੀਆਂ ਲੋੜਾਂ ਸਮਝ ਕੇ ਉਸ ਅਨੁਸਾਰ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕਾਰਜ ਕਰਨ ਲਈ ਸਬੰਧਤ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਬੋਰਡ ਆਫ਼ ਸਟੱਡੀਜ਼ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਪਾਠਕ੍ਰਮ ਨੂੰ ਵਿਉਂਤਣ ਸਮੇਂ ਉਨ੍ਹਾਂ ਦੀ ਪੇਸ਼ੇਵਰ ਸਲਾਹ ਦਾ ਲਾਭ ਲਿਆ ਜਾ ਸਕੇ।
  • ਪਟਿਆਲਾ, 20 ਮਈ ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਨੀਤੀ ਬਾਰੇ ਆਪਣਾ 19ਵਾਂ ਆਨਲਾਈਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੱਠ ਦਿਨਾ ਆਨਲਾਈਨ ਓਰੀਐਂਟੇਸ਼ਨ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜਬਹਾਲੀ ਕੇਂਦਰ ਅਤੇ ਐਨਵਾਇਰਨਮੈਂਟ ਸੈੱਲ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਉਨ੍ਹਾਂ ਨਾਲ਼ ਜੁੜੇ ਅਧਿਆਪਕਾਂ ਨੂੰ ਵਿਸ਼ੇ ਸਬੰਧੀ ਜਾਗਰੂਕ ਕਰਨ ਅਤੇ ਲੋੜੀਂਦੀ ਮੁਹਾਰਤ ਬਾਰੇ ਸਿਖਲਾਈ ਦੇਣ ਲਈ ਇਸ ਪ੍ਰੋਗਰਾਮ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਵਿਸ਼ੇਸ਼ ਲੋੜਾਂ ਬਾਬਤ ਕੌਮੀ ਸਿੱਖਿਆ ਨੀਤੀ 2020 ਦੀ ਅਹਿਮੀਅਤ ਨੂੰ ਠੀਕ ਤਰੀਕੇ ਨਾਲ਼ ਸਮਝਿਆ ਜਾਣਾ ਚਾਹੀਦਾ ਹੈ।
  • ਪਟਿਆਲਾ, 19 ਮਈ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਪਿਛਲੇ ਦਿਨੀਂ 'ਜੰਗ, ਸ਼ਾਂਤੀ ਅਤੇ ਭਰਮ: ਲਿੰਗਕ ਮੁੱਦੇ' ਸਿਰਲੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਤੋਂ ਸੁਰੱਖਿਆ ਅਤੇ ਰਣਨੀਤੀ ਅਧਿਐਨ ਮਾਹਿਰ ਡਾ. ਹਰਸੰਗੀਤ ਪਾਲ ਕੌਰ ਨੇ ਇਸ ਮੌਕੇ ਦਿੱਤੇ ਆਪਣੇ ਭਾਸ਼ਣ ਦੌਰਾਨ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਵੱਖ-ਵੱਖ ਰਾਸ਼ਟਰਾਂ ਲਈ ਯੁੱਧ ਅਤੇ ਸ਼ਾਂਤੀ ਦੇ ਸਮੇਂ ਵਿੱਚ ਸ਼ਾਮਲ ਬਹੁ-ਪੱਖੀ ਸਮਾਜਿਕ-ਰਾਜਨੀਤਿਕ ਚੁਣੌਤੀਆਂ ਅਤੇ ਆਮ ਜਨਤਾ ਤੋਂ ਲੈ ਕੇ ਮੀਡੀਆ ਤੱਕ ਸਮਝੇ ਜਾਂਦੇ ਵੱਖ-ਵੱਖ ਭਰਮਾਂ ਨੂੰ ਸਾਹਮਣੇ ਲਿਆਂਦਾ। 'ਆਪ੍ਰੇਸ਼ਨ ਸਿੰਦੂਰ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਔਰਤਾਂ ਦੀ ਭੂਮਿਕਾ ਦੇ ਸੰਦਰਭ ਵਿੱਚ ਵਿਸ਼ੇਸ਼ ਟਿੱਪਣੀਆਂ ਕੀਤੀਆਂ।
  • ਪਟਿਆਲਾ, 19 ਮਈ ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਦੋ ਨਵੇਂ ਹੋਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਇਸ ਬਾਰੇ ਜਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਹੋਸਟਲਾਂ ਵਿੱਚੋਂ ਇੱਕ ਹੋਸਟਲ ਓ.ਬੀ.ਸੀ. ਸ਼੍ਰੇਣੀ ਦੀਆਂ ਲੜਕੀਆਂ ਲਈ ਅਤੇ ਦੂਜਾ ਓ.ਬੀ.ਸੀ. ਸ਼੍ਰੇਣੀ ਦੇ ਲੜਕਿਆਂ ਲਈ ਹੋਵੇਗਾ। ਦੋਹੇਂ ਹੋਸਟਲਾਂ ਵਿੱਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਹੋਸਟਲ ਲਈ 3.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਯਾਨੀ ਪੰਜਾਬੀ ਯੂਨੀਵਰਸਿਟੀ ਲਈ ਕੁੱਲ 7.00 ਕਰੋੜ ਰੁਪਏ ਮਨਜ਼ੂਰ ਹੋਏ ਹਨ।
  • ਪਟਿਆਲਾ, 18 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਟੀਵੀ ਇਸ਼ਤਿਹਾਰਾਂ ਵਿੱਚ ਧੋਖਾਧੜੀ ਦੇ ਹੈਰਾਨ ਕਰਨ ਵਾਲ਼ੇ ਰੁਝਾਨ ਸਾਹਮਣੇ ਆਏ ਹਨ ਹੈ। ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਬੱਤਰਾ ਦੀ ਅਗਵਾਈ ਹੇਠ ਖੋਜਾਰਥੀ ਡਾ. ਰੁਚਿਕਾ ਵੱਲੋਂ ਕੀਤੇ ਗਏ ਇਸ ਅਧਿਐਨ ਤਹਿਤ ਟੀਵੀ ਉੱਤੇ ਆਉਣ ਵਾਲ਼ੇ ਇਸ਼ਤਿਹਾਰਾਂ ਵਿੱਚ 'ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ' ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਬਾਰੇ ਜਾਂਚ ਕੀਤੀ ਗਈ ਹੈ। ਖੋਜਾਰਥੀ ਡਾ. ਰੁਚਿਕਾ ਨੇ ਦੱਸਿਆ ਕਿ ਖਾਣ-ਪੀਣ ਨਾਲ਼ ਸਬੰਧਤ ਵਸਤੂਆਂ ਦੇ ਇਸ਼ਤਿਹਾਰਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਹ ਅਧਿਐਨ ਤਿੰਨ ਪ੍ਰਮੁੱਖ ਚੈਨਲਾਂ ਉੱਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਕਿ 63% ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰਾਂ ਵਿੱਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਹੋ ਰਹੀ ਹੈ। ਇਨ੍ਹਾਂ 63% ਇਸ਼ਤਿਹਾਰਾਂ ਵਿੱਚੋਂ 87.7% ਇਸ਼ਤਿਹਾਰਾਂ ਨੇ ਤੱਥਾਂ ਨੂੰ ਗ਼ਲਤ ਢੰਗ ਨਾਲ਼ ਦਰਸਾਇਆ, ਸਿਹਤ ਸੰਬੰਧੀ ਲਾਭਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂ ਆਪਣੇ ਪ੍ਰੋਡਕਟਸ ਦੇ ਚਮਤਕਾਰੀ ਨਤੀਜੇ ਦੱਸੇ—ਜੋ ਕਿ ਲੋਕਾਂ ਦੇ ਵਿਸ਼ਵਾਸ ਅਤੇ ਸੱਚੀ ਜਾਣਕਾਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨ੍ਹਾਂ ਵਿੱਚੋਂ ਲਗਭਗ 91.8% ਟੀਵੀ ਇਸ਼ਤਿਹਾਰਾਂ ਨੇ ਕੌਂਸਲ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਕੀਤੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰਾਂ ਵਿੱਚ ਜੰਕ ਫੂਡ ਨੂੰ ਪੋਸ਼ਣ ਵਾਲਾ ਦੱਸਣਾ ਜਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਆਦਿ ਦਾ ਰੁਝਾਨ ਆਮ ਹੈ। 39.7% ਇਸ਼ਤਿਹਾਰਾਂ ਵਿੱਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਵੱਲੋਂ ਸਬੰਧਤ ਪ੍ਰੋਡਕਟ ਬਾਰੇ ਪੁਸ਼ਟੀ ਕੀਤੇ ਜਾਣਾ ਸ਼ਾਮਲ ਰਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 82% ਇਸ਼ਤਿਹਾਰ ਗ਼ਲਤ ਦਾਅਵਿਆਂ ਨਾਲ਼ ਭਰੇ ਹੋਏ ਸਨ, ਜਿੱਥੇ ਵਿਗਿਆਨਕ ਤੱਥਾਂ ਜਾਂ ਪੁਸ਼ਟੀ ਦੀ ਬਜਾਇ 'ਸਟਾਰਡਮ' ਨੂੰ ਤਰਜੀਹ ਦਿੱਤੀ ਗਈ। ਇਨ੍ਹਾਂ ਵਿੱਚੋਂ 42.5% ਇਸ਼ਤਿਹਾਰਾਂ ਵਿੱਚ ਦਿੱਤੇ ਗਏ 'ਡਿਸਕਲੇਮਰ' ਪੜ੍ਹਨ ਯੋਗ ਨਹੀਂ ਸਨ ਜਾਂ ਬਹੁਤ ਹੀ ਛੋਟੇ ਸਨ, ਜਿਸ ਕਾਰਨ ਮਹੱਤਵਪੂਰਨ ਸਿਹਤ ਸੰਬੰਧੀ ਜਾਣਕਾਰੀ ਛੁਪ ਜਾਂਦੀ ਸੀ ਅਤੇ ਗ਼ਲਤ ਦਾਅਵੇ ਵੀ ਉਭਰ ਕੇ ਸਾਹਮਣੇ ਆਉਂਦੇ ਸਨ। ਕਈ ਵਾਰ ਤਾਂ ਅਜਿਹੇ ਸ਼ਬਦਾਂ ਜਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਜੋ ਸਬੰਧਤ ਟੀਵੀ ਦੀ ਭਾਸ਼ਾ ਨਾਲ਼ ਮੇਲ ਨਹੀਂ ਖਾਂਦੀ। ਇਨ੍ਹਾਂ ਵਿੱਚ 4.1% ਇਸ਼ਤਿਹਾਰ ਲਿੰਗ ਅਧਾਰਤ ਭੇਦਭਾਵ ਨੂੰ ਵੀ ਵਧਾਵਾ ਦੇ ਰਹੇ ਸਨ। ਅਧਿਐਨ ਤੋਂ ਪਤਾ ਲੱਗਾ ਕਿ 58% ਲੋਕ ਜਾਣਦੇ ਹਨ ਕਿ ਟੀਵੀ ਇਸ਼ਤਿਹਾਰਾਂ ਵਿੱਚ ਧੋਖਾ ਹੋ ਸਕਦਾ ਹੈ ਅਤੇ 51% ਲੋਕ ਉਨ੍ਹਾਂ ਦੇ ਦਾਅਵਿਆਂ 'ਤੇ ਭਰੋਸਾ ਨਹੀਂ ਕਰਦੇ; ਪਰ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ। ਉਦਾਹਰਨ ਵਜੋਂ, 68% ਲੋਕ ਸੁੰਦਰ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਸਿਹਤ ਅਤੇ ਵਜ਼ਨ ਘਟਾਉਣ ਵਾਲੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ, 59% ਸ਼ੂਗਰ ਵਾਲ਼ੇ ਉਤਪਾਦਾਂ ਨੂੰ ਵਿਸ਼ੇਸ਼ਤਾ ਨਾਲ ਜੋੜਦੇ ਹਨ, ਅਤੇ 61% ਲੋਕ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਸਿਹਤ ਲਾਭ ਸਬੰਧੀ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ।
  • ਪਟਿਆਲਾ, 14 ਮਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਖੇ ਪੰਜ ਸਾਲਾ ਬੀ.ਏ-ਐੱਮ.ਏ (ਯੂ ਜੀ-ਪੀ ਜੀ) ਦੀ ਨਵੀਂ ਡਿਗਰੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਵਿਭਾਗ ਪੰਜਾਬ ਦਾ ਇਕਲੌਤਾ ਵਿਭਾਗ ਹੈ ਜਿੱਥੇ ਭਾਸ਼ਾ ਵਿਗਿਆਨ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤਾ ਇਹ 5 ਸਾਲਾ ਕੋਰਸ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪ੍ਰਾਈਵੇਟ ਖੇਤਰ ਵਿਚ ਰੁਜ਼ਗਾਰ ਹਾਸਲ ਕਰ ਲਈ ਵੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀ (AI), ਮਨੁੱਖੀ ਭਾਸ਼ਾ ਪ੍ਰਕਿਰਿਆ, ਡੀਪ ਲਰਨਿੰਗ, ਕੰਪੂਟੇਸ਼ਨਲ ਲਿੰਗੂਇਸਟਿਕ, ਭਾਸ਼ਾ ਤਕਨਾਲੋਜੀ, ਮਸ਼ੀਨੀ ਅਨੁਵਾਦ, ਮਸ਼ੀਨੀ ਲਿਪੀਅੰਤਰਨ, ਸਪੀਚ ਪਛਾਣ, ਪਾਠ ਸੰਖੇਪਕਾਰ, ਭਾਵਨਾ ਵਿਸ਼ਲੇਸ਼ਣ, ਭਾਸ਼ਾ (ਪੰਜਾਬੀ) ਅਧਿਐਨ-ਅਧਿਆਪਨ ਨਾਲ ਸਬੰਧਿਤ ਸਾਫ਼ਟਵੇਅਰ ਬਣਾਉਣ ਵਿਚ ਕੰਪਿਊਟਰ ਪ੍ਰੋਗਰਾਮਰ ਦੇ ਨਾਲ-ਨਾਲ ਭਾਸ਼ਾ ਵਿਗਿਆਨੀ ਦੀ ਲੋੜ ਪੈਂਦੀ ਹੈ।
  • ਪਟਿਆਲਾ, 11 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਤਾਜ਼ਾ ਅਧਿਐਨ ਰਾਹੀਂ ਦੇਸ ਵਿੱਚ ਨਿਰਮਾਣ (ਮੈਨੂਫੈਕਚਰਿੰਗ) ਇੰਡਸਟਰੀ ਨੂੰ ਹੋਰ ਵਧੇਰੇ ਵਾਤਾਵਰਣ ਪੱਖੀ ਅਤੇ ਟਿਕਾਊ ਬਣਾਉਣ ਦੀਆਂ ਵਿਧੀਆਂ ਬਾਰੇ ਖੋਜ ਕੀਤੀ ਗਈ ਹੈ। ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਤੋਂ ਖੋਜਾਰਥੀ ਡਾ. ਫਤਿਹਬੀਰ ਸਿੰਘ ਢਿੱਲੋਂ ਵੱਲੋਂ ਨਿਗਰਾਨ ਡਾ. ਚੰਦਨ ਦੀਪ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਇਸ ਅਧਿਐਨ ਰਾਹੀਂ ਭਾਰਤ ਦੇ ਨਿਰਮਾਣ ਖੇਤਰ ਵਿੱਚ ਟਿਕਾਊ ਅਮਲਾਂ ਦੀ ਮਹੱਤਤਾ ਨੂੰ ਦੇਸ ਦੀ ਆਰਥਿਕਤਾ ਦੇ ਅਧਾਰ ਵਜੋਂ ਉਜਾਗਰ ਕੀਤਾ ਗਿਆ ਹੈ।
  • ਪਟਿਆਲਾ, 8 ਮਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ ਗਿਆ। ਸਿਹਤ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ. ਐੱਸ. ਡੀ. ) ਸ਼੍ਰੀ ਸ਼ਾਲੀਨ ਮਿੱਤਰਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ। ਯੂਨੀਵਰਸਿਟੀ ਵਿਖੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਮਮਤਾ ਸ਼ਰਮਾ, ਡਾ. ਮਨਦੀਪ ਕੌਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੌਂਸਲਰ ਡਾ. ਰੂਬੀ ਗੁਪਤਾ ਨੇ ਇਸ ਸੈਸ਼ਨ ਦੇ ਆਯੋਜਨ ਅਤੇ ਸੰਵਾਦ ਰਚਾਉਣ ਵਿੱਚ ਭੂਮਿਕਾ ਨਿਭਾਈ।
  • ਪਟਿਆਲਾ, 8 ਮਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ ਗਿਆ। ਸਿਹਤ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ. ਐੱਸ. ਡੀ. ) ਸ਼੍ਰੀ ਸ਼ਾਲੀਨ ਮਿੱਤਰਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ। ਯੂਨੀਵਰਸਿਟੀ ਵਿਖੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਮਮਤਾ ਸ਼ਰਮਾ, ਡਾ. ਮਨਦੀਪ ਕੌਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੌਂਸਲਰ ਡਾ. ਰੂਬੀ ਗੁਪਤਾ ਨੇ ਇਸ ਸੈਸ਼ਨ ਦੇ ਆਯੋਜਨ ਅਤੇ ਸੰਵਾਦ ਰਚਾਉਣ ਵਿੱਚ ਭੂਮਿਕਾ ਨਿਭਾਈ।
  • ਪਟਿਆਲਾ, 8 ਮਈ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਪੂਜਾ ਅਤੇ ਹਰਵਿੰਦਰ ਸਿੰਘ ਨੇ ਭਾਰਤੀ ਤੀਰਅੰਦਾਜ਼ੀ ਟੀਮ ਵਿੱਚ ਆਪਣੀ ਚੋਣ ਪੱਕੀ ਕਰ ਲਈ ਹੈ। ਇਹ ਦੋਵੇਂ ਖਿਡਾਰੀ ਮਈ 2025 ਵਿੱਚ ਇਟਲੀ 'ਚ ਹੋਣ ਵਾਲ਼ੇ ਵਅਲਡ ਰੈਂਕਿੰਗ ਟੂਰਨਾਮੈਂਟ ਅਤੇ ਜੂਨ 2025 ਵਿੱਚ ਚੀਨ 'ਚ ਹੋਣ ਵਾਲੀ ਪੈਰਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖਿਡਾਰੀ ਪਿਛਲੇ 10 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਨਿਯਮਤ ਤੌਰ 'ਤੇ ਅਭਿਆਸ ਕਰ ਰਹੇ ਹਨ।
  • ਪਟਿਆਲਾ, 6 ਮਈ ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਨੀਤੀ ਬਾਰੇ ਓਰੀਐਂੇਟਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਕਰਵਾਏ ਜਾ ਰਹੇ ਇਸ ਅੱਠ ਦਿਨਾ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਭੇਜਿਆ ਵੀਡੀਓ ਸੰਦੇਸ਼ ਪ੍ਰਸਾਰਿਤ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੌਮੀ ਸਿੱਖਿਆ ਨੀਤੀ ਬਾਰੇ ਜਾਣੂ ਹੋਣਾ ਅਤੇ ਅਧਿਆਪਕਾਂ ਨੂੰ ਦੇਸ ਦੇ ਨਿਰਮਾਣ ਲਈ ਤਿਆਰ ਕਰਨ ਦੇ ਉਦੇਸ਼ ਨਾਲ਼ ਕਰਵਾਏ ਜਾ ਰਹੇ ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ਦੇ ਵੱਖ-ਵੱਖ ਪੱਖਾਂ ਬਾਰੇ ਜਾਣ ਕੇ ਅਧਿਆਪਕ ਆਪਣੇ ਪੇਸ਼ੇ ਵਿੱਚ ਹੋਰ ਵਧੇਰੇ ਸਮਰਥਾ ਨਾਲ਼ ਕਾਰਜ ਕਰ ਸਕਦੇ ਹਨ।
  • ਪਟਿਆਲਾ, 6 ਮਈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ, ਅਤੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਵੱਲੋਂ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ' ਬਾਰੇ ਗੋਸ਼ਟੀ ਕਰਵਾਈ ਗਈ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਇਸ ਕਿਤਾਬ ਦਾ ਮੁੱਢ ਲੇਖਕ ਹਰਲੀਨ ਸਿੰਘ ਦੇ ਪਰਿਵਾਰ ਦੀਆਂ ਨਿੱਜੀ ਯਾਦਾਂ ਤੋਂ ਬੱਝਦਾ ਹੈ। ਉਨ੍ਹਾਂ ਦੱਸਿਆ ਕਿ ਵੰਡ ਵੇਲੇ ਹਰਲੀਨ ਸਿੰਘ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਲੋਕਾਂ ਵਿਚ ਸ਼ਾਮਿਲ ਸੀ। ਇਸ ਤਰ੍ਹਾਂ ਪਰਿਵਾਰ ਦੇ ਇਤਿਹਾਸ ਨੇ ਲੇਖਕ ਨੂੰ ਵੰਡ ਨਾਲ ਸੰਬੰਧਿਤ ਅਣਗ਼ੌਲ਼ਿਆ ਤੇ ਅਲਿਖਤ ਇਤਿਹਾਸ ਅਤੇ ਕਹਾਣੀਆਂ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਪੁਰੀ ਨੇ ਕਿਤਾਬ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਇਹ ਕਿਤਾਬ ਔਰਤਾਂ ਨੂੰ ਅਲੌਕਿਕ ਹੋਂਦ ਵਜੋਂ ਨਹੀਂ ਸਗੋਂ ਜੀਵੰਤ ਵਜੂਦ ਵਿਚ ਪੇਸ਼ ਕਰਦੀ ਹੈ।
  • ਪਟਿਆਲਾ, 1 ਮਈ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ‘ਪੰਜਾਬੀ ਸਹਿਤ ਅਤੇ ਸੱਭਿਆਚਾਰ : ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਆਯੋਜਤ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਦੂਜੇ ਦਿਨ ਦੌਰਾਨ ਦੁਨੀਆ ਭਰ ਤੋਂ ਇਕੱਠੇ ਹੋਏ ਸਾਹਿਤਕਾਰਾਂ, ਆਲੋਚਕਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸੰਬੰਧੀ ਬਹੁਤ ਹੀ ਮੁੱਲਵਾਨ ਵਿਚਾਰ ਪੇਸ਼ ਕੀਤੇ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਇਸ ਵਾਰ 'ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ' ਦੇ ਉਦਘਾਟਨ ਨਾਲ਼ ਮਨਾਇਆ ਗਿਆ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 'ਪੰਜਾਬੀ ਸਾਹਿਤ ਅਤੇ ਸਭਿਆਚਾਰ: ਸਥਿਤੀ ਤੇ ਸੰਭਾਵਨਾਵਾਂ' ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਸਥਾਪਨਾ ਦਿਵਸ ਸਬੰਧੀ ਭਾਸ਼ਣ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਬੀ. ਐੱਸ. ਘੁੰਮਣ ਵੱਲੋਂ ਦਿੱਤਾ ਗਿਆ।
  • ਪਟਿਆਲਾ, 29 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੀ ਵਾਤਾਵਰਣ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਕਰਵਾਈਆਂ ਜਾ ਰਹੀਆਂ ਨੁੱਕੜ ਨਾਟਕ ਪੇਸ਼ਕਾਰੀਆਂ ਦੀ ਲੜੀ ਤਹਿਤ ਯੂਨੀਵਰਸਿਟੀ ਕੈੰਪਸ ਵਿਖੇ ਵੀ ਨੁੱਕੜ ਨਾਟਕ ਪੇਸ਼ਕਾਰੀ ਕਰਵਾਈ ਗਈ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਮੁਖੀ ਅਤੇ ਵਾਤਾਵਰਣ ਸੋਸਾਇਟੀ ਦੇ ਇੰਚਾਰਜ ਡਾ ਉਂਕਾਰ ਸਿੰਘ ਨੇ ਇਸ ਬਾਰੇ ਜਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੁੱਕੜ ਨਾਟਕ ਪੇਸ਼ਕਾਰੀਆਂ 'ਮਿਸ਼ਨ ਲਾਈਫ਼' ਦੇ ਸੱਤ ਵਿਸ਼ਿਆਂ ਉੱਤੇ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿਸ਼ਿਆਂ ਵਿੱਚ ਵਿੱਚ ਊਰਜਾ ਬੱਚਤ, ਪਾਣੀ ਬੱਚਤ, ਪਲਾਸਟਿਕ ਵਰਤੋਂ ਦੀ ਰੋਕਥਾਮ, ਈ-ਵੇਸਟ ਰੋਕਥਾਮ, ਟਿਕਾਊ ਭੋਜਨ ਪ੍ਰਣਾਲੀਆਂ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ ਆਦਿ ਸ਼ਾਮਿਲ ਸਨ ਜਿਨ੍ਹਾਂ ਬਾਰੇ ਕਾਲਜਾਂ, ਸਕੂਲਾਂ ਅਤੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਉੱਤੇ ਇਹ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ।
  • ਪਟਿਆਲਾ, 28 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਤਿੰਨ ਵਿਦਿਆਰਥੀਆਂ ਨੇ ਲੁਧਿਆਣਾ ਦੀ ਸੀ.ਟੀ. ਯੂਨੀਵਰਸਿਟੀ ਵਿੱਚ ਹੋਏ 'ਸਾਈਕੋਫ਼ੈਸਟ 2025' ਦੌਰਾਨ ਦੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀਆਂ ਦੋ ਵਿਦਿਆਰਥੀ ਲੜਕੀਆਂ ਵੰਸ਼ਿਕਾ ਮਾਗੋ ਨੇ ਅਤੇ ਦੁਸ਼ਾਰ ਬਿਸ਼ਨੋਈ ਨੇ ਕੁਇਜ਼ ਅਤੇ ਡਿਬੇਟ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸੰਜਨਾ ਭਾਰਦਵਾਜ ਨੇ ਆਪਣੀਆਂ ਸ਼ਾਨਦਾਰ ਅਦਾਵਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਦਿਆਂ ਡਾਂਸ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ
  • ਪਟਿਆਲਾ, 28 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜੰਗਾ, ਸ਼ਿਮਲਾ ਹਿਲਜ਼ ਦੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼ ਨਾਲ਼ ਵਿਸ਼ੇਸ਼ ਇਕਰਾਰਨਾਮਾ (ਐੱਮ. ਓ.ਯੂ.) ਕੀਤਾ ਗਿਆ ਹੈ। ਦੋਵਾਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਇਸ ਇਕਰਾਰਨਾਮੇ ਦੇ ਦਸਤਾਵੇਜ਼ਾਂ ਉੱਤੇ ਹਸਤਾਖ਼ਰ ਕੀਤੇ। ਪੰਜਾਬੀ ਯੂਨਵਿਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਸਰਵਿਸਜ਼, ਜੰਗਾ, ਸ਼ਿਮਲਾ ਹਿਲਜ਼ ਤੋਂ ਡਾਇਰੈਕਟਰ ਡਾ. ਮੀਨਾਕਸ਼ੀ ਮਹਾਜਨ ਨੇ ਦਸਤਖ਼ਤ ਕੀਤੇ ਹਨ।
  • ਪਟਿਆਲਾ, 27 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਹਿਸਟਰੀ ਕਾਨਫ਼ਰੰਸ ਦਾ 55ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ ਇਸ ਕਾਨਫ਼ਰੰਸ ਵਿੱਚ 'ਪੰਜਾਬ ਵਿੱਚ ਧਰਮ: ਉਨ੍ਹਾਂ ਦੀ ਪ੍ਰਗਤੀ ਅਤੇ ਪ੍ਰਭਾਵ' ਵਿਸ਼ੇ ਉੱਤੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ। ਆਈ.ਆਈ.ਟੀ., ਜੰਮੂ ਦੇ ਵਿਜ਼ਿਟਿੰਗ ਪ੍ਰੋਫੈਸਰ ਡਾ. ਸ਼ਿਆਮ ਨਾਰਾਇਣ ਲਾਲ ਵੱਲੋਂ ਵਿਦਾਇਗੀ ਸੈਸ਼ਨ ਦੌਰਾਨ ਜੰਮੂ ਅਤੇ ਪੰਜਾਬ ਦੇ ਸਥਾਨਕ ਅਤੇ ਧਾਰਮਿਕ ਦੇਵਤਿਆਂ ਬਾਰੇ ਕਾਨਫ਼ਰੰਸ ਦਾ ਸਮਾਪਤੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਪੰਜਾਬ ਅਤੇ ਜੰਮੂ ਦੇ ਖੇਤਰਾਂ ਵਿੱਚ ਗੁੱਗਾ ਪੀਰ, ਸੀਤਲਾ ਮਾਤਾ ਅਤੇ ਜਟੇਹਰਾ ਦੇਵਤਿਆਂ ਦੀ ਪੂਜਾ ਸਬੰਧੀ ਪ੍ਰਚਲਨ ਬਾਰੇ ਚਰਚਾ ਕੀਤੀ।
  • ਪਟਿਆਲਾ, 25 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ ਪੰ-ਦਿਨਾ ਬਹੁ-ਅਨੁਸ਼ਾਸਨੀ ਫ਼ੈਕਲਟੀ ਵਿਕਾਸ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। '2047 ਦੇ ਭਾਰਤ ਲਈ ਟਿਕਾਊ ਹੁਨਰ, ਰਣਨੀਤੀਆਂ ਅਤੇ ਹੱਲ' ਵਿਸ਼ੇ ਉੱਤੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਚਿੰਤਕਾਂ ਨੇ ਆਪਣੇ ਵਿਚਾਰ ਪ੍ਰਗਟਾਏ। ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਿਮਟ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਬੀ.ਐੱਸ. ਭਾਟੀਆ ਨੇ ਇਸ ਮੌਕੇ ਬੋਲਦਿਆਂ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਹੁਨਰ ਵਿਕਾਸ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਲੰਬੇ ਸਮੇਂ ਦੀ ਸੋਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਅਜਿਹੇ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਟਿਕਾਊ ਹੋਵੇ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਗੈਰ-ਨਵਿਆਉਣਯੋਗ ਸਰੋਤਾਂ ਨੂੰ ਬਰਬਾਦ ਕਰਨ ਦੀ ਕੀਮਤ 'ਤੇ ਵਿਕਾਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਫ਼ੈਕਲਟੀ ਮੈਂਬਰਾਂ ਨੂੰ ਸਿੱਖਿਆ ਅਤੇ ਸੰਸਥਾਗਤ ਢਾਂਚੇ ਵਿੱਚ ਸਥਿਰਤਾ, ਨਵੀਨਤਾ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।
  • ਪਟਿਆਲਾ, 25 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਬਲਦੇਵ ਸਿੰਘ ਧਾਲੀਵਾਲ ਦੀ ਨਵ-ਸੰਪਾਦਿਤ ਪੁਸਤਕ 'ਗੁਰਲਾਲ ਸਿੰਘ ਦਾ ਸਮੀਖਿਆ-ਸੰਸਾਰ (ਭਾਗ ਪਹਿਲਾ- ਪੰਜਾਬੀ ਕਹਾਣੀ ਚਿੰਤਨ)' ਉੱਪਰ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੌਰਾਨ ਸਭ ਤੋਂ ਪਹਿਲਾਂ ਪਹਿਲਗ਼ਾਮ ਦੇ ਆਤੰਕੀ ਹਮਲੇ ਵਿਚ ਮਾਰੇ ਗਏ ਭਾਰਤੀ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਵਿਭਾਗ ਮੁਖੀ ਡਾ. ਗੁਰਮੁਖ ਸਿੰਘ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਇਸ ਪੁਸਤਕ ਦੇ ਹਵਾਲੇ ਡਾ. ਗੁਰਲਾਲ ਸਿੰਘ ਦੇ ਨਾਲ-ਨਾਲ ਪੰਜਾਬੀ ਦੇ ਪ੍ਰਬੁੱਧ ਗਲਪ ਆਲੋਚਕ ਡਾ. ਜੋਗਿੰਦਰ ਸਿੰਘ ਰਾਹੀ ਨੂੰ ਵੀ ਯਾਦ ਕਰਨ ਦਾ ਸਬੱਬ ਹੈ। ਉਨ੍ਹਾਂ ਨੇ ਦੱਸਿਆ ਕਿ ਡਾ. ਗੁਰਲਾਲ ਸਿੰਘ ਦਾ ਅਧਿਐਨ ਕਾਰਜ ਪੰਜਾਬੀ ਕਹਾਣੀ ਅਲੋਚਨਾ ਦੇ ਖੇਤਰ ਵਿਚ ਸਿਧਾਂਤ ਤੇ ਵਿਹਾਰ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ।
  • ਪਟਿਆਲਾ, 24 ਅਪ੍ਰੈਲ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ਲੇਖਿਕਾ ਸੁਰਜੀਤ ਕੈਨੇਡਾ ਦੀ ਪੁਸਤਕ 'ਟਵਿਨ ਫਲੇਮ' ਦਾ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਲੇਖਿਕਾ ਸੁਰਜੀਤ ਕੈਨੇਡਾ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਡਾ. ਅਜੇ ਵਰਮਾ ਵੱਲੋਂ ਇਸ ਪੁਸਤਕ ਸਬੰਧੀ ਵਿਚਾਰ ਚਰਚਾ ਕਰਦਿਆਂ ਦੱਸਿਆ ਗਿਆ ਕਿ ਪੁਸਤਕ ਵਿਚ ਲੇਖਿਕਾ ਦੇ ਅੰਤਰ ਮਨ ਦਾ ਬ੍ਰਹਮੰਡ ਨਾਲ ਸੰਵਾਦ ਹੈ ਅਤੇ ਆਪਣੀ ਹੋਂਦ ਨੂੰ ਜਾਨਣ ਦਾ ਮਸਲਾ ਹੈ। ਡਾ. ਪੁਸ਼ਪਿੰਦਰ ਕੌਰ ਵੱਲੋਂ ਸੁਰਜੀਤ ਕਨੇਡਾ ਦੀਆਂ ਪਹਿਲੀਆਂ ਸਾਹਿਤਕ ਕਿਰਤਾਂ ਬਾਰੇ ਅਤੇ ਸਬੰਧਤ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
  • ਪਟਿਆਲਾ, 23 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਦਮਨਜੀਤ ਸੰਧੂ ਨੇ ਅੱਜ ਯੂਨੀਵਰਸਿਟੀ ਵਿਖੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਡੀਨ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਬੀਤੇ ਕੱਲ੍ਹ ਉਨ੍ਹਾਂ ਨੂੰ ਇਸ ਅਹੁਦੇ ਉੱਤੇ ਤਾਇਨਾਤ ਕੀਤੇ ਜਾਣ ਸਬੰਧੀ ਆਦੇਸ਼ ਹੋਏ ਸਨ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਡਾ. ਜਸਵਿੰਦਰ ਸਿੰਘ ਬਰਾੜ, ਵਿੱਤ ਅਫ਼ਸਰ ਪ੍ਰਮੋਦ ਅੱਗਰਵਾਲ ਅਤੇ ਹੋਰ ਅਧਿਕਾਰੀ ਅਤੇ ਅਧਿਆਪਕ ਸੰਘ ਦੇ ਮੈਂਬਰ ਹਾਜ਼ਰ ਰਹੇ।
  • ਪਟਿਆਲਾ, 23 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ 'ਸ਼ਹੀਦ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਯਾਦਗਾਰੀ ਭਾਸ਼ਣ' ਕਰਵਾਇਆ ਗਿਆ। 'ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ ਵਿਸ਼ੇ' ਉੱਤੇ ਇਹ ਭਾਸ਼ਣ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ, ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਗਬੀਰ ਸਿੰਘ ਚੀਮਾ ਵੱਲੋਂ ਦਿੱਤਾ ਗਿਆ। ਡਾ. ਜਗਬੀਰ ਸਿੰਘ ਚੀਮਾ ਨੇ ਆਪਣੇ ਭਾਸ਼ਣ ਵਿੱਚ ਭਾਰਤੀ ਫੌਜ ਅਤੇ ਉਸ ਨਾਲ ਪੰਜਾਬ ਦੇ ਸੰਬੰਧਾਂ ਬਾਰੇ ਬਹੁਤ ਸਾਰੇ ਪੱਖਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਫੌਜ ਨਾਲ਼ ਸਬੰਧਤ ਵਿਰਸਾ ਬਹੁਤ ਹੀ ਮਾਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ ਸਿਰਫ਼ ਦੋ ਪ੍ਰਤੀਸ਼ਤ ਹੈ ਜਦੋਂ ਕਿ ਪੰਜਾਬੀਆਂ ਦੀ ਸੈਨਾਵਾਂ ਵਿੱਚ ਭਾਗੀਦਾਰੀ 7 ਪ੍ਰਤੀਸ਼ਤ ਤੱਕ ਹੁੰਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਫੌਜ ਵਿੱਚ ਬਹਾਦਰੀ ਦੇ ਮਿਲਣ ਵਾਲੇ ਸਨਮਾਨ ਪੰਜਾਬੀਆਂ ਨੂੰ ਤਕਰੀਬਨ 17 ਪ੍ਰਤੀਸ਼ਤ ਤੱਕ ਮਿਲੇ ਹਨ। ਪੰਜਾਬ ਵਿੱਚੋਂ ਹੋਏ ਫੌਜ ਦੇ ਸ਼ਹੀਦਾਂ ਦੀ ਕੁਰਬਾਨੀ ਦਾ ਇਥੋਂ ਵੀ ਪਤਾ ਲੱਗਦਾ ਹੈ ਕਿ ਭਾਰਤ ਦੇ ਹੋਰ ਕਿਸੇ ਵੀ ਸੂਬੇ ਨਾਲੋਂ ਜਿਆਦਾ ਸ਼ਹੀਦਾਂ ਦੀਆਂ ਵਿਧਵਾਵਾਂ ਪੰਜਾਬ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਜਿੰਨਾ ਭਾਰਤੀ ਫੌਜ ਵਿੱਚ ਪੰਜਾਬੀਆਂ ਲਈ ਭਰਤੀ ਦਾ ਕੋਟਾ ਰੱਖਿਆ ਜਾਂਦਾ ਹੈ ਉਸ ਦੀ ਪੂਰਨ ਭਰਪਾਈ ਵੀ ਪੰਜਾਬ ਵਿੱਚੋਂ ਨਹੀਂ ਹੋ ਰਹੀ ਹੈ।
  • ਪਟਿਆਲਾ, 22 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ 'ਵਿਸ਼ਵ ਧਰਤੀ ਦਿਵਸ' ਮੌਕੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸੈਂਟਰ ਫਾਰ ਰੈਸਟੋਰੇਸ਼ਨ ਅਤੇ ਈਕੋਸਿਸਟਮ ਪੰਜਾਬ ਅਤੇ ਇਨਵਾਇਰਨਮੈਂਟ ਸੈੱਲ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਕੈਂਪਸ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਾਗਰੂਤਾ ਰੈਲੀ ਦਾ ਮੁੱਖ ਉਦੇਸ਼ ਲੋਕਾਈ ਨੂੰ ਧਰਤੀ ਦੀ ਸੁੰਦਰਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਸੀ। ਡਾ. ਗਿੱਲ ਨੇ ਵਲੰਟੀਅਰਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਕੋਸ਼ਿਸ਼ ਕਰ ਕੇ ਧਰਤੀ ਉੱਤੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਕੋਈ ਖਤਰਾ ਨਾ ਹੋਵੇ।
  • ਪਟਿਆਲਾ, 22 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਵਿਭਾਗ ਦੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਹਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਭਾਗ ਦੇ ਸੇਵਾ ਮੁਕਤ ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ 'ਗੋਪਾ ਫਾਊਂਡੇਸ਼ਨ' ਦੇ ਬੈਨਰ ਹੇਠ ਤਿੰਨ ਵਿਦਿਆਰਥੀਆਂ ਨੂੰ 11000/-ਰੁਪਏ ਪ੍ਰਤੀ ਵਿਦਿਅਰਥੀ ਦੇ ਹਿਸਾਬ ਨਾਲ਼ 'ਬਰਜਿੰਦਰ ਦਰਗਨ ਮੈਮੋਰੀਅਲ ਸਕਾਲਰਸ਼ਿਪ' ਪ੍ਰਦਾਨ ਕੀਤੀ ਗਈ। ਇਹ ਸਕਾਲਰਸ਼ਿਪ ਐੱਮ-ਐੱਸ. ਸੀ. ਆਨਰਜ਼ ਬਾਟਨੀ (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਸ਼ੀਸ਼ ਕੁਮਾਰ ਅਤੇ ਐੱਮ-ਐੱਸ. ਸੀ. ਆਨਰਜ਼ ਬਾਟਨੀ (ਦੋ ਸਾਲਾ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਰੀਤੂ ਸ਼ਰਮਾ ਅਤੇ ਰਮਨਦੀਪ ਕੌਰ ਨੂੰ ਪ੍ਰਦਾਨ ਕੀਤੀ ਗਈ।
  • ਪਟਿਆਲਾ, 20 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਇਲੈਕਟਰੌਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਵਿਖੇ ਕੀਤੀ ਗਈ ਇੱਕ ਖੋਜ ਰਾਹੀਂ ਫ਼ਾਈਵ-ਜੀ ਵਾਇਰਲੈੱਸ ਐਪਲੀਕੇਸ਼ਨਾਂ ਦੁਆਰਾ ਬਿਹਤਰ ਸੰਚਾਰ ਦੀ ਵਿਧੀ ਲੱਭੀ ਗਈ ਹੈ। ਪ੍ਰੋ. ਜਗਤਾਰ ਸਿੰਘ ਸਿਵੀਆ ਦੀ ਨਿਗਰਾਨੀ ਹੇਠ ਖੋਜਾਰਥੀ ਅਮਨਦੀਪ ਕੌਰ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਵਿਸ਼ੇਸ਼ ਕਿਸਮ ਦਾ ਹਾਈਬ੍ਰਿਡ ਫ੍ਰੈਕਟਲ ਮੀਮੋ ਐਂਟੀਨਾ ਡਿਜ਼ਾਈਨ ਕੀਤਾ ਗਿਆ ਹੈ। ਨਿਗਰਾਨ ਪ੍ਰੋ ਜਗਤਾਰ ਸਿੰਘ ਸਿਵੀਆ ਨੇ ਦੱਸਿਆ ਕਿ ਇਸ ਖੋਜ ਰਾਹੀਂ
  • ਪਟਿਆਲਾ, 17 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕਰਵਾਈ ਗਈ 'ਵਿਸ਼ਵ ਸਿੱਖ ਕਾਨਫ਼ਰੰਸ' ਇਸ ਐਲਾਨ ਸਹਿਤ ਸਫਲਤਾਪੂਰਵਕ ਸੰਪੰਨ ਹੋ ਗਈ ਕਿ ਇਹ ਕਾਨਫ਼ਰੰਸ ਹਰ ਸਾਲ ਕਰਵਾਈ ਜਾਇਆ ਕਰੇਗੀ। ਚੇਅਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਾਮਿਲ ਹੋਏ ਵਿਦਵਾਨਾਂ ਵੱਲੋਂ ਹਰ ਸਾਲ ਇਸ ਕਾਨਫ਼ਰੰਸ ਨੂੰ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸ ਉਪਰੰਤ ਚੇਅਰ ਵੱਲੋਂ ਹਰ ਸਾਲ ਕਾਨਫ਼ਰੰਸ ਕਰਵਾਉਣ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਸਿੱਧ ਧਰਮ ਨਾਲ਼ ਸਬੰਧਤ ਅਹਿਮ ਕਥਾਵਾਚਕ, ਪ੍ਰਚਾਰਕ, ਵਿਦਵਾਨ, ਖੋਜਾਰਥੀ ਆਦਿ ਸਭ ਇੱਕ ਮੰਚ ਉੱਤੇ ਇਕੱਠੇ ਹੋਏ।
  • ਪਟਿਆਲਾ, 17 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਉੱਘੇ ਕਥਾਕਾਰ, ਵਾਰਤਕਕਾਰ ਅਤੇ ਇਤਿਹਾਸ ਖੋਜੀ ਡਾ. ਵਰਿਆਮ ਸਿੰਘ ਸੰਧੂ ਦੀ ਕਵਿਤਾ ਦੀ ਪਹਿਲੀ ਕਿਤਾਬ ਵਰਿ੍ਹਆਂ ਪਿੱਛੋਂ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਲੋਕ ਅਰਪਣ ਉਪਰੰਤ ਇਸ ਕਿਤਾਬ ਬਾਰੇ ਇੱਕ ਵਿਚਾਰ ਗੋਸ਼ਟੀ ਵੀ ਕੀਤੀ ਗਈ। ਵਿਭਾਗ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਸਵਾਗਤੀ ਸ਼ਬਦਾਂ ਦੌਰਾਨ ਵਰਿਆਮ ਸਿੰਘ ਸੰਧੂ ਦੀ ਇੱਕ ਕਵਿਤਾ 'ਗੁਰ ਦੇ ਘਰ ਵਿੱਚ ਕਾਹਦਾ ਡਰ' ਪੜ੍ਹ ਕੇ ਸੁਣਾਈ। ਆਲੋਚਕ ਪ੍ਰੋ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਪੰਜਾਬੀ ਦੇ ਸਿਰਮੌਰ ਕਥਾਕਾਰ ਹਨ ਅਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਅਤੇ ਸਰਗਰਮੀਆਂ ਨਾਲ ਸਾਬਤ ਕੀਤਾ ਹੈ ਕਿ ਉਹ ਕਦੇ ਵੀ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਤੋਂ ਡੋਲੇ ਨਹੀਂ ਤੇ ਉਹਨਾਂ ਪੰਜਾਬੀ ਸਮਾਜ ਵਿੱਚ ਸੰਪਰਦਾਇਕਤਾ ਦੇ ਉਭਾਰ ਅਤੇ ਸੱਤਾ ਦੇ ਦਮਨ ਦਾ ਡੱਟ ਕੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਸ ਕਿਤਾਬ ਵਿੱਚ ਜੋ ਕਵਿਤਾ ਸ਼ਾਮਿਲ ਕੀਤੀ ਗਈ ਹੈ ਉਹ ਉਹਨਾਂ ਦੀ ਰਚਨਾਤਮਕ ਯਾਤਰਾ ਦੇ ਦੋ ਪੜਾਵਾਂ ਨੂੰ ਚਿੰਨ੍ਹਤ ਕਰਦੀ ਹੈ।
  • ਪਟਿਆਲਾ, 16 ਅਪ੍ਰੈਲ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਜਿਸ ਸਬੰਧੀ ਪਿਛਲੇ ਦਿਨੀਂ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਜਯੰਤੀ ਮੌਕੇ ਪੁੱਜੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਵੀ ਯੂਨੀਵਰਸਿਟੀ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ ਹੈ। ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਅਤੇ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਲੰਘੇ ਮਾਰਚ ਮਹੀਨੇ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤ ਕੀਤਾ ਗਿਆ। ਇਸ ਲੜੀ ਵਿੱਚ ਸੰਵੇਦਨਸ਼ੀਲਤਾ ਬਾਰੇ ਅੱਠ ਵਿਸ਼ੇਸ਼ ਸੈਸ਼ਨ ਕੀਤੇ ਗਏ ਜਿਨ੍ਹਾਂ ਤਹਿਤ ਯੂਨੀਵਰਸਿਟੀ ਦੇ ਕੁੜੀਆਂ ਅਤੇ ਮੁੰਡਿਆਂ ਦੇ ਸਾਰੇ 15 ਹੋਸਟਲਾਂ ਨੂੰ ਕਵਰ ਕੀਤਾ ਗਿਆ। ਹੋਸਟਲ ਦੇ ਵਿਦਿਆਰਥੀਆਂ, ਖਾਸ ਕਰਕੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇਹ 8 ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਗਏ ਸਨ।
  • ਪਟਿਆਲਾ, 16 ਅਪ੍ਰੈਲ ਪੰਜਾਬ ਦੇ ਮਾਣਯੋਗ ਰਾਜਪਾਲ ਵੱਲੋਂ ਪ੍ਰਵਾਨਿਤ ਕੀਤੀ ਗਈ ਇੱਕ ਛੇ ਮੈਂਬਰੀ ਕਮੇਟੀ ਵਿੱਚ ਤਿੰਨ ਮੈਂਬਰ ਪੰਜਾਬੀ ਯੂਨੀਵਰਸਿਟੀ ਨਾਲ਼ ਸਬੰਧਤ ਹਨ। ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਮਮਤਾ ਸ਼ਰਮਾ ਅਤੇ ਪ੍ਰੋ. ਮਨਦੀਪ ਕੌਰ ਨੂੰ ਇਸ ਕਮੇਟੀ ਵਿੱਚ ਮੈਂਬਰ ਅਤੇ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੂੰ ਟੈਕਨੀਕਲ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀ ਸਕੂਲ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਲੋੜੀਂਦੀ ਵਿਸ਼ਾ ਸਮੱਗਰੀ ਦਾ ਨਿਰਮਾਣ ਕਰੇਗੀ। ਯੂਨੀਵਰਸਿਟੀ ਅਥਾਰਿਟੀਜ਼ ਵੱਲੋਂ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਵਧਾਈ ਦਿੱਤੀ ਗਈ।
  • ਪਟਿਆਲਾ, 16 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਦਲੀਪ ਸਿੰਘ ਉੱਪਲ ਦੀ ਨਵੀ ਪ੍ਰਕਾਸ਼ਿਤ ਪੁਸਤਕ 'ਸੰਵੇਦਨਾ ਦੇ ਰੰਗ' ਦਾ ਲੋਕ ਅਰਪਣ ਕੀਤਾ ਗਿਆ । ਵਰਣਨਯੋਗ ਹੈ ਕਿ ਇਸ ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵੱਲੋਂ ਕੀਤਾ ਗਿਆ ਹੈ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦਲੀਪ ਸਿੰਘ ਉੱਪਲ ਦੀ ਸਾਹਿਤ ਪ੍ਰਤੀ ਲਗਨ ਅਤੇ ਨਿਰੰਤਰ ਲੇਖਨ ਬਾਰੇ ਵਿਸ਼ੇਸ਼ ਰੂਪ ਵਿਚ ਦੱਸਿਆ। ਸਾਬਕਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਨੇ ਪੁਸਤਕ ਉੱਤੇ ਚਰਚਾ ਦਾ ਆਰੰਭ ਕਰਦਿਆਂ ਦੱਸਿਆ ਕਿ ਲੇਖਕ ਨੇ ਇਸ ਪੁਸਤਕ ਵਿਚ ਵੱਖ -ਵੱਖ ਵਿਧਾਵਾਂ ਰਾਹੀਂ ਆਪਣੀ ਲੇਖਣ ਕਲਾ ਦਾ ਇਜ਼ਹਾਰ ਕੀਤਾ ਹੈ। ਉੱਘੀਆਂ ਸ਼ਖਸੀਅਤਾਂ ਨਾਲ ਮੁਲਾਕਾਤਾਂ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਉੱਤੇ ਲੇਖ, ਪ੍ਰਸਿੱਧ ਸ਼ਖਸੀਅਤਾਂ ਨਾਲ ਪੱਤਰਾਂ ਦਾ ਆਦਾਨ-ਪ੍ਰਦਾਨ , ਲੇਖਕ ਦੀਆਂ ਪਹਿਲੀਆਂ ਪੁਸਤਕਾਂ ਬਾਰੇ ਵੱਖ-ਵੱਖ ਰਾਵਾਂ ਦੇ ਨਾਲ-ਨਾਲ ਕੁਝ ਕਵਿਤਾਵਾਂ ਵੀ ਪੁਸਤਕ ਦਾ ਸ਼ਿੰਗਾਰ ਹਨ।
  • ਪਟਿਆਲਾ, 15 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾ ਵਿਸ਼ਵ ਸਿੱਖ ਕਾਨਫ਼ਰੰਸ ਸ਼ੁਰੂ ਹੋ ਗਈ ਹੈ। ਚੇਅਰ ਦੇ ਪ੍ਰੋਫ਼ੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਸਿੱਖ ਅਧਿਐਨ ਨਾਲ਼ ਇਸ ਕਾਨਫ਼ਰੰਸ ਵਿੱਚ 'ਸਿੱਖ ਅਧਿਐਨ ਵਿੱਚ ਮੌਜੂਦਾ ਰੁਝਾਨ' ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਨਫ਼ਰੰਸ ਹਰ ਸਾਲ ਵੱਡੇ ਪੱਧਰ 'ਤੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਿੱਖ ਅਧਿਐਨ ਬਾਰੇ ਗੱਲ ਕੀਤੀ ਜਾ ਸਕੇ।
  • ਪਟਿਆਲਾ, 14 ਅਪ੍ਰੈਲ ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜਯੰਤੀ ਸਬੰਧੀ ਰਾਜ-ਪੱਧਰੀ ਸਮਾਗਮ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਲਈ ਸਿਰਫ਼ ਵਕਤੀ ਲਾਭਾਂ ਵਾਲ਼ੀਆਂ ਯੋਜਨਾਵਾਂ ਹੀ ਕਾਫ਼ੀ ਨਹੀਂ ਹੁੰਦੀਆਂ ਬਲਕਿ ਗੁਣਵੱਤਾ ਭਰਪੂਰ ਚੰਗੀ ਸਿੱਖਿਆ ਦੀ ਮਦਦ ਨਾਲ਼ ਹੀ ਇਸ ਸਮਾਜ ਦਾ ਅਸਲ ਭਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯਤਨਸ਼ੀਲ ਹੈ ਕਿ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਨੂੰ ਇਸ ਕਦਰ ਬਿਹਤਰ ਬਣਾਇਆ ਜਾ ਸਕੇ ਕਿ ਜਨਤਕ ਖੇਤਰ ਵਿੱਚ ਇਹ ਦੋਹੇਂ ਸਹੂਲਤਾਂ ਪ੍ਰਾਪਤ ਕਰਨਾ ਕਿਸੇ ਦੀ ਸਿਰਫ਼ ਮਜ਼ਬੂਰੀ ਨਾ ਹੋਵੇ ਬਲਕਿ ਉਨ੍ਹਾਂ ਦੀ ਤਰਜੀਹ ਜਾਂ ਮਰਜ਼ੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਮਜ਼ਬੂਰੀ ਤੋਂ ਮਰਜ਼ੀ ਤੱਕ ਦੇ ਪੜਾਅ ਵਾਲ਼ੀ ਸਥਿਤੀ ਸਿਰਜਣ ਵਿੱਚ ਦ੍ਰਿੜ ਹੈ।
  • ਪਟਿਆਲਾ, 13 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਸੂਬੇ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਨਾਲ਼ ਸਬੰਧਤ ਲੋਕਾਂ ਦੇ ਪੇਸ਼ਾਵਰੀ ਧੰਦਿਆਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਬਦਲਾਅ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਡਾ. ਹਰਿੰਦਰ ਕੌਰ ਦੀ ਨਿਗਰਾਨੀ ਵਿੱਚ ਖੋਜਾਰਥੀ ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਇਹ ਖੋਜ ਅਧਿਐਨ 'ਪੰਜਾਬ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਦੇ ਪੋਚਵਾਰ ਕਿੱਤਈ ਪਰਿਵਰਤਨ ਦਾ ਸਮਾਜ ਵਿਗਿਆਨਕ ਅਧਿਐਨ' ਵਿਸ਼ੇ ਉੱਤੇ ਸੀ।
  • ਪਟਿਆਲਾ, 13 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਸੂਬੇ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਨਾਲ਼ ਸਬੰਧਤ ਲੋਕਾਂ ਦੇ ਪੇਸ਼ਾਵਰੀ ਧੰਦਿਆਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਬਦਲਾਅ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਡਾ. ਹਰਿੰਦਰ ਕੌਰ ਦੀ ਨਿਗਰਾਨੀ ਵਿੱਚ ਖੋਜਾਰਥੀ ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਇਹ ਖੋਜ ਅਧਿਐਨ 'ਪੰਜਾਬ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਦੇ ਪੋਚਵਾਰ ਕਿੱਤਈ ਪਰਿਵਰਤਨ ਦਾ ਸਮਾਜ ਵਿਗਿਆਨਕ ਅਧਿਐਨ' ਵਿਸ਼ੇ ਉੱਤੇ ਸੀ। ਨਿਗਰਾਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਮਸ਼ੀਨੀਕਰਨ, ਪੱਛਮੀਕਰਨ, ਸ਼ਹਿਰੀਕਰਨ, ਸਿੱਖਿਆ ਅਤੇ ਹੋਰ ਵਿਗਿਆਨਕ ਖੋਜਾਂ ਆਦਿ ਕਾਰਨ ਝਿਊਰ ਜਾਤ ਦੇ ਜੱਦੀ ਕਿੱਤਿਆਂ ਵਿੱਚ ਵੀ ਭਾਰੀ ਪਰਿਵਰਤਨ ਆਏ ਹਨ ਅਤੇ ਉਹਨਾਂ ਨੇ ਹੋਰ ਨਵੇਂ ਕਿੱਤਿਆਂ ਨੂੰ ਅਪਣਾਇਆ ਹੈ। ਨਵੀਂ ਪੀੜ੍ਹੀ ਦੀ ਜੱਦੀ ਕਿੱਤੇ ਵਿੱਚ ਘਟਦੀ ਦਿਲਚਸਪੀ, ਜੱਦੀ ਕਿੱਤੇ ਤੋਂ ਅਸ਼ੰਤੁਸ਼ਟੀ, ਜੱਦੀ ਕਿੱਤੇ ਦੀ ਆਮਦਨ ਤੋਂ ਅਸਤੁੰਸ਼ਟੀ, ਸਮਾਜਿਕ ਸਥਿਤੀ, ਮਸ਼ੀਨੀਕਰਨ ਕਰਕੇ ਪਾਣੀ ਢੋਣਾ ਬੰਦ ਹੋ ਜਾਣਾ, ਖੂਹ ਪੁੱਟਣ ਅਤੇ ਅੱਗ ਭੱਠੀਆਂ ਦਾ ਖ਼ਤਮ ਹੋਣਾ, ਮੈਰਿਜ ਪੈਲਸ ਕਾਰਨ ਲਾਗਪੁਣੇ ਦਾ ਘਟਣਾ, ਸਿੱਖਿਆ ਆਦਿ ਕਾਰਨਾਂ ਕਰ ਕੇ ਜੱਦੀ ਕਿੱਤੇ ਨੂੰ ਢਾਅ ਲੱਗੀ ਹੈ।
  • ਪਟਿਆਲਾ, 12 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵੱਲੋਂ ਸੈਸ਼ਨ 2025-26 ਲਈ ਕੀਤੇ ਜਾ ਰਹੇ ਦਾਖ਼ਲਿਆਂ ਦੌਰਾਨ ਕੁੱਝ ਪ੍ਰਾਈਵੇਟ ਵੈਬਸਾਈਟਾਂ ਯੂਨੀਵਰਸਿਟੀ ਦੇ ਨਾਮ ਅਤੇ ਲੋਗੋ ਦੀ ਵਰਤੋਂ ਕਰ ਕੇ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ। ਯੂਨੀਵਰਸਿਟੀ ਦੇ ਕੇਂਦਰੀ ਦਾਖ਼ਲਾ ਸੈੱਲ ਤੋਂ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਵੈਬਸਾਈਟਾਂ ਵੱਲੋਂ ਉਮੀਦਵਾਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
  • ਪਟਿਆਲਾ, 9 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ.ਵਿਭਾਗ, ਸੋਸ਼ਲ ਵਰਕ ਵਿਭਾਗ ਅਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਉੱਦਮ ਨਾਲ਼ ਕੈਂਪਸ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਵਿਸ਼ੇ ਉੱਤੇ ਜਾਗਰੂਕਤਾ ਰੈਲੀ ਕੱਢੀ ਗਈ। ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਕੁੜੀਆਂ ਨੇ ਯੂਨੀਵਰਸਿਟੀ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਹੋਕਾ ਦਿੰਦੇ ਹੋਏ ਕਰਮਚਾਰੀਆਂ ਅਤੇ ਕੈਂਪਸ ਵਸਨੀਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਦਿਆਂ ਕੁੜੀਆਂ ਦੀ ਘੱਟ ਰਹੀ ਗਿਣਤੀ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਿਸ਼ਵ ਸਿਹਤ ਦਿਵਸ ਮੌਕੇ ਵੀ ਐੱਨ. ਐੱਸ. ਐੱਸ. ਵੱਲੋਂ ਕੈਂਪ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਸੀ। ਦੋਹਾਂ ਜਾਗਰੂਕ ਰੈਲੀਆਂ ਵਿੱਚ ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ ਅਤੇ ਡਾ. ਸੁਨੀਤਾ ਸਮੇਤ ਲਗਭਗ 50 ਵਲੰਟੀਅਰਾਂ ਨੇ ਸ਼ਿਰਕਤ ਕੀਤੀ।
  • ਪਟਿਆਲਾ, 7 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਅਤੇ ਗੈਰ-ਸਰਕਾਰੀ ਸੰਗਠਨਾਂ 'ਮਕਾਮ' ਅਤੇ 'ਸੌਪੇਕਾਮ' ਦੇ ਸਹਿਯੋਗ ਨਾਲ ਬਠਿੰਡਾ ਅਤੇ ਮਾਨਸਾ ਖੇਤਰਾਂ ਲਈ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। 'ਖੇਤੀ ਸੰਕਟ ਦੇ ਪ੍ਰਸੰਗ ਵਿੱਚ ਪੇਂਡੂ ਔਰਤਾਂ ਵਿਰੁੱਧ ਢਾਂਚਾਗਤ ਹਿੰਸਾ' ਸਿਰਲੇਖ ਤਹਿਤ ਕਰਵਾਈ ਇਸ ਵਰਕਸ਼ਾਪ ਦੌਰਾਨ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਅਨੁਪਮਾ ਨੇ ਇਸ ਵਿਸ਼ੇ ਉੱਤੇ ਆਪਣੀ ਟੀਮ ਵੱਲੋਂ ਕੀਤੀ ਗਈ ਖੋਜ ਬਾਰੇ ਚਰਚਾ ਕੀਤੀ।
  • ਪਟਿਆਲਾ, 4 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਕੈਂਪਸ ਵਿੱਚ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ 'ਪਬਲਿਕ ਅਗੇਂਸਟ ਅਡਲਟਰੇਸ਼ਨ ਐਸੋਸੀਏਸ਼ਨ' (ਪਾਵਾ) ਦੇ ਸਹਿਯੋਗ ਨਾਲ਼ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਮੀਨਾਰ ਦਾ ਮਕਸਦ 'ਭੋਜਨ ਪਦਾਰਥਾਂ ਵਿੱਚ ਮਿਲਾਵਟ' ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
  • ਪਟਿਆਲਾ, 3 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਆਧੁਨਿਕ ਤਰੱਕੀ ਅਤੇ ਮਨੁੱਖੀ ਮਨ ਦੇ ਹਵਾਲੇ ਨਾਲ਼ ਡਾ. ਨਵਦੀਪ ਸਿੰਘ ਅਸੀਜਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਵਾਤਾਵਰਣ ਸੰਬੰਧੀ ਵਿਚਾਰਾਂ ਦੀ ਮਹੱਤਤਾ ਅਤੇ ਮਨੁੱਖਤਾ ਦੀ ਭਲਾਈ ਬਾਰੇ ਵਿਚਾਰ ਪ੍ਰਗਟ ਕੀਤੇ ਗਏ।
  • ਪਟਿਆਲਾ, 2 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਕਾਰਜਸ਼ੀਲ ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੂੰ ਪਾਰਸ ਕਲਾ ਮੰਚ, ਜਲੰਧਰ ਵੱਲੋਂ 'ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਸਨਮਾਨ ਪੰਜਾਬ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਜਲੰਧਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਸ਼ਾਮਿਲ ਹੋਏ। ਪਾਰਸ ਸੰਗੀਤ ਸੰਮੇਲਨ ਦੇ ਨਾਂ ਨਾਲ ਸੰਪੰਨ ਹੋਏ ਇਸ ਸਮਾਗਮ ਵਿਚ ਡਾ. ਨਿਵੇਦਿਤਾ ਸਿੰਘ ਵਲੋਂ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ ਗਈ।
  • ਪਟਿਆਲਾ, 2 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਲਗਵਾਏ ਜਾ ਰਹੇ ਸੱਤ ਰੋਜ਼ਾ ਕੈਂਪ ਦੌਰਾਨ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਹਿਤ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਅਧਿਆਪਕ ਪ੍ਰੋ. ਮਮਤਾ ਸ਼ਰਮਾ ਨੇ ਦਿੱਤਾ।
  • ਪਟਿਆਲਾ, 01 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ 'ਗਿਆਰਵਾਂ ਪੁਸਤਕ ਮੇਲਾ' ਅੱਜ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਲਗਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਵੱਲੋਂ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੀ ਸਟਾਲ ਉੱਤੇ ਰਿਬਨ ਕੱਟ ਕੇ ਉਦਘਾਟਨ ਦੀ ਰਸਮ ਕੀਤੀ ਗਈ।
  • ਪਟਿਆਲਾ, 31 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਕਰਵਾਇਆ ਗਿਆ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਉਤਸਵ ਵਿਚ ਪਹਿਲੇ ਦਿਨ ਬਾਦਲ ਸਰਕਾਰ ਦੁਆਰਾ ਲਿਖਿਤ ਅਤੇ ਪ੍ਰੋ. ਜਸਪਾਲ ਦਿਉਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਤੇ ਨਿਰਦੇਸ਼ਿਤ ਬੰਗਲਾ ਨਾਟਕ 'ਏਵਮ ਇੰਦਰਜੀਤ' ਪੇਸ਼ ਕੀਤਾ ਗਿਆ। ਇਹ ਨਾਟਕ ਜੀਵਨ ਦੇ ਸਮੁੱਚੇ ਸੰਘਰਸ਼ਾਂ ਤੇ ਝਾਤ ਪਾਉਂਦਿਆਂ ਮੂਲ ਰੂਪ ਵਿਚ ਮਨੁੱਖੀ ਅਸਤਿਤਵ ਨਾਲ ਜੁੜੇ ਮੂਲ ਪ੍ਰਸ਼ਨ ਮੈਂ ਕੀ ਹਾਂ? ਮੈਂ ਕਿਉਂ ਹਾਂ ਤੇ ਮੈਂ ਕਿੱਥੇ ਹਾਂ? ਦੇ ਰੂਬਰੂ ਕਰਦਾ ਹੈ। ਨਾਟਕ ਮਨੁੱਖੀ ਜੀਵਨ ਵਿਚ ਵਿਗਸੀ ਨਿਰਰਥਕਤਾ, ਉਕਤਾਹਟ, ਉਦਾਸੀਨਤਾ ਅਤੇ ਅਸੰਗਤੀ ਨੂੰ ਬਹੁਤ ਹੀ ਬਾਰੀਕੀ ਨਾਲ ਉਘਾੜਦਾ ਹੋਇਆ ਸਧਾਰਨ ਅਤੇ ਅਸਧਾਰਨ ਮਨੁੱਖ ਦੀ ਜੀਵਨ ਯਾਤਰਾ ਨੂੰ ਪੇਸ਼ ਕਰਦਾ ਹੈ। ਸਧਾਰਨ ਮਨੁੱਖ ਜਿੱਥੇ ਤਾ ਉਮਰ ਰੋਟੀ, ਕੱਪੜਾ ਤੇ ਮਕਾਨ ਜਿਹੀਆਂ ਬੁਨਿਆਦੀ ਲੋੜਾਂ ਵਿਚ ਉਲਝ ਕੇ ਰਹਿ ਜਾਂਦਾ ਹੈ ਉਥੇ ਅਸਧਾਰਨ ਉਪਲਬਧ ਭੌਤਿਕ ਗਿਆਨ ਦੀਆਂ ਸੀਮਾਵਾਂ ਵਿਚ ਘਿਰ ਕੇ ਰਹਿ ਜਾਂਦਾ ਹੈ, ਤੇ ਮਨੁੱਖੀ ਜਨਮ-ਮਰਨ ਦੇ ਵਰਤਾਰੇ ਨੂੰ ਸਮਝ ਨਾ ਪਾਉਣ ਦੀ ਕਸ਼ਮਕਸ਼ ਵਿਚ ਬੇਵਸ ਮਹਿਸੂਸ ਕਰਦਾ ਹੈ। ਨਾਟਕ ਇਸ ਉਤਰ ਨਾਲ ਮੁਕਦਾ ਹੈ ਕਿ ਜੀਵਨ ਤੀਰਥ ਯਾਤਰਾ ਨਹੀਂ ਸਗੋਂ ਸਾਡੇ ਮਨ ਦੀ ਯਾਤਰਾ ਹੈ। ਸਿਮਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਪ੍ਰੋ. ਜਸਪਾਲ ਦਿਉਲ, ਸੁਖਦੀਪ ਕੌਰ, ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਵਰਿੰਦਰ ਇੰਨਸਾਂ ਨੇ ਇਸ ਅਤਿ ਸੰਵੇਦਨਸ਼ੀਲ ਨਾਟਕ ਦੇ ਕਿਰਦਾਰਾਂ ਨੂੰ ਬਾਖੂਭੀ ਨਿਭਾਇਆ।
  • ਪਟਿਆਲਾ, 30 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਖੋਜ ਰਾਹੀਂ ਇੰਟਰਨੈੱਟ ਉੱਤੇ ਜਾਣਕਾਰੀਆਂ ਲੱਭਣ ਨਾਲ਼ ਸਬੰਧਤ ਪ੍ਰਸ਼ਨਾਵਾਲ਼ੀ (ਕਿਊ. ਏ. ਐੱਸ.) ਨੂੰ ਬਿਹਤਰ ਬਣਾਉਣ ਅਤੇ ਆਟੋਮੈਟਿਕ ਢੰਗ ਨਾਲ਼ ਤਿਆਰ ਕਰਨ ਦੇ ਢੰਗ ਲੱਭੇ ਹਨ। ਇਹ ਖੋਜ ਡਾ. ਅਮਨਦੀਪ ਵਰਮਾ ਦੀ ਨਿਗਰਾਨੀ ਹੇਠ ਖੋਜਾਰਥੀ ਵਿਕਾਸ ਬਾਲੀ ਵੱਲੋਂ ਕੀਤੀ ਗਈ। ਡਾ. ਅਮਨਦੀਪ ਵਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੂਗਲ ਸਮੇਤ ਵੱਖ-ਵੱਖ ਸਰਚ ਇੰਜਣਾਂ ਰਾਹੀਂ ਇੰਟਰਨੈੱਟ ਤੋਂ ਲੱਭਣ ਸਮੇਂ ਲੋੜੀਂਦੀ ਜਾਣਕਾਰੀ ਸਪਸ਼ਟ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ। ਸਰਚ ਇੰਜਣਾਂ ਵੱਲੋਂ ਜਾਣਕਾਰੀ ਦੇ ਸਰੋਤਾਂ ਨਾਲ਼ ਸਬੰਧਤ ਲਿੰਕ ਹੀ ਸੁਝਾਏ ਜਾਂਦੇ ਹਨ।
  • ਪਟਿਆਲਾ, 28 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗਤੋਂ ਐੱਮ. ਐੱਸ. ਸੀ. ਆਨਰਜ਼ (ਭੌਤਿਕ ਵਿਗਿਆਨ) ਭਾਗ ਦੂਜਾ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ। ਉਸ ਨੂੰ ਇਹ ਫੈਲੋਸ਼ਿਪ ਯੂਨੀਵਰਸਿਟੀ ਆਫ਼ ਐਮਸਟਰਡਮ, ਨੀਦਰਲੈਂਡ ਦੇ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਖਗੋਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ 'ਸਪੌਟਲਾਈਟ ਆਨ ਦ ਬਲੈਕ ਹੋਲ: ਰਿਫਾਇਨਡ ਮਲਟੀਵੇਵਲੈਂਥ ਅਨਲਸਿਸ' ਵਿਸ਼ੇ ਲਈ ਪ੍ਰਾਪਤ ਹੋਈ ਹੈ। ਇਸ ਫੈਲੋਸ਼ਿਪ ਤਹਿਤ ਅਮਨਦੀਪ ਕੌਰ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਸਿਧਾਂਤਕ ਉੱਚ ਊਰਜਾ ਖਗੋਲ ਭੌਤਿਕ ਵਿਗਿਆਨ ਦੀ ਮਾਹਿਰ ਪ੍ਰੋ ਸੇਰਾ ਮਾਰਕੌਫ ਦੀ ਦੇਖ-ਰੇਖ ਹੇਠ 27 ਜੂਨ, 2025 ਤੋਂ 8 ਅਗਸਤ, 2025 ਤੱਕ 6 ਹਫਤਿਆਂ ਵਾਸਤੇ ਬਲੈਕ ਹੋਲ ਬਾਰੇ ਅਧਿਐਨ ਕਰੇਗੀ।
  • ਪਟਿਆਲਾ, 27 ਮਾਰਚ ਪੰਜਾਬ ਸਰਕਾਰ ਵੱਲੋਂ ਸਾਲ 2025-26 ਦੀਆਂ ਬਜਟ ਤਜਵੀਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤਨਖਾਹ ਗਰਾਂਟ ਵਿੱਚ ਕੀਤੇ ਗਏ ਵਾਧੇ ਅਤੇ ਇੱਕ ਹੋਸਟਲ ਦੇ ਨਿਰਮਾਣ ਲਈ ਗਰਾਂਟ ਰਾਖਵੀਂ ਰੱਖਣ ਦੀ ਤਜਵੀਜ਼ ਦਾ ਪੰਜਾਬੀ ਯੂਨੀਵਰਸਿਟੀ ਦੀ ਅਥਾਰਿਟੀ ਨੇ ਭਰਵਾਂ ਸਵਾਗਤ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਸਾਲ ਦੀ 375 ਕਰੋੜ ਰੁਪਏ ਦੀ ਤਨਖਾਹ ਗਰਾਂਟ ਨੂੰ ਵਧਾ ਕੇ ਇਸ ਵਾਰ 393.75 ਕਰੋੜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਹੋਸਟਲਾਂ ਦੀ ਘਾਟ ਪੂਰੀ ਕਰਨ ਲਈ ਇੱਕ ਨਵੇਂ ਹੋਸਟਲ ਦੇ ਨਿਰਮਾਣ ਲਈ 10 ਕਰੋੜ ਰੁਪਏ ਦੇ ਫੰਡ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਉੱਚ ਸਿੱਖਿਆ ਖੇਤਰ ਪ੍ਰਤੀ ਸਰਕਾਰ ਦੀ ਸੰਜੀਦਗੀ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪ੍ਰਤੀ ਦਿਆਲਤਾਪੂਰਨ ਪਹੁੰਚ ਅਪਣਾਈ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ਼ ਯੂਨੀਵਰਸਿਟੀ ਨੂੰ ਮਾਲਵਾ ਖੇਤਰ ਦੇ ਮੱਧਵਰਗੀ ਅਤੇ ਗਰੀਬ ਘਰਾਂ ਦੇ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਸਬੰਧੀ ਸੁਪਨਿਆਂ ਦੀ ਪੂਰਤੀ ਕਰਨ ਵਿੱਚ ਮਦਦ ਮਿਲੇਗੀ।
  • ਪਟਿਆਲਾ, 26 ਮਾਰਚ ਪੰਜਾਬੀ ਯੂਨੀਵਰਸਿਟੀ ਤੋਂ ਤਿੰਨ ਐੱਨ. ਐੱਸ. ਐੱਸ. ਵਲੰਟੀਅਰਾਂ ਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਨਮਾਨ ਕੀਤਾ ਹੈ। ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸਾਲ 2024 ਅਤੇ 2025 ਦੀ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲ਼ੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਲੰਟੀਅਰ ਇਕੱਠੇ ਹੋਏ ਸਨ ਜਿਨ੍ਹਾਂ ਨੂੰ ਰਾਜਪਾਲ ਵੱਲੋਂ ਦਸ ਹਜ਼ਾਰ ਰੁਪਏ ਅਤੇ ਮਾਣ-ਪੱਤਰ ਨਾਲ਼ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਤਿੰਨ ਵਲੰਟੀਅਰ ਪੰਜਾਬੀ ਯੂਨੀਵਰਸਿਟੀ ਨਾਲ਼ ਸਬੰਧਤ ਸਨ ਜੋ ਕਿ 2024 ਦੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਏ ਸਨ। ਇਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋ ਅਰਸ਼ਪ੍ਰੀਤ ਕੌਰ, ਸਰਕਾਰੀ ਕਾਲਜ, ਡੇਰਾ ਬੱਸੀ ਤੋ ਮਨਜੋਤ ਕੌਰ ਅਤੇ ਪੀ. ਐੱਮ. ਐੱਨ. ਕਾਲਜ ਰਾਜਪੁਰਾ ਤੋ ਦਮਨਪ੍ਰੀਤ ਕੌਰ ਸ਼ਾਮਿਲ ਸਨ।
  • ਪਟਿਆਲਾ, 25 ਮਾਰਚ ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ '15ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ' ਕਰਵਾਇਆ ਗਿਆ। 'ਆਧੁਨਿਕ ਭਾਰਤ ਵਿੱਚ ਇਤਿਹਾਸ ਵਿਸ਼ੇ ਦਾ ਵਿਕਾਸ' ਵਿਸ਼ੇ ਉੱਤੇ ਇਹ ਭਾਸ਼ਣ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਿੱਲੀ ਤੋਂ ਪੁੱਜੇ ਪ੍ਰੋ. ਐੱਸ. ਬੀ. ਉਪਾਧਿਆਏ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਤਿਹਾਸ ਵਿਸ਼ੇ ਦੇ ਆਧੁਨਿਕ ਸਰੂਪ ਨੂੰ ਅਖ਼ਤਿਆਰ ਕਰਨ ਅਤੇ ਇਸ ਰਾਹ ਵਿੱਚ ਆਏ ਵੱਖ-ਵੱਖ ਪੜਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਹਮੇਸ਼ਾ ਪ੍ਰਮਾਣਿਤ ਸਰੋਤਾਂ ਉੱਤੇ ਅਧਾਰਿਤ ਅਤੇ ਰਾਜਨੀਤੀਕ ਦ੍ਰਿਸ਼ਟੀਕੋਣਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੰਸਾਰ ਭਰ ਵਿੱਚ ਵੱਖ-ਵੱਖ ਸਮਿਆਂ ਵਿੱਚ ਇਤਿਹਾਸ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਪੱਖਪਾਤੀ ਰਵੱਈਏ ਨਾਲ਼ ਆਪਣੇ ਹੱਕ ਵਿੱਚ ਲਿਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿੱਚ ਇਤਿਹਾਸ ਲੇਖਣੀ ਦੇ ਰਾਹ ਵਿੱਚ ਬਹੁਤ ਸਾਰੀਆਂ ਔਕੜਾਂ ਅਤੇ ਪੱਖਪਾਤ ਹਨ ਜੋ ਦੂਰ ਹੋਣੇ ਜ਼ਰੂਰੀ ਹਨ। ਉਨ੍ਹਾਂ ਇਤਿਹਾਸਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਿੱਜੀ ਅਤੇ ਸੌੜੇ ਹਿਤਾਂ ਤੋਂ ਉੱਪਰ ਉੱਠ ਕੇ ਸਹੀ ਤਰੀਕੇ ਨਾਲ਼ ਇਤਿਹਾਸ ਲਿਖਣ।
  • ਪਟਿਆਲਾ, 25 ਮਾਰਚ ਪੰਜਾਬੀ ਯੂਨੀਵਰਸਿਟੀ ਵਿਖੇ ਪਬਲੀਕੇਸ਼ਨ ਬਿਊਰੋ ਵੱਲੋਂ ਹਰ ਸਾਲ ਲਗਾਇਆ ਜਾਣ ਵਾਲ਼ਾ ਪੁਸਤਕ ਮੇਲਾ ਇਸ ਵਾਰ ਪਹਿਲੀ ਅਪ੍ਰੈਲ ਤੋਂ 5 ਅਪ੍ਰੈਲ ਤੱਕ ਲੱਗੇਗਾ। ਯੂਨੀਵਰਸਿਟੀ ਅਥਾਰਿਟੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਪ੍ਰਕਾਸ਼ਕਾਂ ਵੱਲੋਂ ਛਾਪੀਆਂ ਪੁਸਤਕਾਂ ਇਸ ਮੇਲੇ ਦਾ ਸ਼ਿੰਗਾਰ ਹੋਣਗੀਆਂ। ਇਸ ਮੇਲੇ ਦੇ ਆਯੋਜਨ ਸਬੰਧੀ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪੱਪੂ ਸਿੰਘ (+918427984171) ਅਤੇ ਨਿਗਰਾਨ ਗੁਰਜੰਟ ਸਿੰਘ (+919815708278) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
  • ਪਟਿਆਲਾ, 25 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਸ਼੍ਰੋਮਣੀ ਲੇਖਿਕਾ ਡਾ. ਸੁਖਵਿੰਦਰ ਕੌਰ ਬਾਠ ਨੇ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤੀ ਅਤੇ ਪੱਛਮੀ ਸੱਭਿਆਚਾਰ ਦੇ ਸੰਦਰਭ ਵਿੱਚ ਔਰਤ ਦੀ ਤਸਵੀਰ ਨੂੰ ਸਪਸ਼ਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਔਰਤਾਂ ਦਾ ਬਹੁਤ ਮਹੱਤਵ ਹੈ। ਇਹ ਔਰਤ ਹੀ ਹੈ ਜੋ ਬ੍ਰਹਿਮੰਡ ਦੇ ਸੰਚਾਲਨ ਦੇ ਤਿੰਨ ਅਧਾਰਾਂ - ਦੌਲਤ, ਗਿਆਨ ਅਤੇ ਸ਼ਕਤੀ ਨੂੰ ਨਿਯੰਤਰਿਤ ਕਰਦੀ ਹੈ। ਇਸ ਲਈ, ਅੱਜ ਹਰ ਔਰਤ ਨੂੰ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਣਨ ਦੀ ਲੋੜ ਹੈ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਸਵਾਗਤੀ ਭਾਸ਼ਣ ਦਿੱਤਾ।
  • ਪਟਿਆਲਾ, 24 ਮਾਰਚ ਪੰਜਾਬੀ ਯੂਨੀਵਰਸਿਟੀ ਨੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਹਿਤ ਕਮੇਟੀ ਗਠਿਤ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਅਥਾਰਿਟੀਜ਼ ਨੇ ਦੱਸਿਆ ਕਿ ਹਾਲ ਹੀ ਵਿੱਚ 21 ਮਾਰਚ ਨੂੰ ਹੋਈ ਸਿੰਡੀਕੇਟ ਮੀਟਿੰਗ ਦੌਰਾਨ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕਾਰਜਾਂ ਬਾਰੇ ਚਰਚਾ ਹੋਈ ਸੀ। ਮੀਟਿੰਗ ਵਿੱਚ ਕੁੱਝ ਮੈਂਬਰ ਸਾਹਿਬਾਨ ਵੱਲੋਂ ਇਸ ਮਾਮਲੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ । ਇਸ ਮਾਮਲੇ ਬਾਰੇ ਗੱਲਬਾਤ ਦੇ ਆਧਾਰ ਉੱਤੇ ਸਿੰਡੀਕੇਟ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ।
  • ਪਟਿਆਲਾ, 23 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਪਿਛਲੇ ਦਿਨੀਂ ‘ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ’ ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਹੋਏ ਇਸ ਸੈਮੀਨਾਰ ਵਿੱਚ ਵਿਸ਼ੇਸ਼ ਭਾਸ਼ਣ ਡਾ. ਜਸਵੰਤ ਸਿੰਘ, ਡਾਇਰੈਕਟਰ, ਸਿੱਖ ਰਿਸਰਚ ਇੰਸਟੀਟਿਊਟ, ਯੂ. ਐੱਸ.ਏ. ਵੱਲੋਂ ਦਿੱਤਾ ਗਿਆ। ਡਾ. ਜਸਵੰਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅੰਗਰੇਜ਼ੀ ਅਨੁਵਾਦਾਂ ਦੇ ਸਰਵੇਖਣ ਬਾਰੇ ਸਾਂਝ ਪਾਉਂਦਿਆਂ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਕਾਰਜ ਬਾਰੇ ਦੱਸਿਆ। ਸ. ਪਰਮਜੀਤ ਸਿੰਘ, ਪ੍ਰਧਾਨ, ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਵੱਲੋਂ ਸੈਮੀਨਾਰ ਵਿੱਚ ਸਵਾਗਤੀ ਸ਼ਬਦ ਕਹੇ ਗਏ। ਵਿਭਾਗ ਮੁਖੀ ਡਾ. ਗੁਰਮੇਲ ਸਿੰਘ ਨੇ ਸੈਮੀਨਾਰ ਦੀ ਆਰੰਭਤਾ ਵਿੱਚ ਉਦਘਾਟਨੀ ਸ਼ਬਦ ਕਹਿੰਦਿਆਂ ਸੈਮੀਨਾਰ ਦੇ ਮਨੋਰਥ ਅਤੇ ਵਿਸ਼ੇ ਨਾਲ ਜਾਣ ਪਛਾਣ ਕਰਵਾਈ।
  • ਪਟਿਆਲਾ, 20 ਮਾਰਚ ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਪਵਨ ਕ੍ਰਿਸ਼ਨ ਨੂੰ ਵਾਤਾਵਰਣ ਸੈੱਲ ਦੇ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਪ੍ਰੋ. ਪਵਨ ਕ੍ਰਿਸ਼ਨ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵਿੱਚ ਕਾਰਜਸ਼ੀਲ ਹਨ ਜੋ 27 ਸਾਲਾਂ ਤੋਂ ਵੱਧ ਦਾ ਅਧਿਆਪਨ ਸਬੰਧੀ ਤਜਰਬਾ ਰਖਦੇ ਹਨ। ਉਨ੍ਹਾਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਜਰਨਲ/ਕਾਨਫਰੰਸਾਂ ਵਿੱਚ 90 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਹਨ।
  • ਪਟਿਆਲਾ, 20 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ 'ਨਸ਼ਿਆਂ ਖਿਲਾਫ਼ ਜੰਗ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਭਾਸ਼ਨ ਦੇਣ ਲਈ ਯੂਨਵਿਰਸਿਟੀ ਦੇ ਫਾਰਮੇਸੀ ਵਿਭਾਗ ਤੋਂ ਡਾ. ਰਿਚਾ ਸ੍ਰੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਵਿਚ ਵਰਤੇ ਜਾਣ ਵਾਲੇ ਪਦਾਰਥਾਂ ਅਤੇ ਉਹਨਾਂ ਪਦਾਰਥਾਂ ਦੇ ਸਿਹਤ ਤੇ ਪੈਣ ਵਾਲੇ ਬੁਰੇ ਅਸਰ ਬਾਰੇ ਜਾਣੂ ਕਰਵਾਇਆ।
  • ਪਟਿਆਲਾ, 20 ਮਾਰਚ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ 11ਵੇਂ 'ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਦੇ ਦੂਜੇ ਦਿਨ ਵੱਖ-ਵੱਖ ਫ਼ਨਕਾਰਾਂ ਨੇ ਸ਼ਾਸਤਰੀ ਗਾਇਨ ਅਤੇ ਸਿਤਾਰ ਵਾਦਨ ਨਾਲ਼ ਰੰਗ ਬੰਨ੍ਹੇ। ਸੰਮੇਲਨ ਦਾ ਦੂਜਾ ਦਿਨ 'ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਸਮਾਰੋਹ' ਨੂੰ ਸਮਰਪਿਤ ਰਿਹਾ। ਦੂਜੇ ਦਿਨ ਦੀ ਸ਼ੁਰੂਆਤ ਸ. ਹਰਪ੍ਰੀਤ ਸਿੰਘ ਅਤੇ ਸ. ਹੁਸਨਬੀਰ ਸਿੰਘ ਪੰਨੂ ਵੱਲੋਂ ਕੀਤੇ ਗਏ ਸ਼ਾਸਤਰੀ ਗਾਇਨ ਨਾਲ਼ ਹੋਈ। ਉਨ੍ਹਾਂ ਆਪਣੇ ਉਸਤਾਦ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਦੀਆਂ ਵੱਖ-ਵੱਖ ਬੰਦਿਸ਼ਾਂ ਦਾ ਗਾਇਨ ਕੀਤਾ। ਇਸ ਉਪਰੰਤ ਦਿੱਲੀ ਤੋਂ ਪੁੱਜੇ ਮੈਹਰ ਘਰਾਣੇ ਦੇ ਫ਼ਨਕਾਰ ਸ੍ਰੀ ਸੌਮ੍ਰਿਤ ਠਾਕੁਰ ਦੇ ਸਿਤਾਰ ਵਾਦਨ ਨਾਲ਼ ਸਿਖ਼ਰ ਹੋਇਆ। ਇਸ ਮੌਕੇ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਪੰਡਿਤ ਰਮਾਕਾਂਤ ਨੂੰ 'ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ' ਨਾਲ਼ ਸਨਮਾਨਿਆ ਗਿਆ।
  • ਪਟਿਆਲਾ, 19 ਮਾਰਚ 'ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦੀ ਦ੍ਰਿਸ਼ਟੀ ਅਤੇ ਦਾਇਰਾ ਵਿਸ਼ਾਲ ਹੋ ਜਾਂਦੇ ਹਨ।' ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ 'ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਦੇ ਪਹਿਲੇ ਦਿਨ ਦੀ ਪ੍ਰਧਾਨਗੀ ਕਰਦਿਆਂ ਕਹੇ। ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਪੁਰੀ ਨੇ ਯੂਨੀਵਰਸਿਟੀ ਵਿਖੇ ਚਲਦੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਨਾਲ਼ ਮਨੁੱਖ ਦਾ ਦਾਇਰਾ ਵਧ ਜਾਂਦਾ ਹੈ। ਅਜਿਹਾ ਹੋਣ ਨਾਲ਼ ਉਸ ਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਹਾਕੇ ਤੋਂ ਵਧੇਰੇ ਸਮੇਂ ਤੋਂ ਇਹ ਸੰਮੇਲਨ ਜਾਰੀ ਹੈ ਜੋ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ।
  • ਪਟਿਆਲਾ, 18 ਮਾਰਚ 'ਨੌਜਵਾਨ ਦੇਸ ਦਾ ਅਸਲ ਸਰਮਾਇਆ ਹਨ। ਇਸ ਲਈ ਇਹ ਵੇਖਣਾ ਅਤੇ ਨਿਯੰਤਰਣ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਸਮੇਂ ਵਿੱਚ ਤੇਜ਼ੀ ਨਾਲ਼ ਆ ਰਹੀਆਂ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਉਨ੍ਹਾਂ ਉੱਤੇ ਕਿਸ ਤਰ੍ਹਾਂ ਅਸਰਅੰਦਾਜ਼ ਹੋ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਹ ਵਿਚਾਰ 'ਸਮਾਜਿਕ-ਸੱਭਿਆਚਾਰਕ ਤਬਦੀਲੀਆਂ ਦਾ ਭਾਰਤ ਅਤੇ ਯੂਰਪ ਦੇ ਨੌਜਵਾਨਾਂ ਉੱਤੇ ਪੈਂਦੇ ਪ੍ਰਭਾਵ' ਦੇ ਵਿਸ਼ੇ ਉੱਤੇ ਕਰਵਾਏ ਗਏ ਇੱਕ ਦਿਨਾ ਅੰਤਰ-ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਬੁੱਧੀਮਾਨ ਹਨ ਜੋ ਹਰ ਤਰ੍ਹਾਂ ਦੀਆਂ ਤਬਦੀਲੀਆਂ ਨਾਲ਼ ਨਜਿੱਠਣ ਬਾਰੇ ਬਿਹਤਰ ਜਾਣਦੇ ਹਨ।
  • ਪਟਿਆਲਾ, 15 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਡਾ. ਇੰਦਰਪ੍ਰੀਤ ਸੰਧੂ ਨੂੰ ਭਾਰਤੀ ਫੌਜ ਵੱਲੋਂ ਲੇਹ ਲੱਦਾਖ ਵਿੱਚ ਤਾਇਨਾਤ ਆਪਣੇ ਕਰਮਚਾਰੀਆਂ ਦੇ ਕੌਂਸਲਿੰਗ ਸੈਸ਼ਨ ਲਈ ਸੱਦਾ ਦਿੱਤਾ ਗਿਆ। ਡਾ. ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਹ ਲੱਦਾਖ ਇੱਕ ਉਚਾਈ ਵਾਲਾ ਖੇਤਰ ਹੈ ਜੋ ਆਪਣੀਆਂ ਮੁਸ਼ਕਿਲ ਸਥਿਤੀਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵੱਲੋਂ ਸੱਦਿਆ ਇਹ ਸ਼ੈਸ਼ਨ , ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਵਾਤਾਵਰਣ ਵਾਲ਼ੇ ਸਥਾਨ ਉੱਤੇ ਤਾਇਨਾਤ ਸੈਨਿਕਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੇ ਮੱਦੇਨਜ਼ਰ ਆਯੋਜਿਤ ਕੀਤਾ ਗਿਆ ਸੀ।ਇਹ ਸੈਸ਼ਨ ਤਣਾਅ ਪ੍ਰਬੰਧਨ, ਭਾਵਨਾਤਮਕ ਪ੍ਰਬੰਧਨ ਅਤੇ ਲੱਦਾਖ ਦੇ ਵਰਗੇ ਉਚਾਈ ਵਾਲੇ ਖੇਤਰ ਦੀਆਂ ਵਿਲੱਖਣ ਕਿਸਮ ਦੀਆਂ ਚੁਣੌਤੀਆਂ ਨਾਲ਼ ਨਜਿੱਠਣ ਬਾਬਤ ਰਣਨੀਤੀਆਂ ਬਣਾਉਣ 'ਤੇ ਕੇਂਦ੍ਰਿਤ ਸੀ
  • ਪਟਿਆਲਾ, 12 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਅਕਾਦਮਿਕ ਸੈਸ਼ਨ ਹੋਏ। ਸੰਗੀਤ ਵਿਭਾਗ ਦੇ ਮੁਖੀ ਪ੍ਰੋ ਅਲੰਕਾਰ ਸਿੰਘ ਅਤੇ ਕਾਨਫਰੰਸ ਕੋਆਰਡੀਨੇਟਰ ਨਿਵੇਦਿਤਾ ਸਿੰਘ ਨੇ ਦੱਸਿਆ ਕਿ ਇਹ ਸੈਸ਼ਨ ਪੰਜਾਬ ਦੀ ਗੁਰਮਤ ਸੰਗੀਤ ਪਰੰਪਰਾ, ਲੋਕ ਸੰਗੀਤ ਪਰੰਪਰਾ ਅਤੇ ਸੂਫੀ ਸੰਗੀਤ ਪਰੰਪਰਾ ਨੂੰ ਸਮਰਪਿਤ ਰਹੇ। ਉਨ੍ਹਾਂ ਦੱਸਿਆ ਕਿ ਗੁਰਮਤਿ ਸੰਗੀਤ ਨਾਲ ਸਬੰਧਿਤ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ ਜਸਬੀਰ ਕੌਰ ਨੇ ਗੁਰਮਤ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਵਿਕਸਿਤ ਕਰਨ ਸਬੰਧੀ ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਉੱਤੇ ਬਲ ਦਿੱਤਾ ਦਿੱਤਾ। ਰਬਾਬ-ਏ-ਰੂਹਾਨੀਅਤ ਦੇ ਕਰਤਾ ਧਰਤਾ ਰਣਬੀਰ ਸਿੰਘ ਸਿਬੀਆ ਨੇ ਯੂਨੀਵਰਸਟੀ ਦੇ ਸੰਗੀਤ ਵਿਭਾਗ ਨੂੰ ਇੱਕ ਰਬਾਬ ਭੇਂਟ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰ. ਰਜਿੰਦਰ ਸਿੰਘ ਨੇ ਮੁੱਖ ਤੌਰ ਉੱਤੇ ਗੁਰੂ ਸਾਹਿਬ ਵੱਲੋਂ ਪ੍ਰਾਪਤ ਵਿਰਾਸਤ ਨੂੰ ਹਰ ਹੀਲੇ ਅੱਗੇ ਲਿਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਯੁੱਧ ਦੇ ਨਾਲ ਨਾਲ ਕੀਰਤਨ ਨੂੰ ਵੀ ਅੱਗੇ ਵਧਾਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਰਜੇਸ਼ ਸ਼ਰਮਾ ਨੇ ਗੁਰਮਤ ਸੰਗੀਤ ਦੇ ਹਵਾਲੇ ਨਾਲ ਗੱਲ ਕੀਤੀ।
  • ਪਟਿਆਲਾ, 12 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਰੈੱਡ ਰਿਬਨ ਕਲੱਬ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿਚ 129 ਵਿਅਕਤੀਆਂ ਨੇ ਖੂਨਦਾਨ ਕੀਤਾ। ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਹਾਲ ਵਿਖੇ ਇਸ ਖੂਨਦਾਨ ਕੈਂਪ ਵਿੱਚ ਸਨੌਰ ਹਲਕੇ ਦੇ ਵਿਧਾਇਕ ਸ੍ਰ. ਹਰਮੀਤ ਸਿੰਘ ਪਠਾਣਮਾਜਰਾ ਅਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓ. ਐੱਸ. ਡੀ. ਡਾ. ਉਂਕਾਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਸ੍ਰ. ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਪਹਿਲਕਦਮੀ ਦੀ ਹੌਸਲਾਅਫਜਾਈ ਕਰਦੇ ਹੋਏ ਇਸਨੂੰ ਇਕ ਨੇਕ ਕਾਰਜ ਦੱਸਿਆ।
  • ਪਟਿਆਲਾ, 11 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਡਾਇਰੈਕਟੋਰੇਟ ਆਫ਼ ਸਪੋਰਟਸ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੜਕੀਆਂ ਦੇ ਹੋਸਟਲਾਂ ਤੋਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਰਜਿਸਟਰਾਰ ਡਾ. ਸੰਜੀਵ ਪੁਰੀ, ਵਿੱਤ ਇੰਚਾਰਜ ਡਾ.ਪ੍ਰਮੋਦ ਅਗਰਵਾਲ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ.ਜਸਵਿੰਦਰ ਸਿੰਘ ਬਰਾੜ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਦਾ ਅਗਾਜ਼ ਕਰਵਾਇਆ ਗਿਆ।
  • ਪਟਿਆਲਾ, 11 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਭਾਰਤ ਵਿੱਚ ਨਾਗਰਿਕ ਕੇਂਦਰਿਤ ਸ਼ਾਸਨ' ਵਿਸ਼ੇ ਉੱਤੇ ਇਹ ਭਾਸ਼ਣ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਤੋਂ ਪੁੱਜੇ ਡਾ. ਰਾਜਬੀਰ ਸਿੰਘ ਦਲਾਲ ਵੱਲੋਂ ਦਿੱਤਾ ਗਿਆ। ਵਿਭਾਗ ਮੁਖੀ ਡਾ. ਰੇਣੂ ਨੇ ਦੱਸਿਆ ਕਿ ਇਹ ਭਾਸ਼ਣ ਜਿੱਥੇ ਜਾਣਕਾਰੀ ਭਰਪੂਰ ਸੀ ਉੱਥੇ ਹੀ iਵਿਦਆਰਥੀਆਂ ਲਈ ਵਿਚਾਰ-ਉਤੇਜਕ ਵੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਭਾਸ਼ਣ ਵਿੱਚੋਂ ਪ੍ਰਾਪਤ ਗਿਆਨ ਨਾਲ਼ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸ਼ਾਸਨ ਪ੍ਰਣਾਲੀਆਂ ਬਣਾਉਣ ਵਿੱਚ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਸਰਕਾਰੀ ਆਪਸੀ ਤਾਲਮੇਲ ਦੀ ਵਿਆਪਕ ਸਮਝ ਪ੍ਰਦਾਨ ਹੋਈ ਹੈ। ਉਨ੍ਹਾਂ ਦੱਸਿਆ ਕਿ ਬੁਲਾਰੇ ਵੱਲੋਂ ਸਾਂਝੇ ਕੀਤੇ ਗਏ ਸੰਕਲਪਾਂ ਅਤੇ ਉਦਾਹਰਣਾਂ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੁਲਾਰੇ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਵਿੱਚ ਸ਼ਾਸਨ ਸੁਧਾਰਾਂ ਬਾਰੇ ਚਰਚਾਵਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ।
  • ਪਟਿਆਲਾ, 4 ਫਰਵਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਯੂਨੀਵਰਸਿਟੀ ਸਟੇਡੀਅਮ ਵਿੱਚ ਟਰੈਕ ਅਤੇ ਫੀਲਡ ਸਮਾਗਮਾਂ ਅਤੇ ਟੀਮ ਖੇਡਾਂ ਨਾਲ਼ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਵਿਭਾਗ ਦੀ ਫ਼ੈਕਲਟੀ, ਪ੍ਰਸ਼ਾਸਨਿਕ ਸਟਾਫ਼, ਖੋਜਾਰਥੀਆਂ ਤੋਂ ਇਲਾਵਾ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ, ਖੋ ਖੋ, ਵਾਲੀਬਾਲ, ਰੱਸਾਕਸ਼ੀ ਅਤੇ ਕ੍ਰਿਕਟ ਮੈਚ ਵਿੱਚ ਹਿੱਸਾ ਲਿਆ।
  • ਪਟਿਆਲਾ, 29 ਜਨਵਰੀ ਪੰਜਾਬੀ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਫਰਵਰੀ 2025 ਵਿਚ ਦਾਖ਼ਲੇ ਸੁਰੂ ਕਰਵਾਉਣ ਸਬੰਧੀ ਪ੍ਰੀਕ੍ਰਿਆ ਸੁਰੂ ਕਰ ਦਿੱਤੀ ਗਈ ਹੈ। ਸੈਂਟਰ ਦੇ ਡਾਇਰੈਕਟਰ ਡਾ. ਸੱਤਿਆ ਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਵਰੀ 2025 ਦੇ ਦਾਖਲਿਆਂ ਸਬੰਧੀ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ, ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਮਿਤੀ 28-01-2025 ਨੂੰ ਹੰਗਾਮੀ ਇਕੱਤਰਤਾ ਹੋਈ ਸੀ। ਇਕੱਤਰਤਾ ਦੌਰਾਨ ਸੈਂਟਰ ਦੇ ਕਈ ਅਹਿਮ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬ-ਸਮੰਤੀ ਨਾਲ਼ ਫੈਸਲਾ ਲਿਆ ਗਿਆ ਕਿ ਫਰਵਰੀ 2025 ਲਈ ਯੂ.ਜੀ.ਸੀ.-ਡੈਬ ਮਾਨਤਾ ਪ੍ਰਾਪਤ ਕੋਰਸਾਂ ਵਿਚ ਦਾਖ਼ਲੇ ਸੁਰੂ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਫਰਵਰੀ 2025 ਵਿਚ ਦਾਖ਼ਲੇ ਸੁਰੂ ਕਰਵਾਉਣ ਸਬੰਧੀ ਪ੍ਰੀਕ੍ਰਿਆ ਸ਼ੁਰੂ ਕਰ ਲਈ ਗਈ ਹੈ। ਜਲਦ ਹੀ ਦਾਖ਼ਲੇ ਸੁਰੂ ਕਰ ਦਿੱਤੇ ਜਾਣਗੇ।
  • ਪਟਿਆਲਾ, 29 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਫ਼ੈਕਲਟੀ ਮੈਂਬਰ ਡਾ. ਇੰਦਰਪ੍ਰੀਤ ਕੌਰ ਸੰਧੂ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਡਾ. ਸੰਧੂ ਵੱਲੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ਼ ਮਿਲ ਕੇ ਕੀਤੇ ਵੱਖ-ਵੱਖ ਕਾਰਜਾਂ ਵਿੱਚ ਮਿਸਾਲੀ ਭੂਮਿਕਾ ਨਿਭਾਉਣ ਬਦਲੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਸੰਧੂ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ਼ ਮਿਲ ਕੇ ਵੱਖ-ਵੱਖ ਕਾਰਜ ਕਰ ਰਹੇ ਹਨ। ਉਹ ਮਨੋਗਿਆਨ ਦੇ ਖੇਤਰ ਵਿੱਚ ਮੁਹਾਰਤ ਰਖਦੇ ਹਨ
  • ਪਟਿਆਲਾ, 27 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਦੇਣ ਦਾ ਐਲਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਨੇ ਹਾਲ ਹੀ ਵਿੱਚ ਪੈਰਿਸ ਵਿਖੇ ਹੋਈਆਂ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿਖੇ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ। 2020 ਦੌਰਾਨ ਜਪਾਨ ਦੇ ਟੋਕੀਓ ਵਿੱਚ ਹੋਈਆਂ ਪੈਰਾ-ਓਲਿੰਪਕ ਖੇਡਾਂ ਦੌਰਾਨ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। 2018 ਵਿੱਚ ਉਸ ਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
  • ਪਟਿਆਲਾ, 24 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਤੋਂ ਚਾਰ ਵਲੰਟੀਅਰਾਂ ਅਤੇ ਇਕ ਪ੍ਰੋਗਰਾਮ ਅਫ਼ਸਰ ਡਾ. ਜਸਵਿੰਦਰ ਕੌਰ ਨੇ ਸਰਕਾਰੀ ਵੂਮੈਨ ਕਾਲਜ, ਜੰਮੂ ਵਿਖੇ ਐੱਨ. ਐੱਸ. ਐੱਸ. ਰਾਸ਼ਟਰੀ ਏਕਤਾ ਕੈਂਪ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 22 ਰਾਜਾਂ ਦੀਆਂ ਵਲੰਟੀਅਰ ਲੜਕੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਏਕਤਾ ਕੈਂਪ ਦੌਰਾਨ ਕਰਵਾਏ ਗਏ ਡਾਜ਼ ਬਾਲ ਮੁਕਾਬਲੇ ਵਿਚ ਪੰਜਾਬ ਦੇ ਵਲੰਟੀਅਰਾਂ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਜਿਸ ਦਾ ਇਨਾਮ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਘਨੌਰ ਦੇ ਪ੍ਰੋਗਰਾਮ ਅਫਸਰ ਜਸਵਿੰਦਰ ਕੌਰ ਵੱਲੋ ਪ੍ਰਾਪਤ ਕੀਤਾ ਗਿਆ ਜੋ ਕਿ ਪੰਜਾਬੀ ਯੂਨੀਵਰਸਿਟੀ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਦੇ ਵਲੰਟੀਅਰ ਅਜਿਹੇ ਕੈਂਪਾਂ ਵਿਚ ਭਾਗ ਲੈਂਦੇ ਰਹਿਣਗੇ।
  • ਪਟਿਆਲਾ, 23 ਜਨਵਰੀ ਪੰਜਾਬੀ ਯੂਨੀਵਰਸਿਟੀ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਭਾਸ਼ਾਵਾਂ ਬਾਰੇ ਕਰਵਾਇਆ ਗਿਆ ਅੰਤਰ- ਅਨੁਸ਼ਾਸਨੀ ਰਿਫ਼ਰੈਸ਼ਰ ਕੋਰਸ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਦੋ ਹਫਤੇ ਚੱਲਿਆ ਇਹ ਰਿਫ਼ਰੈਸ਼ਰ ਕੋਰਸ 8 ਜਨਵਰੀ 2025 ਨੂੰ ਸ਼ੁਰੂ ਹੋਇਆ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਹੋਰ ਸੂਬਿਆਂ ਦੀਆਂ ਯੂਨੀਵਰਸਿਟੀਆਂ ਤੋਂ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮਾਹਿਰਾਂ ਵੱਲੋਂ ਇਸ ਰਿਫ਼ਰੈਸ਼ਰ ਕੋਰਸ ਦੌਰਾਨ ਅਧਿਆਪਕਾਂ ਨੂੰ ਭਾਸ਼ਾਵਾਂ ਨਾਲ਼ ਸਬੰਧਤ ਵੱਖ-ਵੱਖ ਮਾਹਿਰਾਂ ਵੱਲੋਂ ਸਿਖਲਾਈ ਦਿੰਦਿਆਂ ਭਾਸ਼ਾਵਾਂ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ ਗਏ।
  • ਪਟਿਆਲਾ, 23 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਵੱਲੋਂ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਸਿੱਖਿਅਤ ਕੀਤਾ ਗਿਆ। ਇਹ ਸਮਾਗਮ ਨੌਜਵਾਨਾਂ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੁਚੇਤ ਤੌਰ 'ਤੇ ਗੱਡੀ ਚਲਾਉਣ ਦੀ ਸਮਝ ਵਧਾਉਣ ਲਈ ਕਰਵਾਇਆ ਗਿਆ।
  • ਪਟਿਆਲਾ, 22 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਯੂਨੀਵਰਸਿਟੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਰਾਹੀਂ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਨਸ਼ਾ ਵਿਰੋਧੀ ਜਾਗਰੂਕਤਾ ਪੈਦਾ ਕਰਨ ਹਿਤ ਵਿਚਾਰ ਚਰਚਾ ਕਰਵਾਈ ਗਈ। ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਖ-ਵੱਖ ਹੋਸਟਲਾਂ ਦੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ਼ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਹੈ। ਇਸੇ ਲੜੀ ਵਿੱਚ ਸਕੂਲ ਦੇ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਉਨ੍ਹਾਂ ਬੱਚਿਆਂ ਨੂੰ ਆਪਣੀ ਮਾਨਸਿਕ ਸਿਹਤ ਦਾ ਵਿਸ਼ੇਸ਼ ਖ਼ਿਆਲ ਰੱਖਣ ਅਤੇ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਅਗਲੇ ਸੈਸ਼ਨ ਤੋਂ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਹਰੇਕ ਵਿਦਿਆਰਥੀ ਤੋਂ ਇੱਕ ਵਿਸ਼ੇਸ਼ ਫਾਰਮ ਵੀ ਭਰਵਾਇਆ ਜਾਵੇਗਾ ਜਿਸ ਰਾਹੀਂ ਬੱਚੇ ਨਸ਼ਾ ਨਾ ਕਰਨ ਬਾਰੇ ਅਹਿਦ ਲੈਣਗੇ।
  • ਪਟਿਆਲਾ, 22 ਜਨਵਰੀ ਪੰਜਾਬੀ ਯੂਨੀਵਰਸਿਟੀ ਵਿਖੇ ਸਰਲ ਭਾਸ਼ਾ ਵਿੱਚ ਸੰਸਕ੍ਰਿਤ ਭਾਸ਼ਾ ਸਿਖਾਉਣ ਦੇ ਮਕਸਦ ਨਾਲ਼ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਦਸ ਦਿਨਾ ਵਰਕਸ਼ਾਪ ਕਲ੍ਹ ਸ਼ੁਰੂ ਹੋ ਗਈ ਹੈ ਜੋ 31 ਜਨਵਰੀ ਤੱਕ ਜਾਰੀ ਰਹਿਣੀ ਹੈ। ਇਸ ਵਰਕਸ਼ਾਪ ਵਿੱਚ ਸੰਸਕ੍ਰਿਤ ਵਿਭਾਗ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਹੋਰਨਾਂ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਵਿਭਾਗ ਮੁਖੀ ਡਾ. ਵੀਰੇਂਦਰ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸਰਲ ਢੰਗਲ ਨਾਲ਼ ਸੰਸਕ੍ਰਿਤ ਸਿਖਾਉਣ ਦੇ ਨਾਲ਼ ਨਾਲ਼ ਭਾਰਤੀ ਗਿਆਨ ਪਰੰਪਰਾ ਦੇ ਵੱਖ-ਵੱਖ ਪੱਖਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਵਰਕਸ਼ਾਪ ਦਾ ਆਗਾਜ਼ ਡਾ. ਅਗਰੇਜ਼ ਸ਼ਰਮਾ ਵੱਲੋਂ ਉਚਾਰੇ ਗਏ ਮੰਗਲਾਚਰਣ ਅਤੇ ਸਰਸਵਤੀ ਵੰਦਨਾ ਗਾਇਨ ਨਾਲ਼ ਹੋਇਆ। ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਪੁਸ਼ਪੇਂਦਰ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਵਰਕਸ਼ਾਪ ਦੇ ਤਕਨੀਕੀ ਅਤੇ ਕੌਸ਼ਲ ਸੰਬੰਧੀ ਪੱਖਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਉਦੇਸ਼ ਬਾਰੇ ਸਪਸ਼ਟ ਕਰਦਿਆਂ ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਸੌਖੇ ਅਤੇ ਸਰਲ ਢੰਗ ਨਾਲ਼ ਸੰਸਕ੍ਰਿਤ ਭਾਸ਼ਾ ਦਾ ਅਭਿਆਸ ਕਰਵਾਇਆ ਜਾਵਗਾ।
  • ਪਟਿਆਲਾ, 18 ਜਨਵਰੀ ਪੰਜਾਬੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵੱਲੋਂ ਦੂਜਾ ਪ੍ਰੋਫ਼ੈਸਰ ਗੁਰਦਿਆਲ ਸਿੰਘ ਯਾਦਗਾਰੀ ਭਾਸ਼ਣ 19 ਜਨਵਰੀ ਨੂੰ ਸਵੇਰੇ 10:30 ਵਜੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਇਹ ਭਾਸ਼ਣ ਹਿੰਦੀ ਸਾਹਿਤ ਦੀ ਪ੍ਰਸਿੱਧ ਲੇਖਿਕਾ ਗੀਤਾਂਜਲੀ ਸ੍ਰੀ ਵੱਲੋਂ ‘ਸਾਹਿਤ, ਸਮਾਜ, ਆਜ਼ਾਦੀ’ ਵਿਸ਼ੇ ’ਤੇ ਦਿੱਤਾ ਜਾਵੇਗਾ। ਗੀਤਾਂਜਲੀ ਸ੍ਰੀ ਅੰਤਰਰਾਸ਼ਟਰੀ ਬੁਕਰ ਇਨਾਮ ਜੇਤੂ ਲੇਖਿਕਾ ਹਨ। ਉਨ੍ਹਾਂ ਦੇ ਨਾਵਲ ‘ਰੇਤ ਸਮਾਧੀ’ ਦੇ ਅੰਗਰੇਜ਼ੀ ਅਨੁਵਾਦ ‘ਟੂੰਬ ਆਫ਼ ਸੈਂਡ’ ਨੂੰ ਸਾਲ 2022 ਦਾ ਬੁਕਰ ਇਨਾਮ ਪ੍ਰਾਪਤ ਹੋਇਆ ਸੀ। ਇਹ ਨਾਵਲ ਹਿੰਦੀ ਜ਼ੁਬਾਨ ਨੂੰ ਨਵਿਆਉਣ ਅਤੇ ਵਿਚਾਰ ਪੱਖੋਂ ਮੌਲਿਕ ਹੋਣ ਕਾਰਨ ਲਗਾਤਾਰ ਸਰਾਹਿਆ ਜਾ ਰਿਹਾ ਹੈ। ‘ਮਾਈ’, ‘ਹਮਾਰਾ ਸ਼ਹਿਰ ਉਸ ਬਰਸ’, ‘ਤਿਰੋਹਿਤ’ ਅਤੇ ‘ਖਾਲੀ ਜਗ੍ਹਾ’ ਗੀਤਾਂਜਲੀ ਸ੍ਰੀ ਦੇ ਚਾਰ ਹੋਰ ਨਾਵਲ ਹਨ। ਸ੍ਰੀ ਨੇ ਪੰਜ ਕਹਾਣੀ ਸੰਗ੍ਰਿਹਾਂ ਦੀ ਰਚਨਾ ਵੀ ਕੀਤੀ ਹੈ। ਹਿੰਦੀ ਅਤੇ ਅੰਗਰੇਜ਼ੀ ਵਿਚ ਬਰਾਬਰ ਦੀ ਮੁਹਾਰਤ ਰੱਖਣ ਵਾਲ਼ੀ ਇਸ ਲੇਖਿਕਾ ਨੂੰ ਬੁਕਰ ਤੋਂ ਬਿਨਾਂ ‘ਬਨਮਾਲੀ ਰਾਸ਼ਟਰੀ ਪੁਰਸਕਾਰ’, ‘ਕ੍ਰਿਸ਼ਨ ਬਲਦੇਵ ਪੁਰਸਕਾਰ’, ‘ਕਥਾ ਯੂ.ਕੇ. ਸਨਮਾਨ’, ‘ਹਿੰਦੀ ਅਕਾਦਮੀ ਸਾਹਿਤਕਾਰ ਸਨਮਾਨ’, ਅਤੇ ‘ਦਵਿਜਦੇਵ ਸਨਮਾਨ’ ਪ੍ਰਾਪਤ ਹੋ ਚੁੱਕੇ ਹਨ। ਪੰਜਾਬੀ ਮੂਲ ਦੀ ਪ੍ਰਸਿੱਧ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਨਾਲ ਗੀਤਾਂਜਲੀ ਸ੍ਰੀ ਦੀ ਡੂੰਘੀ ਸਾਂਝ ਰਹੀ ਹੈ। ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਦੇ ਪ੍ਰੋਫ਼ੇਸਰ ਇੰਚਾਰਜ ਡਾ. ਗੁਰਮੁਖ ਸਿੰਘ ਨੇ ਦੱਸਿਆ ਕਿ ਗੀਤਾਂਜਲੀ ਸ੍ਰੀ ਯੂਨੀਵਰਸਿਟੀ ਵਿਚ ਦੋ ਦਿਨ ਬਿਤਾਉਣਗੇ। ਪਹਿਲੇ ਦਿਨ ਉਨ੍ਹਾਂ ਦੇ ਭਾਸ਼ਣ ਦਾ ਪ੍ਰੋਗਰਾਮ ਹੋਵੇਗਾ ਅਤੇ ਦੂਜੇ ਦਿਨ ਮਿਤੀ 20 ਜਨਵਰੀ ਨੂੰ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਉਹ ਸਰੋਤਿਆਂ ਨਾਲ਼ ਸੰਵਾਦ ਅਤੇ ਵਿਚਾਰ-ਚਰਚਾ ਦੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
  • ਪਟਿਆਲਾ, 16 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਏਡਜ਼ ਜਾਗਰੂਕਤਾ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੇ ਦੇ ਸਾਇੰਸ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ 160 ਤੋਂ ਜ਼ਿਆਦਾ ਵਲੰਟੀਅਰਾਂ ਨੇ ਭਾਗ ਲਿਆ। ਸੈਮੀਨਾਰ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰੋਫੈਸਰ ਇੰਚਾਰਜ ਡਾ. ਮੋਨੀਕਾ ਗਰਗ ਆਈ. ਐੱਚ. ਬੀ. ਟੀ. ਵਿਭਾਗ ਅਤੇ ਡਾ. ਲਿਵਲੀਨ ਕੌਰ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
  • ਪਟਿਆਲਾ, 8 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਐੱਮ.ਸੀ.ਏ. ਸਮੈਸਟਰ ਤੀਜਾ ਅਤੇ ਸਮੈਸਟਰ ਪਹਿਲਾ ਦੇ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੇ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਡੇਟਾ ਨੂੰ ਜਨਤਕ ਕਰਨ ਲਈ ਵੈਬਸਾਈਟ ਤਿਆਰ ਕੀਤੀ ਹੈ। ਵਿਦਿਆਰਥੀਆਂ ਦੀ ਇਸ ਟੀਮ ਨੇ ਸ੍ਰੀ ਵਿਪਨ ਕੁਮਾਰ ਦੀ ਅਗਵਾਈ ਵਿੱਚ ਵੱਖ-ਵੱਖ ਸਰੋਤਾਂ ਤੋਂ ਡਾਟਾ ਇਕੱਤਰ ਕਰਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਵਿਭਾਗ ਮੁਖੀ ਡਾ. ਗਗਨਦੀਪ ਕੌਰ ਨੇ ਦੱਸਿਆ ਕਿ 1987 ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀ ਸਥਾਪਨਾ ਸਮੇਂ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਨਾਲ਼ ਜੁੜੇ ਰਹੇ ਹਨ। ਬੀ.ਟੈਕ (ਸੀ.ਐਸ.ਈ.), ਐਮ.ਫਿਲ (ਸੀ.ਐਸ.), ਐਮ.ਟੈਕ (ਸੀਐਸਈ), ਐਮ.ਟੈਕ (ਆਈ.ਸੀ.ਟੀ.), ਐਮ.ਸੀ.ਏ. (3 ਸਾਲ), ਐਮਸੀਏ (2 ਸਾਲ) (ਲੈਟਰਲ ਐਂਟਰੀ), ਪੀਜੀਡੀਸੀਏ, ਐਮਸੀਏ (2 ਸਾਲ), ਬੀ.ਸੀ.ਏ. (ਆਨਰਜ਼), ਪੀ.ਐਚ.ਡੀ. (ਕੰਪਿਊਟਰ ਵਿਗਿਆਨ). ਆਦਿ ਕੋਰਸਾਂ ਨਾਲ਼ ਜੁੜੇ 5000 ਤੋਂ ਵਧੇਰੇ ਸਾਬਕਾ ਵਿਦਿਆਰਥੀ ਵਿਭਾਗ ਉੱਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਕਦਮ ਤਹਿਤ ਵਿਦਿਆਰਥੀਆਂ ਨੇ ਵਿਭਾਗ ਕੋਲ ਉਪਲਬਧ ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਈਮੇਲ, ਗੂਗਲ ਫਾਰਮ, ਨਿੱਜੀ ਕਾਲਾਂ ਕਰਨ ਵਰਗੇ ਵੱਖ-ਵੱਖ ਮਾਧਿਅਮਾਂ ਰਾਹੀਂ ਸਾਰੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਸਾਧਿਆ। ਇਸ ਅਮਲ ਦੌਰਾਨ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਆਪਣਾ ਅੱਪਡੇਟਡ ਡੇਟਾ ਪ੍ਰਦਾਨ ਕੀਤਾ ਹੈ। ਵਿਦਿਆਰਥੀਆਂ ਨੇ ਆਪਣੇ ਲਿੰਕਡ ਇਨ ਪ੍ਰੋਫਾਈਲਾਂ ਨੂੰ ਇਕੱਠਾ ਕੀਤਾ ਅਤੇ ਆਪਣੀ ਨਵੀਨਤਮ ਜਾਣਕਾਰੀ ਵੈਬਸਾਈਟ 'ਤੇ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ, ਸਾਰੇ ਸਾਬਕਾ ਵਿਦਿਆਰਥੀਆਂ ਦਾ ਅਪਡੇਟ ਕੀਤਾ ਡੇਟਾ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਦਮ ਵਿਦਿਆਰਥੀਆਂ ਦੀ ਇੰਟਰਨਸ਼ਿਪ ਅਤੇ ਪਲੇਸਮੈਂਟ ਵਿੱਚ ਮਦਦ ਕਰੇਗਾ। ਉਨ੍ਹਾਂ ਹੋਰ ਵਧੇਰੇ ਸਾਬਕਾ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਵੈਬਸਾਈਟ 'ਤੇ ਆਪਣਾ ਨਵੀਨਤਮ ਡਾਟਾ ਅਪਲੋਡ ਕਰਨ। ਉਨ੍ਹਾਂ ਦੱਸਿਆ ਕਿ ਸਾਬਕਾ ਵਿਦਿਆਰਥੀਆਂ ਦੀ ਵੈੱਬਸਾਈਟ ਦਾ ਵੈੱਬਲਿੰਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://csc.punjabiuniversity.ac.in/ 'ਤੇ ਉਪਲਬਧ ਹੈ।
  • ਪਟਿਆਲਾ, 13 ਨਵੰਬਰ ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅਰਸ਼ਦੀਪ ਕੌਰ ਅਤੇ ਜੰਗਸ਼ੇਰ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਹੋਈ '2024 ਵਲਡ ਯੂਨੀਵਰਸਿਟੀ ਚੈਂਪੀਅਨਸਿ਼ਪ' ਵਿੱਚ ਜਿੱਤੇ ਗਏ ਤਿੰਨ ਤਾਜ਼ਾ ਤਗ਼ਮਿਆਂ ਨਾਲ਼ ਇਸ ਚੈਂਪੀਅਨਸਿ਼ਪ ਵਿੱਚ ਜਿੱਤੇ ਗਏ ਤਗ਼ਮਿਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। ਲੰਘੇ ਕੱਲ੍ਹ ਨਿਸ਼ਾਨੇਬਾਜ਼ ਅਰਸ਼ਦੀਪ ਕੌਰ ਨੇ 25 ਮੀਟਰ ਪਿਸਟਲ ਈਵੈਂਟ ਵਿੱਚ ਟੀਮ ਵਜੋਂ ਸੋਨ ਤਗ਼ਮਾ ਜਿੱਤ ਲਿਆ ਹੈ ਅਤੇ ਅਭੇ ਸਿੰਘ ਸੇਖੋਂ ਨੇ ਵਿਅਕਤੀਗਤ ਪ੍ਰਾਪਤੀ ਵਜੋਂ ਕਾਂਸੀ ਤਗ਼ਮਾ ਜਿੱਤ ਲਿਆ ਹੈ। ਜ਼ਿਕਰਯੋਗ ਹੈ ਕਿ ਅਰਸ਼ਦੀਪ ਕੌਰ ਦਾ ਇਸ ਚੈਂਪੀਅਨਸਿਪ ਵਿੱਚ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਸ ਨੇ ਟੀਮ ਵਿੱਚ ਖੇਡਦਿਆਂ ਸੋਨ ਤਗ਼ਮਾ ਅਤੇ ਵਿਅਕਤੀਗਤ ਪੱਧਰ ਉੱਤੇ ਕਾਂਸੀ ਤਗ਼ਮਾ ਜਿੱਤਿਆ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਜੰਗਸ਼ੇਰ ਸਿੰਘ ਵਿਰਕ ਨੇ ਮਿਕਸ ਟੀਮ ਈਵੈਂਟ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ। ਇਸੇ ਹੀ ਚੈਂਪੀਅਨਸਿ਼ਪ ਵਿੱਚ ਪ੍ਰੀਕਸ਼ਿਤ ਸਿੰਘ ਬਰਾੜ ਨੇ ਸੋਨ ਤਗ਼ਮਾ ਹਾਸਲ ਕੀਤਾ ਸੀ।
  • ਪਟਿਆਲਾ, 13 ਨਵੰਬਰ "ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨੂੰ ਆਮ ਲੋਕਾਂ ਅਤੇ ਪਾਠਕਾਂ ਦੀ ਪਹੁੰਚ ਤੱਕ ਲੈ ਕੇ ਜਾਣ ਨਾਲ਼ ਗਿਆਨ ਦੀ ਰੌਸ਼ਨੀ ਦੂਰ ਤੱਕ ਫੈਲਦੀ ਹੈ। ਅਜਿਹਾ ਹੋਣ ਨਾਲ਼ ਯੂਨੀਵਰਸਿਟੀ ਦੀ ਲੋਕਾਈ ਨਾਲ਼ ਸਾਂਝ ਵਧਦੀ ਹੈ ਅਤੇ ਗਿਆਨ ਦੇ ਪ੍ਰਸਾਰ ਦਾ ਮੰਤਵ ਹੱਲ ਹੁੰਦਾ ਹੈ।” ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਡੀਨ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਪਬਲੀਕੇਸ਼ਨ ਬਿਊਰੋ ਦੀ ਨਵੀਂ 'ਬੁੱਕ-ਵੈਨ' ਨੂੰ ਪ੍ਰਦਰਸ਼ਨੀ ਲਈ ਰਵਾਨਾ ਕਰਨ ਮੌਕੇ ਪ੍ਰਗਟਾਏ। ਪਬਲੀਕੇਸ਼ਨ ਬਿਊਰੋ ਵੱਲੋਂ ਹਾਲ ਹੀ ਵਿੱਚ ਖਰੀਦੀ ਗਈ ਨਵੀਂ 'ਬੁੱਕ-ਵੈਨ' ਆਪਣੇ ਪਹਿਲੇ ਦੌਰੇ ਉੱਤੇ ਲੁਧਿਆਣਾ ਅਤੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਹਰੀ ਝੰਡੀ ਦੇ ਕੇ ਇਸ ਵੈਨ ਨੂੰ ਰਵਾਨਾ ਕੀਤਾ ਗਿਆ।
  • ਪਟਿਆਲਾ, 13 ਨਵੰਬਰ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਸਕੂਲਾਂ ਵਿੱਚ ਕਿਸ਼ੋਰ ਮਾਨਸਿਕ ਸਿਹਤ ਅਤੇ ਤੰਦਰੁਸਤੀ ਸੰਬੰਧੀ ਸਹਾਇਤਾ ਲਈ 'ਕਮਿਊਨਿਟੀ ਆਊਟਰੀਚ' ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਇਸ ਲੜੀ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੈਕੰਡਰੀ ਸਮਾਰਟ ਸਕੂਲ, ਪਟਿਆਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਥਾਨਕ ਸਕੂਲਾਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਇੱਕ ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ ਜਿੱਥੇ ਮਾਨਸਿਕ ਸਿਹਤ ਬਾਰੇ ਖੁੱਲ੍ਹੀ ਗੱਲਬਾਤ ਹੋ ਸਕੇ ਅਤੇ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਹੋ ਸਕੇ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਏ. ਡੀ. ਸੀ. ਪਟਿਆਲਾ ਡਾ. ਈਸ਼ਾ ਸਿੰਘਲ ਨੇ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇਸ ਕਦਮ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਹਿਤ ਲੋੜੀਂਦੇ ਹੁਨਰ ਪ੍ਰਦਾਨ ਕਰਨ ਲਈ ਅਜਿਹਾ ਕਰਨਾ ਬਹੁਤ ਮਹੱਤਵ ਰਖਦਾ ਹੈ।
  • ਪਟਿਆਲਾ, 13 ਨਵੰਬਰ "ਤਬਦੀਲੀ ਤੋਂ ਬਿਨਾ ਵਿਕਾਸ ਸੰਭਵ ਨਹੀਂ। ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ। ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਸੰਕਲਪ ਨਾਲ਼ ਵੀ ਸਾਨੂੰ ਹਰ ਖੇਤਰ ਵਿੱਚ ਤਬਦੀਲ ਹੋਣਾ ਪਵੇਗਾ। ਖੇਤੀ ਦਾ ਖੇਤਰ ਵੀ ਇਸ ਤੋਂ ਬਾਹਰ ਨਹੀਂ" ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। 'ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ' ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪਲਾਸਕਾ ਯੂਨੀਵਰਸਿਟੀ ਮੋਹਾਲੀ ਦੇ ਸੈਂਟਰ ਆਫ਼ ਸਸਟਨੇਬਲ ਐਂਡ ਪ੍ਰੀਸੀਜ਼ਨ ਐਗਰੀਕਲਚਰ ਦੇ ਡਾਇਰੈਕਟਰ ਪ੍ਰੋ. ਸ਼ਾਸ਼ਾਂਕ ਤਾਮਸਕਰ ਵੱਲੋਂ ਮੁੱਖ-ਸੁਰ ਭਾਸ਼ਣ ਦਿੱਤਾ ਗਿਆ। ਪ੍ਰੋ. ਸ਼ਾਸ਼ਾਂਕ ਤਾਮਸਕਰ ਨੇ ਆਪਣੇ ਭਾਸ਼ਣ ਦੌਰਾਨ ਬਹੁਤ ਸਾਰੀਆਂ ਤਕਨੀਕਾਂ ਅਤੇ ਵਿਧੀਆਂ ਬਾਰੇ ਚਾਨਣਾ ਪਾਇਆ ਜਿਨ੍ਹਾਂ ਦੀ ਮਦਦ ਨਾਲ ਖੇਤੀਬਾੜੀ ਨੂੰ ਆਰਟੀਫਿਸ਼ਅਲ ਇੰਟੈਲੀਜਨਸ ਦੀ ਮਦਦ ਸਹਿਤ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਆਧੁਨਿਕ ਸਮੇਂ ਦੀ ਖੇਤੀਬਾੜੀ ਨੂੰ ਰਵਾਇਤੀ ਅਤੇ ਪੁਰਾਤਨ ਢੰਗ ਨਾਲ ਜਾਰੀ ਨਹੀਂ ਰੱਖਣਾ ਚਾਹੀਦਾ ਬਲਕਿ ਇਸ ਨੂੰ ਬਿਹਤਰ, ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਸਾਨੂੰ ਅੱਜ ਦੇ ਸਮੇਂ ਦੀਆਂ ਤਕਨੀਕਾਂ ਨੂੰ ਇਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
  • ਪਟਿਆਲਾ, 12 ਨਵੰਬਰ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਸੈਂਟਰ ਵੱਲੋਂ 'ਸਾਈਬਰ ਸੁਰੱਖਿਆ: ਖ਼ਤਰੇ ਅਤੇ ਹੱਲ' ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਤੋਂ ਸਹਾਇਕ ਪ੍ਰੋਫ਼ੈਸਰ ਡਾ. ਵਿਲੀਅਮਜੀਤ ਸਿੰਘ ਨੇ ਦਿੱਤਾ। ਡਾ. ਵਿਲੀਅਮ ਨੇ ਆਪਣੇ ਭਾਸ਼ਣ ਵਿੱਚ ਵੱਖ-ਵੱਖ ਐਪਲੀਕੇਸ਼ਨਾਂ ਅਤੇ ਵੈੱਬਸਾਈਟਾਂ ਬਾਰੇ ਗੱਲ ਕੀਤੀ ਜੋ ਸਪੈਮ ਅਤੇ ਜਾਸੂਸੀ ਦੇ ਤੌਰ 'ਤੇ ਕੰਮ ਕਰ ਰਹੀਆਂ ਹਨ ਅਤੇ ਹਰ ਸਕਿੰਟ ਸਾਡੇ ਡੇਟਾਬੇਸ ਲਈ ਵੱਡਾ ਖਤਰਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਸੋਸ਼ਲ ਅਕਾਉਂਟਸ ਦੀ ਬੇਲੋੜੀ ਵਰਤੋਂ ਨੂੰ ਸੀਮਤ ਕਰ ਕੇ ਅਤੇ ਘੱਟ ਤੋਂ ਘੱਟ ਨਿੱਜੀ ਡੇਟਾ ਆਨਲਾਈਨ ਪਾ ਕੇ ਸਾਡੇ ਡੇਟਾ ਨੂੰ ਸੁਰੱਖਿਅਤ ਕਰਨ ਦੇ ਤਰੀਕਿਆਂ ਬਾਰੇ ਸੁਝਾਅ ਦਿੱਤੇ।
  • ਪਟਿਆਲਾ, 12 ਨਵੰਬਰ ਪੰਜਾਬੀ ਯੂਨੀਵਰਸਿਟੀ ਵਿਖੇ ਦਸਵਾਂ ‘ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਇਸ ਸੰਮੇਲਨ ਦੇ ਆਯੋਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਅਕ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਕਾਸ ਲਈ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਹ ਪ੍ਰੋਗਰਾਮ ਯੂਨੀਵਰਸਿਟੀ ਦਾ ਵਿਸ਼ੇਸ਼ ਖਾਸਾ ਹਨ ਅਤੇ ਅਜਿਹੇ ਵੱਕਾਰੀ ਪ੍ਰੋਗਰਾਮਾਂ ਦੀ ਸੁਗੰਧ ਹੋਰ ਦੂਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਥਾਵਾਂ ਤੋਂ ਸੰਗੀਤ ਪ੍ਰੇਮੀ ਇਸ ਦਾ ਲਾਹਾ ਲੈ ਸਕਣ। ਸੰਗੀਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕਰਵਾਏ ਗਏ ਸੰਮੇਲਨ ਦੀ ਸ਼ੁਰੂਆਤ ਮੁੰਬਈ ਤੋਂ ਪਹੁੰਚੀ ਕਿਰਾਨਾ ਘਰਾਣੇ ਦੀ ਪ੍ਰਸਿੱਧ ਫ਼ਨਕਾਰ ਡਾ. ਚੇਤਨਾ ਪਾਠਕ ਵੱਲੋਂ ਦਿੱਤੀ ਗਈ ਸ਼ਾਸ਼ਤਰੀ ਗਾਇਨ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ਼ ਹੋਈ। ਦੂਜੇ ਦਿਨ ਲੁਧਿਆਣਾ ਤੋਂ ਪੁੱਜੇ ਸ਼ਾਸਤਰੀ ਗਾਇਨ ਵੋਕਲ ਦੇ ਫ਼ਨਕਾਰ ਸ਼੍ਰੀ ਚਮਨ ਲਾਲ ਭੱਲਾ ਅਤੇ ਪੂਨਾ ਤੋਂ ਪੁੱਜੇ ਸਿਤਾਰ ਵਾਦਕ ਉਸਤਾਦ ਸ਼ਾਕਿਰ ਖ਼ਾਨ, ਜੋ ਕਿ ਇਟਾਵਾ ਘਰਾਣੇ ਤੋੰ ਉਸਤਾਦ ਸ਼ਾਹਿਦ ਪਰਵੇਜ਼ ਦੇ ਪੁੱਤਰ ਅਤੇ ਸ਼ਾਗਿਰਦ ਹਨ, ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਗਿਆ।
  • ਪਟਿਆਲਾ, 30 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਚਲੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਦੇ ਵਿਸ਼ੇ ਉੱਤੇ ਕਰਵਾਇਆ ਗਿਆ ਅੱਠ-ਰੋਜ਼ਾ ਓਰੀਐਂਟੇਸ਼ਨ ਅਤੇ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 150 ਅਧਿਆਪਕਾਂ ਨੇ ਆਨਲਾਈਨ ਵਿਧੀ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਦੇ ਦੇਸ ਦੀਆਂ ਨਾਮੀ ਅਤੇ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ), ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐੱਮ.), ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਇੰਡੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ (ਆਈ.ਆਈ.ਈ.), ਕੇਂਦਰੀ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਤੋਂ ਵੱਖ-ਵੱਖ ਚੌਦਾਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਅਕਾਦਮਿਕ ਸ਼ਖ਼ਸੀਅਤਾਂ ਨੇ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ। ਇਨ੍ਹਾਂ ਮਾਹਿਰਾਂ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਉਣ ਹਿਤ ਭਾਸ਼ਣ ਦਿੱਤੇ।
  • ਪਟਿਆਲ, 23 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਨੂੰ ਸੰਬੋਧਿਤ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ.ਕੇ. ਯਾਦਵ ਨੇ ਕਿਹਾ ਕਿ ਇਸ ਦਾ ਉਦੇਸ਼ ਅਕਾਦਮਿਕ ਸਿੱਖਿਆ ਨੂੰ ਨਵੇਂ ਯੁਗ ਦਾ ਹਾਣੀ ਬਨਾਉਣਾ ਹੈ। ਸ੍ਰੀ ਯਾਦਵ ਕੁਝ ਜ਼ਰੂਰੀ ਕਾਰਨਾ ਦੇ ਕਰਕੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਆਨਲਾਈਨ ਵਿਧੀ ਰਾਹੀਂ ਕਰਵਾਈ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਫ਼ੈਸਲਿਆਂ ਅਤੇ ਅਕਾਦਮਿਕ ਅਗਵਾਈ ਲਈ ਯੂਨੀਵਰਸਿਟੀ ਦੇ ਸੁਚਾਰੂ ਅਕਾਦਮਿਕ ਪ੍ਰਬੰਧਨ ਹਿੱਤ ਅਕਾਦਮਿਕ ਕੌਂਸਲ ਇਕ ਅਹਿਮ ਸਥਾਨ ਰੱਖਦੀ ਹੈ। ਸ੍ਰੀ ਕੇ.ਕੇ. ਯਾਦਵ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਅਕਾਦਮਿਕ ਕੌਂਸਲ ਦੀ ਇਸ ਪਹਿਲੀ ਇਕੱਤਰਤਾ ਦੌਰਾਨ ਅਕਾਦਮਿਕ ਕੌਂਸਲ ਵੱਲੋਂ ਉਨ੍ਹਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ। ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਮਿਆਂ ਦਾ ਹਾਣੀ ਬਣਾਉਣ ਹਿੱਤ ਨਵੇਂ ਅਕਾਦਮਿਕ ਰੁਝਾਨਾਂ ਤਹਿਤ ਜਲਦੀ ਹੀ ਨਵੇਂ ਕੋਰਸ ਉਲੀਕਣ ਸੰਬੰਧੀ ਵਿਸਤ੍ਰਿਤ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਅਕਾਦਮਿਕ ਕੌਂਸਲ ਨੇ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਵੱਖ ਵੱਖ ਕੋਰਸ ਚਲਾਉਣ ਦੀ ਪੁਸ਼ਟੀ ਕੀਤੀ। ਇਨ੍ਹਾਂ ਕੋਰਸਾਂ ਦੀ ਗਿਣਤਤੀ 17 ਦੇ ਕਰੀਬ ਹੈ। ਇਨ੍ਹਾਂ ਦੇ ਸ਼ੁਰੂ ਹੋਣ ਦੇ ਨਾਲ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਰੋਜ਼ਗਾਰ ਲਈ ਨਵੇਂ ਮੌਕੇ ਪੈਦਾ ਹੋਣਗੇ। ਅਕਾਦਮਿਕ ਕੌਂਸਲ ਦੀ ਕਾਰਵਾਈ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ.ਕੇ. ਤਿਵਾੜੀ ਨੇ ਚਲਾਈ। ਉਨ੍ਹਾਂ ਨੇ ਮੀਟਿੰਗ ਵਿਚਲੇ ਏਜੰਡੇ ਦੀਆਂ ਵਖ-ਵਖ ਮੱਦਾਂ ਨੂੰ ਕੌਂਸਲ ਮੈਂਬਰਾਂ ਅੱਗੇ ਪ੍ਰਸਤੁਤ ਕੀਤਾ ਜਿਨ੍ਹਾਂ ਨੇ ਇਨ੍ਹਾਂ ਨੂੰ ਪ੍ਰਵਾਨਿਤ ਕਰ ਦਿੱਤਾ। ਇਸ ਦੌਰਾਨ ਕਈ ਮੈਂਬਰਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।
  • ਪਟਿਆਲਾ, 18 ਜੁਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਭਾਰਤ ਭੂਸ਼ਣ ਸਿੰਗਲਾ ਨੂੰ ਵਧੀਕ ਕੰਟਰੋਲਰ, ਪ੍ਰੀਖਿਆਵਾਂ ਵਜੋਂ ਤਾਇਨਾਤ ਕੀਤਾ ਗਿਆ ਹੈ। ਡਾ.ਸਿੰਗਲਾ ਨੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਭਾਰਤ ਭੂਸ਼ਣ ਸਿੰਗਲਾ ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਵਿਖੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ। ਇਸ ਮੌਕੇ ਬੋਲਦੇ ਹੋਏ ਪ੍ਰੋ ਅਸ਼ੋਕ ਤਿਵਾੜੀ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਮੀਦ ਪ੍ਰਗਟਾਈ ਕਿ ਪ੍ਰੀਖਿਆ ਸ਼ਾਖਾ ਦਾ ਕੰਮ ਹੋਰ ਵਧੇਰੇ ਸਚਾਰੂ ਰੂਪ ਵਿੱਚ ਚਲਾਉਣ ਲਈ ਡਾ. ਬੀ. ਬੀ. ਸਿੰਗਲਾ ਦੀ ਅਗਵਾਈ ਨਿਸ਼ਚੇ ਹੀ ਲਾਭਦਾਇਕ ਰਹੇਗੀ। ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਇੰਚਾਰਜ ਵਿਤ ਡਾ. ਪ੍ਰਮੋਦ ਅਗਰਵਾਲ ਵੀ ਇਸ ਮੌਕੇ ਹਾਜ਼ਰ ਰਹੇ। ਉਨ੍ਹਾਂ ਵੱਲੋਂ ਵੀ ਡਾ. ਬੀ. ਬੀ. ਸਿੰਗਲਾ ਨੂੰ ਵਧਾਈ ਦੇਣ ਦੇ ਨਾਲ ਪ੍ਰੀਖਿਆ ਸ਼ਾਖਾ ਦੇ ਕੁਸ਼ਲ ਪ੍ਰਬੰਧਨ ਬਾਰੇ ਉਮੀਦ ਪ੍ਰਗਟਾਈ ਗਈ।
  • ਪਟਿਆਲਾ, 17 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ ਦੇ ਸਾਬਕਾ ਅਧਿਆਪਕ ਡਾ. ਸੁਖਰੰਜਨ ਕੌਰ ਚੀਮਾ ਦੇ ਦਿਹਾਂਤ ਉੱਤੇ ਵਿਭਾਗ ਵੱਲੋਂ ਅਫ਼ਸੋਸ ਪ੍ਰਗਟਾਇਆ ਗਿਆ। ਕਲਾਵਾਂ ਨਾਲ਼ ਸੰਬੰਧਤ ਫ਼ੈਕਲਟੀ ਦੇ ਡੀਨ ਡਾ. ਅੰਬਾਲਿਕਾ ਸੂਦ ਨੇ ਦੱਸਿਆ ਕਿ ਡਾ. ਸੁਖਰੰਜਨ ਚੀਮਾ ਤਕਰੀਬਨ ਪੰਜ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਕਿਹਾ ਕਿ ਵਿਭਾਗ ਲਈ ਉਨ੍ਹਾਂ ਵੱਲੋਂ ਦਿੱਤਾ ਗਿਆ ਅਕਾਦਮਿਕ ਯੋਗਦਾਨ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੱਸਿਆ ਕਿ ਫੀਲਡ-ਵਰਕ ਵਜੋਂ ਉਨ੍ਹਾਂ ਮਾਲਵਾ ਖੇਤਰ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਉੱਤੇ ਅਧਾਰਿਤ ਕਾਰਜ, ਜੋ ਕਿ 'ਪੰਜਾਬ ਦੀ ਦਸਤਕਾਰੀ ਵਿੱਚ ਸੁਹਜਾਤਮਕ ਸਿਰਜਣਾ: ਮਾਲਵੇ ਦੇ ਵਿਸ਼ੇਸ਼ ਸੰਦਰਭ ਵਿੱਚ' ਨਾਮ ਹੇਠ ਪ੍ਰਕਾਸ਼ਿਤ ਹੈ, ਰਾਹੀਂ ਮੁੱਲਵਾਨ ਕੰਮ ਕੀਤਾ ਹੈ।
  • ਪਟਿਆਲਾ, 16 ਜੁਲਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਇੰਮਪਰੂਵਮੈਂਟ ਟਰਸੱਟ ਨਾਭਾ ਦੇ ਸਹਿਯੋਗ ਨਾਲ਼ ਯੁਵਕ ਭਲਾਈ ਦਫ਼ਤਰ ਦੇ ਬਾਹਰ ਬੂਟੇ ਲਗਾਏ ਗਏ। ਵਿਭਾਗ ਦੇ ਡਾਇਰੈਕਟਰ ਪ੍ਰੋ.ਵਰਿੰਦਰ ਕੁਮਾਰ ਕੌਸ਼ਿਕ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਰੁੱਖ ਹਨ ਤਾਂ ਹੀ ਧਰਤੀ ਉਪਰ ਜੀਵਨ ਸੰਭਵ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਹਰ ਇੱਕ ਮਨੁੱਖ ਦਾ ਨੈਤਿਕ ਫ਼ਰਜ਼ ਹੈ। ਇੰਮਪਰੂਵਮੈਂਟ ਟਰਸੱਟ ਨਾਭਾ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ 'ਹੋਵੇ ਚਾਰੇ ਪਾਸੇ ਹਰਿਆਲੀ, ਵਾਤਾਵਰਣ ਲਈ ਇਹੀ ਖੁਸ਼ਹਾਲੀ' ਨਾਅਰੇ ਦੀ ਵਰਤੋਂ ਕੀਤੀ। ਇਸ ਮੌਕੇ ਪ੍ਰੋ. ਭੀਮਇੰਦਰ, ਸ਼੍ਰੀ ਯਾਦਵਿੰਦਰ ਸ਼ਰਮਾ ਅਤੇ ਯੁਵਕ ਭਲਾਈ ਵਿਭਾਗ ਤੋਂ ਡਾ. ਹਰਿੰਦਰ ਹੁੰਦਲ, ਡਾ. ਡੈਨੀ ਸ਼ਰਮਾ, ਸ਼੍ਰੀਮਤੀ ਸ਼ਮਸੇ਼ਰ ਕੌਰ, ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀ ਪਰਦੀਪ ਸਿੰਘ, ਸ਼੍ਰੀ ਗੁਰਦੇਵ ਸਿੰਘ ਅਤੇ ਸ਼੍ਰੀ ਜਤਿੰਦਰ ਕੁਮਾਰ ਵੀ ਮੌਜੂਦ ਰਹੇ।
  • ਪਟਿਆਲਾ, 2 ਜੁਲਾਈ ਅੱਜ ਡਾ. ਹਰਵਿੰਦਰ ਪਾਲ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਉੱਘੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਪ੍ਰੋਫੈਸਰ ਪ੍ਰੋ. ਰਜਿੰਦਰ ਲਹਿਰੀ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਅਵਨੀਤ ਪਾਲ ਸਿੰਘ, ਪੰਜਾਬੀ ਭਾਸ਼ਾ ਤੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਸਮੂਹ ਸਟਾਫ, ਡਾ. ਅਨਵਰ ਚਿਰਾਗ, ਡਾ. ਮੋਹਨ ਤਿਆਗੀ, ਡਾ. ਸੀ ਪੀ ਕੰਬੋਜ, ਡਾ. ਅਜੇ ਵਰਮਾ, ਡਾ. ਪਰਮੀਤ ਕੌਰ, ਡਾਕਟਰ ਵਰਿੰਦਰ ਸ਼ਾਸਤਰੀ ਡਾ. ਨੀਤੂ ਕੌਸ਼ਲ, ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਵਿੰਪੀ, ਪਲਵੀ ਕੌਸ਼ਲ, ਵਰਿੰਦਰ ਖੁਰਾਣਾ, ਸਿਮਰਤ ਜੀਤ ਕੌਰ ਨੇ ਉਹਨਾਂ ਨੂੰ ਵਧਾਈਆਂ ਅਤੇ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਵਿਖੇ ਪਿਛਲੇ 12 ਸਾਲਾਂ ਤੋਂ ਅਧਿਆਪਕ ਵਜੋਂ ਕੰਮ ਕਰ ਰਹੇ ਸਨ।
  • ਪਟਿਆਲਾ, 2 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਲੇਖਾ ਸ਼ਾਖਾ ਵੱਲੋਂ ਕਰਮਚਾਰੀਆਂ ਨੂੰ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਲਈ ਈ-ਔਫ਼ਿਸ ਐਪ ਦੀ ਵਰਤੋਂ ਦੇ ਸੰਬੰਧ ਵਿੱਚ ਬਿਹਤਰ ਤਰੀਕੇ ਨਾਲ਼ ਜਾਣੂ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਸਹਿਯੋਗ ਨਾਲ਼ ਲੇਖਾ ਸ਼ਾਖਾ ਦੇ ਕਰਮਚਾਰੀਆਂ ਨੂੰ ਪਿਛਲੇ ਚਾਰ ਦਿਨਾਂ ਦੌਰਾਨ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਗਈ। ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਡਾ. ਕਵਲਜੀਤ ਸਿੰਘ ਅਤੇ ਸਿਸਟਮ ਮੈਨੇਜਰ ਵਿਭੂ ਸ਼ਰਮਾ ਨੇ 15-15 ਦੇ ਸਮੂਹਾਂ ਵਿੱਚ 60 ਤੋਂ ਵੱਧ ਕਰਮਚਾਰੀਆਂ ਨੂੰ ਈ-ਔਫ਼ਿਸ ਦੇ ਕੰਮ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ।
  • ਪਟਿਆਲਾ, 29 ਜੂਨ ਚੈੱਕ ਰਿਪਬਲਿਕ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਰੈੰਕਿੰਗ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੈਰਾ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੂਜਾ ਨੇ ਰਿਕਰਵ ਮਿਕਸ ਟੀਮ ਈਵੈਂਟ ਦੇ ਫ਼ਾਈਨਲ ਵਿੱਚ ਪੋਲੈਂਡ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਭਾਰਤ ਦੀ ਝੋਲ਼ੀ ਪਾਇਆ ਹੈ। ਪਰੀ-ਕੁਆਰਟਰ ਫ਼ਾਈਨਲ ਵਿੱਚ ਯੂ. ਐੱਸ. ਏ., ਕੁਆਰਟਰ ਫ਼ਾਈਨਲ ਵਿੱਚ ਜਪਾਨ ਅਤੇ ਸੈਮੀ ਫ਼ਾਈਨਲ ਵਿੱਚ ਚੀਨ ਨੂੰ ਹਰਾਉਣ ਤੋਂ ਬਾਅਦ ਇਹ ਮਿਕਸ ਟੀਮ ਪੋਲੈਂਡ ਦੀ ਟੀਮ ਨਾਲ਼ ਭਿੜੀ ਸੀ। ਇਸ ਪ੍ਰਾਪਤੀ ਦੇ ਨਾਲ਼ ਹੀ ਪੂਜਾ ਨੇ ਰਿਕਰਵ ਵਿਮੈਨ ਟੀਮ ਵਿੱਚ ਸੋਨ ਤਗ਼ਮਾ ਅਤੇ ਹਰਵਿੰਦਰ ਸਿੰਘ ਨੇ ਕਾਂਸੀ ਤਗ਼ਮਾ ਵੀ ਜਿੱਤ ਲਿਆ ਹੈ। ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਪ੍ਰੋ. ਅਜੀਤਾ ਨੇ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਅਤੇ ਪੈਰਾ ਓਲਿੰਪਕਸ ਪੈਰਿਸ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਹ ਦੋ ਪੈਰਾ ਤੀਰਅੰਦਾਜ਼ ਹੁਣ 2024 ਦੀਆਂ ਪੈਰਾ ਓਲਿੰਪਕਸ ਪੈਰਿਸ ਵਿੱਚ ਸ਼ਿਰਕਤ ਕਰਨਗੇ।
  • ਪਟਿਆਲਾ, 24 ਜੂਨ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਇਨ੍ਹੀਂ ਦਿਨੀਂ ਜਿੱਥੇ ਯੂਨੀਵਰਸਿਟੀ ਆਪਣੇ ਪੱਧਰ ਉੱਤੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਹੁਣ ਕੁੱਝ ਕਾਲਜਾਂ ਅਤੇ ਹੋਰ ਸੰਸਥਾਵਾਂ ਵੱਲੋਂ ਵੀ ਆਪੋ ਆਪਣੇ ਢੰਗ ਨਾਲ਼ ਇਸ ਦਿਸ਼ਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਰਮਚਾਰੀ ਸੰਘ ਦੀ ਮੰਗ ਉੱਤੇ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵੱਲੋਂ ਪ੍ਰੀਖਿਆ ਸ਼ਾਖਾ ਨੂੰ ਡੇਢ ਟਨ ਦਾ ਏ.ਸੀ. ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਪ੍ਰੀਖਿਆ ਸ਼ਾਖਾ ਦੇ ਬੀ. ਐੱਡ. ਸੈੱਟ ਉੱਤੇ ਲਗਾਇਆ ਗਿਆ ਹੈ। ਇਸ ਗਰੁੱਪ ਦੇ ਚੇਅਰਮੈਨ ਤਰਸੇਮ ਸੈਣੀ ਵੱਲੋਂ ਇਹ ਏ.ਸੀ. ਭੇਂਟ ਕੀਤਾ ਗਿਆ। ਕਰਮਚਾਰੀ ਸੰਘ ਵੱਲੋਂ ਕਾਲਜ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਰੋਇਲ ਗਰੁੱਪ ਆਫ਼ ਕਾਲਜਿਜ਼, ਮੋਹਾਲੀ ਵੱਲੋਂ 25 ਪੱਖੇ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਮੁਹੱਈਆ ਕਰਵਾਏ ਗਏ ਹਨ ਜੋ ਵੱਖ-ਵੱਖ ਥਾਵਾਂ ਉੱਤੇ ਲੋੜ ਅਨੁਸਾਰ ਵਰਤੇ ਜਾ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁਡਕਾ) ਵੱਲੋਂ 50 ਦੇ ਕਰੀਬ ਟਿਊਬ ਲਾਈਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ ਜੋ ਇਸ ਸੰਸਥਾ ਦੇ ਪ੍ਰਤੀਨਿਧ ਐੱਸ. ਐੱਸ. ਚੱਠਾ ਅਤੇ ਹੋਰਨਾਂ ਵੱਲੋਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਫੋਕਲ ਪੁਆਇੰਟ ਪਟਿਆਲਾ ਤੋਂ ਸਤਯਮ ਫਰਨੀਚਰਜ਼ ਨਾਮਕ ਫ਼ਰਮ ਵੱਲੋਂ ਪ੍ਰੀਖਿਆ ਸ਼ਾਖਾ ਵਿੱਚ ਲੱਕੜ ਨਾਲ਼ ਸੰਬੰਧਤ ਮੁਰੰਮਤ ਦਾ ਸਾਰਾ ਕੰਮ ਕਰਵਾਇਆ ਗਿਆ। ਪ੍ਰੋ. ਗੋਇਲ ਨੇ ਇਸ ਯੋਗਦਾਨ ਲਈ ਇਨ੍ਹਾਂ ਸਭ ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰੀਨਿਧੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਦਾ ਅਰਥ ਹੈ ਕਿ ਲੋਕਾਂ ਦਾ ਸਾਡੇ ਕੰਮ ਵਿੱਚ ਭਰੋਸਾ ਪੈਦਾ ਹੋ ਰਿਹਾ ਹੈ ਅਤੇ ਉਹ ਸਾਡੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਹੱਲ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
  • ਪਟਿਆਲਾ, 21 ਜੂਨ ਪੰਜਾਬੀ ਯੂਨੀਵਰਸਿਟੀ, ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਐੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਅਤੇ ਐੱਨ.ਐੱਸ.ਐੱਸ. ਵਿਭਾਗ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਪਾਰਕ ਵਿੱਚ ਸਵੇਰੇ 06:00 ਤੋਂ 07:00 ਵਜੇ ਯੋਗ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 250 ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਮਾਡਲ ਸਕੂਲ ਦੇ ਯੂਨੀਵਰਸਿਟੀ ਵਿਦਿਆਰਥੀ, ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਇਸ ਮੌਕੇ ਸ਼ਾਮਿਲ ਹੋਇਆ। ਸਰੀਰਕ ਸਿੱਖਿਆ ਵਿਭਾਗ ਤੋੰ ਪ੍ਰੋਫੈਸਰ ਡਾ. ਨਿਸ਼ਾਨ ਸਿੰਘ ਦਿਓਲ ਵੱਲੋਂ ਸ਼ਮੂਲੀਅਤ ਕਰ ਰਹੇ ਯੋਗ ਅਭਿਆਸੀਆਂ ਲਈ ਸਵਾਗਤੀ ਸ਼ਬਦ ਬੋਲੇ। ਇਸ ਸਮਾਰੋਹ ਦੀ ਅਗਵਾਈ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਮੈਂਬਰਾਂ ਨੇ ਕੀਤੀ। ਡਾ. ਤਰਲੋਕ ਸਿੰਘ ਸੰਧੂ (ਓਲਪਿਅਨ), ਰਿਟਾਇਰਡ ਪ੍ਰੋਫੈਸਰ, ਪ੍ਰੋ. ਗੁਰਸੇਵਕ ਸਿੰਘ ਫਿਜ਼ੀਕਲ ਕਾਲਜ, ਪਟਿਆਲਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਅਤੇ ਸ. ਹਰਜਸ਼ਨ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੋਗ ਅਭਿਆਸ ਉਪਰੰਤ ਜਗਜੀਵਨ ਸਿੰਘ, ਯੋਗਾ ਇੰਸਟ੍ਰਕਟਰ ਵਲੋਂ ਤਿਆਰ ਕਰਵਾਈ ਗਈ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਯੋਗ ਆਸਨ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡਾ. ਮਾਨ ਸਿੰਘ ਢੀਂਡਸਾ, ਰਾਜ ਤਿਵਾਰੀ (ਅੰਤਰ-ਰਾਸ਼ਟਰੀ ਗਾਇਕ), ਡਾ. ਵਿਭਾ ਸ਼ਰਮਾ, ਡਾ. ਨਵਦੀਪ ਕੰਵਲ, ਡਾ. ਅਭੀਨਵ ਭੰਡਾਰੀ, ਡਾ. ਰਾਜਵਿੰਦਰ ਸਿੰਘ, ਡਾ. ਅਵਤਾਰ ਸਿੰਘ, ਸ. ਹਰਜੀਤ ਸਿੰਘ, ਡਾ. ਅਵਤਾਰ ਸਿੰਘ ਅਤੇ ਸ. ਸਤਵੀਰ ਸਿੰਘ (ਯੂਨੀਵਰਸਿਟੀ ਮਾਡਲ ਸਕੂਲ, ਐਨ.ਐੱਸ.ਐੱਸ) ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ। ਮੰਚ ਸੰਚਾਲਨ ਪਰਵਿੰਦਰ ਸਿੰਘ ਅਤੇ ਰਘਵੀਰ ਸਿੰਘ ਯੋਗਾ ਇੰਸਟ੍ਰਕਟਰ ਵੱਲੋਂ ਕੀਤਾ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਿਤੀ 21/05/2024 ਤੋਂ 20/06/2024 ਤੱਕ ਵਿਭਾਗ ਵੱਲੋਂ ਫੈਕਲਟੀ ਕਲੱਬ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਮੁਫ਼ਤ ਯੋਗ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਯੋਗ ਅਭਿਆਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਅੰਤ ਵਿੱਚ ਆਏ ਹੋਏ ਸਾਰੇ ਯੋਗ ਅਭਿਆਸੀਆਂ ਨੂੰ ਆਹਾਰ ਵਜੋਂ ਫਲ ਅਤੇ ਦਲੀਆ ਦਿੱਤਾ ਗਿਆ।
  • ਪਟਿਆਲਾ, 15 ਜੂਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 2024-25 ਦੇ ਅਕਾਦਮਿਕ ਸੈਸ਼ਨ ਲਈ ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਕਾਉਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟ ਸੂਚੀ ਵਿੱਚ ਚੁਣੇ ਗਏ ਵਿਦਿਆਰਥੀ 18 ਜੂਨ, 2024 ਸ਼ਾਮ 5 ਵਜੇ ਤੱਕ ਆਪਣੀ ਦਾਖ਼ਲਾ ਫ਼ੀਸ ਆਨਲਾਈਨ ਜਾਂ ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਅਦਾ ਕਰ ਸਕਦੇ ਹਨ। ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਫ਼ੀਸ ਦਾ ਭੁਗਤਾਨ ਕਰਨ ਵਾਲ਼ੇ ਵਿਦਿਆਰਥੀਆਂ ਲਈ 18 ਜੂਨ ਤੱਕ ਸਬੰਧਤ ਵਿਭਾਗ ਵਿੱਚ ਫ਼ੀਸ ਦੀ ਅਦਾਇਗੀ ਦੀ ਰਸੀਦ ਜਮ੍ਹਾਂ ਕਰਾਉਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਅਤੇ 14 ਜੂਨ, 2024 ਨੂੰ ਕਾਉਂਸਲਿੰਗ ਸੈਸ਼ਨਾਂ ਵਿੱਚ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਵਿਖਾਇਆ ਗਿਆ। ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਖਾਸ ਤੌਰ ਉੱਤੇ ਪੰਜ ਸਾਲਾ ਏਕੀਕ੍ਰਿਤ ਬੀ.ਬੀ.ਏ.-ਐੱਮ. ਬੀ. ਏ. ਅਤੇ ਬੀ.-ਕੌਮ.-ਐਮ.ਕਾਮ, ਬੀ.ਕੌਮ. (ਆਨਰਜ਼), ਬੀ. ਫਾਰਮੇਸੀ, ਬੀ.ਪੀ.ਟੀ. ਹੋਟਲ ਅਤੇ ਟੂਰਿਜ਼ਮ ਮੈਨੇਜਮੈਂਟ, ਮਲਟੀ-ਡਿਸਿਪਲਨਰੀ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਸਾਰੇ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਦਾ ਵਧਿਆ ਹੋਇਆ ਰੁਝਾਨ ਵੇਖਣ ਨੂੰ ਮਿਲਿਆ। ਪ੍ਰੋ. ਬਾਂਸਲ ਨੇ ਦਾਖ਼ਲਾ ਸੈੱਲ ਦੇ ਕੋ-ਕੋਆਰਡੀਨੇਟਰਾਂ ਅਤੇ ਪ੍ਰੋਗਰਾਮਰ ਦਲਬੀਰ ਸਿੰਘ ਅਤੇ ਸੰਤਬੀਰ ਸਿੰਘ ਸਮੇਤ ਦਾਖ਼ਲਾ ਸੈੱਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਇਸ ਪ੍ਰਕਿਰਿਆ ਦੇ ਸੁਚਾਰੂ ਢੰਗ ਨਾਲ਼ ਨੇਪਰੇ ਚੜ੍ਹਨ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਸੰਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਸਾਰੇ ਵਿਭਾਗਾਂ ਦੇ ਮੁਖੀਆਂ, ਪ੍ਰੋਗਰਾਮ ਕੋਆਰਡੀਨੇਟਰਾਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਦਾ ਵੀ ਧੰਨਵਾਦ ਕੀਤਾ।
  • ਪਟਿਆਲਾ, 14 ਜੂਨ ਪੰਜਾਬੀ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਕੋਰਸਾਂ ਲਈ ਚਾਹਵਾਨ ਵਿਦਿਆਰਥੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 40 ਫ਼ੀਸਦੀ ਵਾਧਾ ਹੋਇਆ ਹੈ। ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਚਲਦੀ ਕਾਊਂਸਲਿੰਗ ਦਾ ਮੁਆਇਨਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਪਤ ਹੋਈਆਂ ਦਾਖ਼ਲਾ ਅਰਜ਼ੀਆਂ ਦੀ ਗਿਣਤੀ ਵਿੱਚ ਲਗਭਗ 40 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਭਾਗਾਂ/ਕੇਂਦਰਾਂ ਵਿੱਚ ਬਿਨੈਕਾਰਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਰੀਜਨਲ ਸੈਂਟਰ, ਮੋਹਾਲੀ ਵਿਖੇ ਕੰਪਿਊਟਰ ਸਾਇੰਸ ਵਿੱਚ ਬੀ.ਟੈਕ (ਸੀ.ਐੱਸ.ਈ) ਵਿੱਚ 50 ਅਤੇ ਪੰਜ ਸਾਲਾ ਯੂ.ਜੀ.-ਪੀ.ਜੀ. ਪ੍ਰੋਗਰਾਮ (ਆਨਰਜ਼ ਵਿਦ ਰਿਸਰਚ) ਲਈ ਵੀ ਕਾਫ਼ੀ ਦਾਖ਼ਲਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਨਾਲ਼ ਸੰਬੰਧਤ ਪ੍ਰਣਾਲੀ ਵਿੱਚ ਕੀਤੇ ਗਏ ਕੁੱਝ ਬਦਲਾਅ, ਜਿਵੇਂ ਕਿ ਦਾਖ਼ਲੇ ਦੇ ਸਮੇਂ ਮੇਜਰ ਵਿਸ਼ਿਆਂ ਦੀ ਵੰਡ ਵਰਗੇ ਮਹੱਤਵਪੂਰਨ ਕਦਮਾਂ ਨੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਨ ਵਿੱਚ ਇਨ੍ਹਾਂ ਕੋਰਸਾਂ ਸੰਬੰਧੀ ਅਨਿਸ਼ਚਿਤਤਾ ਨੂੰ ਦੂਰ ਕੀਤਾ ਹੈ ਅਤੇ ਸੰਤੁਸ਼ਟੀ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਤਬਦੀਲੀਆਂ ਪੰਜਾਬ ਸਰਕਾਰ ਦੇ ਸੁਹਿਰਦ ਸਹਿਯੋਗ ਅਤੇ ਵਾਈਸ-ਚਾਂਸਲਰ ਕੇ. ਕੇ. ਯਾਦਵ ਦੀ ਅਗਵਾਈ ਤੋਂ ਬਿਨਾਂ ਸੰਭਵ ਨਹੀਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਨੇ ਯੂਨੀਵਰਸਿਟੀ ਵਿੱਚ ਸਥਿਰਤਾ ਦਾ ਮਾਹੌਲ ਬਣਾਇਆ ਹੈ ਅਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਦਾ ਮਨੋਬਲ ਵਧਾਇਆ ਹੈ। ਫ਼ੋਟੋ: ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਅਸ਼ੋਕ ਕੁਮਾਰ ਤਿਵਾੜੀ
  • ਪਟਿਆਲਾ, 13 ਜੂਨ ਪੰਜਾਬੀ ਯੂਨੀਵਰਸਿਟੀ ਵਿਖੇ ਇਸ ਮਹੀਨੇ ਦੇ ਅੰਤ 30 ਜੂਨ ਨੂੰ 14 ਅਧਿਆਪਕ ਸੇਵਾ-ਨਵਿਰਤ ਹੋ ਰਹੇ ਹਨ। ਯੂਨੀਵਰਸਿਟੀ ਵੱਲੋਂ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਗੌਰਤਲਬ ਹੈ ਕਿ ਯੂਨੀਵਰਸਿਟੀ ਅਧਿਆਪਨ ਅਮਲੇ ਨੂੰ ਕੱਲ੍ਹ ਤੋਂ ਸ਼ੁਰੂ ਹੋ ਕੇ ਮੱਧ ਜੁਲਾਈ ਤੱਕ ਛੁੱਟੀਆਂ ਹੋ ਰਹੀਆਂ ਹਨ, ਇਸ ਕਾਰਨ ਇਹ ਵਿਦਾਇਗੀ ਪਾਰਟੀ ਅਗਾਊਂ ਤੌਰ ਉੱਤੇ ਦਿੱਤੀ ਗਈ। ਸੈਨੇਟ ਹਾਲ ਵਿਖੇ ਇਸ ਸੰਬੰਧੀ ਰੱਖੀ ਗਈ ਬੈਠਕ ਦੀ ਪ੍ਰਧਾਨਗੀ ਡੀਨ ਖੋਜ ਡਾ. ਮਨਜੀਤ ਪਾਤੜ ਨੇ ਕੀਤੀ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸੇਵਾ-ਮੁਕਤੀ ਦੀ ਵਧਾਈ ਦਿੱਤੀ ਅਤੇ ਜ਼ਿੰਦਗੀ ਦੇ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੇਵਾ-ਮੁਕਤ ਹੋਣ ਵਾਲ਼ੇ ਅਧਿਆਪਕਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਕਾਰਜਸ਼ੀਲ ਅਧਿਆਪਕਾਂ ਤੋਂ ਇਲਾਵਾ ਰਿਜਨਲ ਸੈਂਟਰ ਅਤੇ ਯੂਨੀਵਰਸਿਟੀ ਕਾਲਜ ਦੇ ਅਧਿਆਪਕ ਵੀ ਸ਼ਾਮਿਲ ਸਨ। ਸੇਵਾ-ਮੁਕਤ ਹੋਏ ਅਧਿਆਪਕਾਂ ਵਿੱਚ ਯੂਨੀਵਰਸਿਟੀ ਮੁੱਖ ਕੈਂਪਸ ਦੇ ਦਰਸ਼ਨ ਸ਼ਾਸਤਰ ਵਿਭਾਗ ਤੋਂ ਡਾ. ਪਰਮਿੰਦਰ ਕੌਰ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਤੋਂ ਡਾ. ਚਿਰਾਗ ਦੀਨ, ਭੂ-ਵਿਗਿਆਨ ਵਿਭਾਗ ਤੋਂ ਡਾ. ਬਲਜੀਤ ਕੌਰ, ਬਨਸਪਤੀ ਵਿਗਿਆਨ ਵਿਭਾਗ ਤੋਂ ਡਾ. ਦਵਿੰਦਰ ਪਾਲ ਸਿੰਘ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਹਰਵਿੰਦਰ ਕੌਰ, ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਡਾ. ਰਾਜਿੰਦਰ ਕੁਮਾਰ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਲਖਵਿੰਦਰ ਸਿੰਘ, ਅੰਗਰੇਜ਼ੀ ਵਿਭਾਗ ਤੋਂ ਡਾ. ਰਾਜੇਸ਼ ਕੁਮਾਰ, ਪੰਜਾਬੀ ਵਿਭਾਗ ਤੋਂ ਡਾ. ਜਸਵਿੰਦਰ ਸਿੰਘ, ਸਿੱਖਿਆ ਅਤੇ ਸੁਮਦਾਇ ਵਿਭਾਗ ਤੋਂ ਡਾ. ਜਸਰਾਜ ਕੌਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗ ਤੋਂ ਡਾ. ਗੁਰਚਰਨ ਸਿੰਘ, ਕਾਮਰਸ ਵਿਭਾਗ ਤੋਂ ਡਾ. ਰਾਧਾ ਸ਼ਰਨ ਅਰੋੜਾ, ਰਿਜਨਲ ਸੈਂਟਰ ਬਠਿੰਡਾ ਤੋਂ ਡਾ. ਸੁਮਨ ਸ਼ਰਮਾ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਤੋਂ ਡਾ. ਸਰਬਜੀਤ ਕੌਰ ਸ਼ਾਮਿਲ ਸਨ। ਸੇਵਾ-ਮੁਕਤ ਹੋਏ ਅਧਿਆਪਕਾਂ ਵੱਲੋਂ ਇਸ ਮੌਕੇ ਬੋਲਦਿਆਂ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਹੋਏ ਵੱਖ-ਵੱਖ ਤਜਰਬੇ ਸਾਂਝੇ ਕੀਤੇ ਗਏ। ਅਧਿਆਪਕਾਂ ਵੱਲੋਂ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
  • ਪਟਿਆਲਾ, 12 ਜੂਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਡਰਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਸ਼ੁਰੂ ਹੋ ਗਈ ਹੈ। ਕੌਂਸਲਿੰਗ ਦੇ ਪਹਿਲੇ ਦਿਨ 12 ਜੂਨ ਨੂੰ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਚਲਦੇ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਕੈਂਪਸ ਵਿਖੇ ਪੁੱਜੇ। ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰਖਦਿਆਂ ਬਿਹਤਰ ਪ੍ਰਬੰਧ ਕੀਤੇ ਗਏ ਹਨ। ਪਿਛਲੇ ਸਾਲਾਂ ਦੇ ਅਨੁਭਵ ਤੋਂ ਸਾਹਮਣੇ ਆਇਆ ਸੀ ਕਿ ਕੌਂਸਲਿੰਗ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਕੌਂਸਲਿੰਗ ਲਈ ਆਪਣੀ ਵਾਰੀ ਲਈ ਜ਼ਿਆਦਾ ਉਡੀਕ ਕਰਨੀ ਪੈਂਦੀ ਸੀ। ਇਸ ਵਾਰ ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿੱਚ ਵੰਡ ਕੇ 80 ਫ਼ੀਸਦੀ ਤੋਂ ਵਧੇਰੇ ਨੰਬਰ ਵਾਲ਼ੇ ਵਿਦਿਆਰਥੀਆਂ ਨੂੰ ਪਹਿਲੇ ਦਿਨ ਕੌਂਸਲਿੰਗ ਲਈ ਬੁਲਾਇਆ ਗਿਆ ਜਦੋਂ ਕਿ ਇਸ ਤੋਂ ਘੱਟ ਨੰਬਰ ਵਾਲ਼ੇ ਵਿਦਿਆਰਥੀ ਦੂਜੇ ਦਿਨ 13 ਜੂਨ ਨੂੰ ਬੁਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇ ਕੋਈ ਵਿਦਿਆਰਥੀ ਕਿਸੇ ਮਜ਼ਬੂਰੀ ਕਾਰਨ ਪਹਿਲੇ ਦਿਨ ਨਹੀਂ ਆ ਸਕਿਆ ਤਾਂ ਦੂਜੇ ਦਿਨ ਵੀ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲਾ ਸੈੱਲ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਲਈ 'ਹੈਲਪ ਡੈਸਕ' ਵੀ ਲਗਾਇਆ ਗਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਨਵੇਂ ਹੋਣ ਕਾਰਨ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।
  • ਪਟਿਆਲਾ, 7 ਜੂਨ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਈਕੋ ਕਲੱਬ ਵੱਲੋਂ ਅਰਬਨ ਫੁੱਟਬਾਲ ਕਲੱਬ ਚਿਨਾਰ ਬਾਗ ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਤਹਿਤ ਪਿੰਡ ਫਲੌਲੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਯੂਨੀਵਰਸਿਟੀ ਦੇ ਈਕੋ ਕਲੱਬ ਦੇ ਨੋਡਲ ਅਫ਼ਸਰ ਅਤੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ, ਡਾ. ਸੰਦੀਪ, ਡਾ. ਸਿਮਰਨਜੀਤ ਅਤੇ ਡਾ. ਅਭਿਨਵ ਭੰਡਾਰੀ ਦੀ ਅਗਵਾਈ ਵਿੱਚ ਈਕੋ ਕਲੱਬ ਦੇ ਮੈਂਬਰਾਂ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਤੋਂ ਇਲਾਵਾ ਅਰਬਨ ਕਲੱਬ ਦੇ ਲਗਭਗ 100 ਤੋਂ ਵੱਧ ਛੋਟੇ ਬੱਚਿਆਂ ਨੇ ਪਿੰਡ ਵਿਚ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ। ਇਸ ਰੈਲੀ ਵਿੱਚ ਛੋਟੇ ਬੱਚਿਆਂ ਨੂੰ ਸ਼ਾਮਲ ਕਰਨ ਦਾ ਮੰਤਵ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਜਾਗਰੂਕ ਕਰਨਾ ਸੀ ਤਾਂ ਜੋ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਸੰਵੇਦਨਸ਼ੀਲ ਹੋ ਸਕਣ ਅਤੇ ਇਸ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਣ। ਬੱਚਿਆਂ ਨੇ ਇਸ ਰੈਲੀ ਵਿੱਚ ਹਿੱਸਾ ਲੈਂਦੇ ਹੋਏ ਜਿੱਥੇ ਆਪਣੇ ਆਪ ਨੂੰ ਵਾਤਾਵਰਣ ਨਾਲ ਜੋੜਨ ਲਈ ਉਤਸ਼ਾਹ ਦਿਖਾਇਆ ਉੱਥੇ ਨਾਲ ਹੀ ਉਸੇ ਉਤਸ਼ਾਹ ਨਾਲ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕੀਤਾ। ਇਸੇ ਵਿਸ਼ਵ ਵਾਤਾਵਰਣ ਦਿਵਸ ਦੀ ਲੜੀ ਤਹਿਤ ਯੂਨੀਵਰਸਿਟੀ ਦੇ ਈਕੋ ਕਲੱਬ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫਸਰ ਸੰਦੀਪ ਸਿੰਘ ਵਲੋਂ ਸਵੇਰੇ ਪੰਜ ਕਿਲੋਮੀਟਰ ਦੌੜ ਲਗਾ ਕੇ ਰੁੱਖਾਂ ਦੀ ਮਹਤਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗਿਆ । ਪ੍ਰੋਗਰਾਮ ਕੋਆਡੀਨੇਟਰ ਪ੍ਰੋ.ਮਮਤਾ ਸ਼ਰਮਾ ਨੇ ਇਸ ਰੈਲੀ ਰਾਹੀਂ ਬੱਚਿਆਂ ਤੱਕ ਵਾਤਾਵਰਣ ਪ੍ਰਤੀ ਸੁਹਿਰਦ ਰਹਿਣ ਦਾ ਸੁਨੇਹਾ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
  • ਪਟਿਆਲਾ, 31 ਮਈ ਪੰਜਾਬੀ ਯੂਨੀਵਰਸਿਟੀ ਦੇ ਦੋ ਪੈਰਾ ਤੀਰਅੰਦਾਜ਼ ਪੂਜਾ ਅਤੇ ਹਰਵਿੰਦਰ ਸਿੰਘ ਨੇ ਸੋਨੀਪਤ ਵਿਖੇ ਹੋਏ ਤੀਜੇ ਪੈਰਾ-ਓਲਿੰਪਿਕਸ ਟਰਾਇਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੋਹੇਂ ਖਿਡਾਰੀ ਚੈੱਕ ਰਿਪਬਲਿਕ ਵਿਖੇ ਹੋਣ ਵਾਲ਼ੇ ਵਿਸ਼ਵ ਰੈੰਕਿੰਗ ਟੂਰਨਾਮੈਂਟ ਲਈ ਚੁਣੇ ਗਏ ਹਨ। ਯੂਨੀਵਰਸਿਟੀ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਵੱਲੋਂ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੈਰਾ-ਓਲਿੰਪਿਕਸ 2020 ਦੌਰਾਨ ਹਰਵਿੰਦਰ ਸਿੰਘ ਨੇ ਕਾਂਸੀ ਤਗ਼ਮਾ ਜਿੱਤਿਆ ਸੀ ਅਤੇ ਪੂਜਾ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤਗ਼ਮਾ ਹਾਸਿਲ ਹੈ।
  • ਪਟਿਆਲਾ, 30 ਮਈ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਦੇ ਵਿਦਿਆਰਥੀਆਂ ਨੇ ਅੱਜ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਉਪ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਵੋਟਰ ਜਾਗਰੂਕਤਾ 'ਯੂਥ ਚਲਿਆ ਬੂਥ' ਮੁਹਿੰਮ ਤਹਿਤ ਅੱਜ ਸਵੇਰੇ 6 ਵਜੇ ਤੋਂ 7 ਵਜੇ ਤੱਕ ਡੀ ਸੀ ਦਫਤਰ ਤੋਂ ਮਲਟੀ ਪਰਪਜ਼ ਸਕੂਲ ਪਟਿਆਲਾ ਤੱਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਇਸ ਨੂੰ ਏਡੀਸੀ ਪਟਿਆਲਾ ਵਲੋਂ ਹਰੀ ਝੰਡੀ ਦਿੱਤੀ ਗਈ। ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ ਅਤੇ ਡਾ. ਲਖਵੀਰ ਸਿੰਘ ਦੇ ਨਾਲ ਐੱਨ. ਐੱਸ. ਐੱਸ. ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਡਾਕਟਰ ਸੰਦੀਪ ਦੀ ਬੋਰਨ ਰਨਰ ਟੀਮ ਦੇ ਸੰਦੀਪ ਕੁਮਾਰ ਵਰਮਾ, ਜਾਣਵੀ, ਪ੍ਰਣਵ ਤੇ ਗੁਰਮੀਤ ਸਿੰਘ ਨੇ ਵੀ ਭਾਗ ਲਿਆ। ਇਸ ਪੈਦਲ ਯਾਤਰਾ ਦਾ ਮੰਤਵ ਫਸਟ ਟਾਈਮ ਵੋਟਰ ਅਤੇ ਬਾਕੀ ਯੂਥ ਨੂੰ ਪ੍ਰੇਰਿਤ ਕਰਨਾ ਸੀ ਤਾਂਜੋ ਹਰ ਯੂਥ ਆਪਣੇ ਜਮਹੂਰੀ ਹੱਕ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਫਰਜ਼ ਨਿਭਾ ਸਕੇ।
  • ਪਟਿਆਲਾ, 26 ਮਈ ਸਾਹਿਤ ਸਭਾ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਕਾਈ ਟਰੇਲ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਤੇ ਸੰਗੀਤ ਨਾਟਕ ਅਕਾਦਮੀ ਪੁਰਸਕ੍ਰਿਤ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦੇ ਨਾਟਕ 'ਜਾਮ' ਦੀਆਂ ਦੋ ਰੋਜ਼ਾ ਪੇਸ਼ਕਾਰੀਆਂ ਕਰਵਾਈਆਂ ਗਈਆਂ। ਨਾਟਕ ਔਰਤ ਮਰਦ ਦੇ ਰਿਸ਼ਤੇ ਵਿੱਚ ਲੱਗੇ ਭਾਵਨਾਤਮਕ ਜਾਮ ਦੀ ਖੂਬਸੂਰਤ ਪੇਸ਼ਕਾਰੀ ਹੋ ਨਿਬੜਿਆ। ਪਾਲੀ ਭੁਪਿੰਦਰ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਇਹ ਨਾਟਕ ਜਾਮ ਦਾ ਖੂਬਸੂਰਤ ਮੈਟਾਫਰ ਸਿਰਜਦਾ ਹੈ। ਸੜਕ ਤੇ ਲੱਗੇ ਜਾਮ ਦੇ ਮੈਟਾਫ਼ਰ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਆਦਿ ਕਾਲ ਤੋਂ ਹੁਣ ਤੱਕ ਆਜ਼ਾਦੀ ਦੇ ਚੱਕਰਵਿਊ ਨੇ ਔਰਤ ਮਰਦ ਦੇ ਰਿਸ਼ਤੇ ਵਿੱਚ ਦਰਾਰਾਂ ਪੈਦਾ ਕੀਤੀਆਂ ਹਨ ਤੇ ਉਹ ਇੱਕ ਜੁੱਟ ਹੋਣ ਦੀ ਬਜਾਏ ਵਿਰੋਧੀ ਜੁੱਟ ਵਜੋਂ ਆਹਮਣੇ ਸਾਹਮਣੇ ਹੋ ਗਏ ਹਨ। ਜ਼ਿੰਦਗੀ ਦੇ ਜਾਮ ਨੂੰ ਰਲ ਕੇ ਹੀ ਪਾਰ ਕੀਤਾ ਜਾ ਸਕਦਾ ਹੈ। ਪ੍ਰੋ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਬੋਲਦਿਆਂ ਕਿਹਾ ਕਿ ਪਾਲੀ ਭੁਪਿੰਦਰ ਪੰਜਾਬੀ ਦਾ ਸਮਰੱਥ ਨਾਟਕਕਾਰ ਹੈ, ਉਸ ਦੇ ਵਿਸ਼ੇ ਹਮੇਸ਼ਾ ਬਹੁਤ ਹਟ ਕੇ ਹੁੰਦੇ ਹਨ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਕਟਰ ਗੁਰਸੇਵਕ ਲੰਬੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਦੱਸਿਆ ਕਿ ਪਾਲੀ ਭੁਪਿੰਦਰ ਨੇ ਨੌਂ ਸਾਲਾਂ ਬਾਅਦ ਪੰਜਾਬੀ ਰੰਗਮੰਚ ਵਿੱਚ ਵਾਪਸੀ ਕੀਤੀ ਹੈ। ਉਹਨਾਂ ਤੋਂ ਹੋਰ ਚੰਗੇ ਨਾਟਕਾਂ ਦੀ ਆਸ ਰਹੇਗੀ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਪਾਲੀ ਭੁਪਿੰਦਰ ਨੇ ਨਵੀਆਂ ਜੁਗਤਾਂ ਰਾਹੀਂ ਨਵਾਂ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਦੀ ਬੋਲਡ ਭਾਸ਼ਾ ਵਿੱਚ ਪਾਲੀ ਭੁਪਿੰਦਰ ਹੀ ਗੱਲ ਕਰ ਸਕਦਾ ਹੈ। ਪਾਲੀ ਭੁਪਿੰਦਰ ਨੇ ਆਪਣੇ ਅਹਿਸਾਸ ਸਾਂਝੇ ਕਰਦਿਆਂ ਕਿਹਾ ਕਿ ਮੈਂ ਭਾਵੇਂ ਫਿਲਮਾਂ ਅਤੇ ਸੋਸ਼ਲ ਮੀਡੀਆ ਤੇ ਮਸ਼ਰੂਫ ਰਿਹਾ ਹਾਂ ਪਰ ਰੰਗਮੰਚ ਮੇਰੀ ਪਹਿਲੀ ਪਸੰਦ ਹੈ। ਪ੍ਰੋਗਰਾਮ ਦੌਰਾਨ ਰਾਹੁਲ ਦੇਵਗਨ ਤੇ ਹਰਪ੍ਰੀਤ ਦੇਵਗਨ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਕਿਰਪਾਲ ਕਜਾਕ, ਡਾ. ਰਜਿੰਦਰ ਪਾਲ ਬਰਾੜ, ਚਰਨਜੀਤ ਕੌਰ ਡਾ. ਦਰਸ਼ਨ ਆਸਟ ਆਦਿ ਹਾਜ਼ਰ ਸਨ।
  • ਪਟਿਆਲਾ, 1 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਅਕਾਦਮਿਕ ਸੈਸ਼ਨ 2024-25 ਲਈ ਅੰਡਰਗਰੈਜੂਏਟ (ਯੂ.ਜੀ.), ਯੂ.ਜੀ.-ਪੀ.ਜੀ. ਇੰਟੀਗਰੇਟਿਡ ਅਤੇ ਪੋਸਟ ਗਰੈਜੂਏਟ (ਪੀ.ਜੀ.) ਕੋਰਸਾਂ ਦੇ ਦਾਖਲੇ ਸ਼ੁਰੂ ਹੋ ਗਏ ਹਨ। ਚਾਹਵਾਨ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਮੇਨ ਕੈਂਪਸ ਜਾਂ ਪੰਜਾਬੀ ਨੇਬਰਹੁੱਡ ਕੈਂਪਸਾਂ ਅਤੇ ਰਿਜਨਲ ਸੈਂਟਰਾਂ ਵਿੱਚ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਆਨਲਾਈਨ ਪ੍ਰਕਿਰਿਆ ਅਪਣਾਈ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣੀ ਰਹੇ। ਇਸ ਵਾਰ ਦੀ ਖਾਸੀਅਤ ਇਹ ਹੈ ਕਿ ਇਸ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਚਾਰ ਸਾਲਾ ਬੀ.ਏ.-ਬੀ.ਐੱਡ. ਇੰਟੀਗਰੇਟਿਡ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ। ਚਾਹਵਾਨ ਵਿਦਿਆਰਥੀ ਹੋਰ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ http://www.punjabiuniversity.ac.in/ 'ਤੇ ਵੇਖ ਸਕਦੇ ਹਨ। ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀਆਂ ਨਾਲ਼ ਸੰਬੰਧਤ ਪੋਰਟਲ ਤੱਕ ਪਹੁੰਚਿਆ ਜਾ ਸਕਦਾ ਹੈ ਜਿੱਥੋਂ ਹੋਰ ਵਧੇਰੇ ਹਦਾਇਤਾਂ ਜਾਣਨ ਲਈ ਪ੍ਰਾਸਪੈਕਟਸ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵਿਦਿਆਰਥੀ 0175-5136522, 5136390 ਜਾਂ ਵਟ੍ਹਸਐਪ ਨੰਬਰ 8264256390 ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਇਸ ਸੈਸ਼ਨ ਤੋਂ ਹੋਰ ਰਾਜਾਂ ਦੇ ਉਮੀਦਵਾਰ ਵਿਦਿਆਰਥੀਆਂ, ਜਿਨ੍ਹਾਂ ਨੇ ਅੰਡਰਗਰੈਜੂਏਟ ਕੋਰਸਾਂ ਲਈ ਸੀ.ਯੂ.ਈ.ਟੀ. ਦਾਖਲਾ ਟੈਸਟ ਰਾਹੀਂ ਅਪਲਾਈ ਕੀਤਾ ਹੋਵੇ , ਲਈ ਵੀ ਦਾਖਲਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਨੇ ਕਿਹਾ ਕਿ ਕਲਾ ਮਨੁੱਖ ਨੂੰ ਚੰਗਾ ਬਣਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵੱਲੋਂ ਵਿਸ਼ਵ ਡਾਂਸ ਦਿਵਸ ਦੇ ਸੰਬੰਧ ਵਿੱਚ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਕਲਾ ਨਾਲ ਜੁੜੇ ਲੋਕਾਂ ਦੀ ਸ਼ਖ਼ਸੀਅਤ ਹਮੇਸ਼ਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਜੋ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਨਾਚ ਦਿਵਸ ਦੀ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵੱਲੋਂ ਡਾਂਸ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ ਕਲਾਸੀਕਲ ਡਾਂਸ ਕਥਕ, ਪੰਜਾਬੀ ਅਤੇ ਹਰਿਆਣਵੀ ਲੋਕ ਨਾਚ ਸ਼ਾਮਿਲ ਸਨ। ਵਿਭਾਗ ਮੁਖੀ ਡਾ. ਸਿਮੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਵਿਸ਼ਵ ਡਾਂਸ ਦਿਵਸ ਦੇ ਇਤਿਹਾਸਕ ਪੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਆਧੁਨਿਕ ਬੈਲੇ ਦੇ ਪਿਤਾਮਾ ਜੀਨ ਜੌਰਜ ਨੈਵੇਰੇ ਦੇ ਜਨਮ ਦਿਨ 29 ਅਪ੍ਰੈਲ ਨੂੰ 1982 ਤੋਂ ਅੰਤਰਰਾਸ਼ਟਰੀ ਨਾਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਚ ਵਿਭਾਗ ਆਪਣੇ ਸਥਾਪਨਾ ਸਮੇਂ ਤੋਂ ਹੀ ਹਰ ਸਾਲ ਇਸ ਦਿਵਸ ਉੱਤੇ ਪ੍ਰੋਗਰਾਮ ਕਰਵਾਉਂਦਾ ਹੈ। ਉਨਾਂ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਪ੍ਰੋਗਰਾਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਵਿਭਾਗ ਵਿੱਚ ਕੰਮ ਕਰਦੇ ਸਾਰੇ ਗੈਸਟ ਫ਼ੈਕਲਟੀ ਅਧਿਆਪਕ ਖੁਦ ਪੇਸ਼ਕਾਰੀਆਂ ਵਿੱਚ ਸ਼ਾਮਿਲ ਹਨ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਕਿਹਾ ਕਿ ਜਦੋਂ ਕਿਸੇ ਆਦਾਰੇ ਦਾ ਇਤਿਹਾਸ ਸ਼ਾਨਦਾਰ ਰਿਹਾ ਹੋਵੇ ਤਾ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਕ ਸ਼ਾਨਦਾਰ ਵਿਰਾਸਤ ਰਹੀ ਹੈ ਅਤੇ ਇਸ ਨੂੰ ਸੰਭਾਲਣ ਲਈ ਭਵਿੱਖ ਵਿੱਚ ਹੋਰ ਬਿਹਤਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 62 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦਾ ਬੀਜ ਬੀਜਿਆ ਗਿਆ ਸੀ ਅਤੇ ਇਹ ਬੂਟਾ ਹੁਣ ਰੁੱਖ ਬਣ ਗਿਆ ਹੈ। ਇਹ ਹੁਣ ਤੱਕ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਛਾਂ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਉਨ੍ਹਾਂ ਸਾਰੇ ਅਧਿਆਪਕਾਂ, ਖੋਜੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।
  • ਪਟਿਆਲਾ, 29 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ 30 ਅਪ੍ਰੈਲ 2024 ਨੂੰ ਮਨਾਇਆ ਜਾ ਰਿਹਾ ਹੈ। 1961 ਦੇ ਪੰਜਾਬ ਐਕਟ ਨੰ. 35 ਤਹਿਤ 1962 ਵਿੱਚ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਮਿਥਿਆ ਗਿਆ ਸੀ । ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ। ਸਥਾਪਨਾ ਦਿਵਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਮੌਕੇ ਉੱਘੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਮੁੱਖ ਭਾਸ਼ਣ ਦੇਣਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ, ਆਈ. ਏ. ਐੱਸ. ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਜਾਣੇ ਹਨ।
  • ਪਟਿਆਲਾ, 27 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਸ਼ੁਰੂ ਹੋਏ ਪੰਜਾਬ ਇਤਿਹਾਸ ਕਾਨਫ਼ਰੰਸ ਦੇ 54ਵੇਂ ਸੈਸ਼ਨ ਦਾ ਦੂਜਾ ਦਿਨ ਸਫਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ ਵੱਖ ਵੱਖ ਮਾਹਰਾਂ ਵੱਲੋਂ ਆਪਣੇ ਵਿਸ਼ਿਆਂ ਉੱਤੇ ਭਾਸ਼ਣ ਦਿੱਤੇ ਗਏ। ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਇਤਿਹਾਸ ਦੇ ਹਵਾਲੇ ਤੋਂ ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਕਸ਼ਨ ਉਲੀਕੇ ਗਏ ਸਨ। ਵੱਖ ਵੱਖ ਸੈਕਸ਼ਨ ਵਿੱਚ ਕੀਤੀ ਗਈ ਵਿਚਾਰ ਚਰਚਾ ਦੌਰਾਨ ਪੰਜਾਬ ਵਿੱਚ ਖੇਤੀ ਅੰਦੋਲਨਾਂ ਦਾ ਮੁੱਢਲੇ ਦੌਰ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਦੀ ਸਥਿਤੀ ਬਾਰੇ ਗੱਲ ਕੀਤੀ ਗਈ। ਉਲੀਕੇ ਗਏ ਚਾਰੇ ਭਾਗਾਂ ਵਿੱਚ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪੰਜਾਬ ਬਾਰੇ ਲਗਭਗ 40 ਪੇਪਰ ਪੇਸ਼ ਕੀਤੇ ਗਏ।
  • ਪਟਿਆਲਾ, 27 ਅਪ੍ਰੈਲ ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ ਵਲਡ ਕੱਪ ਸਟੇਜ-1 ਵਿੱਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ। ਸੋਨ ਤਗ਼ਮਾ ਜਿੱਤਣ ਵਾਲ਼ੀ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਸ਼ਾਮਿਲ ਹੈ। ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਜੰਮਪਲ ਪਰਨੀਤ ਕੌਰ ਨੇ ਤੀਰਅੰਦਾਜ਼ੀ ਵਲਡ ਕੱਪ ਵਿੱਚ ਇਹ ਪੰਜਵਾਂ ਸੋਨ ਤਗ਼ਮਾ ਜਿੱਤਿਆ ਹੈ। ਉਹ ਹੁਣ ਤੱਕ ਵੀਹ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁਕੀ ਹੈ ਜੋ ਜ਼ਿਆਦਾਤਰ ਸੋਨ ਤਗ਼ਮੇ ਹੀ ਹਨ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚ ਕੈਡਟ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਯੂਥ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਸੀਨੀਅਰ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿੱਚ ਸੋਨ ਤਗ਼ਮਾ,ਵਲਡ ਕੱਪ ਵਿੱਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿੱਚ ਸੋਨ ਤਗ਼ਮਾ ਸ਼ਾਮਿਲ ਹਨ।
  • ਪਟਿਆਲਾ, 26 ਅਪ੍ਰੈਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ. ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਆਪਣੀ ਜ਼ਿੰਮੇਂਵਾਰੀ ਨਿਭਾਅ ਚੁੱਕੇ ਹਨ। ਉਹ ਪ੍ਰੋ. ਅਰਵਿੰਦ ਦੀ ਥਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਹਨ ਜਿਨ੍ਹਾਂ ਦੀ 25 ਅਪ੍ਰੈਲ ਨੂੰ ਤਿੰਨ ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ। ਅੱਜ ਸਵੇਰੇ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਯੂਨੀਵਰਸਿਟੀ ਪਹੁੰਚਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਵਿਭਾਗ ਦੇ ਮੁਖੀਆਂ ਨਾਲ ਵੱਖੋ ਵੱਖਰੀਆਂ ਮੀਟਿੰਗ ਕਰਕੇ ਯੂਨੀਵਰਸਿਟੀ ਦੇ ਕੰਮ ਕਾਜ ਦਾ ਜਾਇਜਾ ਲਿਆ।
  • ਪਟਿਆਲਾ, 25 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਆਪਣੇ ਘਰ ਵਾਂਗ ਹੀ ਲੱਗੀ ਹੈ ਅਤੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਸਣੇ ਸਾਰੇ ਵਰਗਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਦੇ ਕਾਰਨ ਹੀ ਉਹ ਯੂਨੀਵਰਸਿਟੀ ਵਿੱਚ ਆਪਣੀ ਭੂਮਿਕਾ ਨਿਭਾ ਸਕੇ ਹਨ। ਉਹ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਉਪਰੰਤ ਸਨਮਾਨ ਵਿੱਚ ਦਿੱਤੀ ਗਈ ਵਿਦਾਇਗੀ ਪਾਰਟੀ ਦੇ ਮੌਕੇ ਸੰਬੋਧਨ ਕਰ ਰਹੇ ਸਨ। ਪ੍ਰੋ. ਅਰਵਿੰਦ ਨੇ ਆਪਣੇ ਦਿਲੀ ਭਾਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਈ. ਆਈ. ਟੀ. ਚੇਨੱਈ ਜਿਹੇ ਦੇਸ਼ ਦੇ ਵੱਕਾਰੀ ਅਦਾਰੇ ਵਿੱਚ ਨੌਕਰੀ ਕਰਦਿਆਂ ਹਮੇਸ਼ਾ ਪੰਜਾਬ ਆਉਣ ਲਈ ਤਾਂਘਦੇ ਸਨ। ਇਸੇ ਖਿੱਚ ਕਾਰਨ ਹੀ ਉਹ ਆਇਸਰ ਮੋਹਾਲੀ ਆਏ ਸਨ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਸਾਲ ਬਿਤਾ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਹੀ ਮੁੜ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਬਹੁਤ ਹੀ ਵਿਲੱਖਣ ਕਿਸਮ ਦਾ ਅਦਾਰਾ ਹੈ ਜਿਸ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੇ ਉਨ੍ਹਾਂ ਨੂੰ ਹਰ ਮੁੱਦੇ ਉੱਤੇ ਬੇਬਾਕੀ ਨਾਲ਼ ਆਪਣੀ ਗੱਲ ਰੱਖਣ ਦਾ ਮੰਚ ਪ੍ਰਦਾਨ ਕੀਤਾ। ਇੱਥੇ ਵਿਚਰਦਿਆਂ ਉਨ੍ਹਾਂ ਖੁੱਲ੍ਹ ਕੇ ਨਵੀਂ ਸਿੱਖਿਆ ਨੀਤੀ, ਰੈਂਕਿੰਗ ਪ੍ਰਣਾਲ਼ੀਆਂ ਅਤੇ ਯੂ.ਜੀ.ਸੀ. ਵਰਗੇ ਅਦਾਰਿਆਂ ਦੀਆਂ ਖਾਮੀਆਂ ਬਾਰੇ ਨਿਰਭੈ ਹੋ ਕੇ ਬੋਲੇ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਾਨੂੰ ਬੇਬਾਕੀ ਨਾਲ਼ ਆਪਣੀ ਗੱਲ ਰੱਖਣਾ ਸਿਖਾਉਂਦੀ ਹੈ। ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਯੂਨੀਵਰਸਿਟੀ ਜਿਹੇ ਅਦਾਰੇ ਆਪਣੇ ਵਿੱਤੀ ਅਤੇ ਪ੍ਰਬੰਧਨੀ ਕਾਰਨਾਂ ਕਰ ਕੇ ਸਰਕਾਰਾਂ ਅਤੇ ਕੇਂਦਰੀ ਰੈਗੂਲੇਟਰੀ ਅਦਾਰਿਆਂ ਨਾਲ਼ ਜੁੜੇ ਹੁੰਦੇ ਹਨ ਪਰ ਇਨ੍ਹਾਂ ਅਦਾਰਿਆਂ ਨੂੰ ਆਪਣੀ ਅਕਾਦਮਿਕ ਅਜ਼ਾਦੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਪਾਠਕ੍ਰਮਾਂ ਦੇ ਨਿਰਧਾਰਣ ਤੋਂ ਲੈ ਕੇ ਹੋਰ ਵੱਖ-ਵੱਖ ਅਕਾਦਮਿਕ ਸਰਗਰਮੀਆਂ ਵਿੱਚ ਯੂਨਵਿਰਸਿਟੀਆਂ ਨੂੰ ਆਪਣੀ ਇਸ ਅਜ਼ਾਦੀ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਨੂੰ ਇਹੋ ਸਿਖਾਉਂਦੀ ਹੈ। ਨਾਲ਼ ਹੀ ਉਨ੍ਹਾਂ ਭਵਿੱਖ ਵਿੱਚ ਖੋਜ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗ਼ੈਰ-ਮਿਆਰੀ ਖੋਜ ਸਮਾਜ ਦਾ ਉਲਟਾ ਨੁਕਸਾਨ ਹੀ ਕਰਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਵਿੱਚ ਉਨ੍ਹਾਂ ਦੀ ਮਦਦ ਕੀਤੀ।
  • ਪਟਿਆਲਾ, 24 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਲੋਕ ਪੰਜਾਬੀ ਯੂਨੀਵਰਸਿਟੀ ਦੇ ਨਾਲ਼ ਖੜ੍ਹੇ ਰਹਿਣਗੇ ਓਨਾ ਚਿਰ ਇਸ ਦਾ ਭਵਿੱਖ ਰੌਸ਼ਨ ਰਹੇਗਾ ਅਤੇ ਇਸ ਨੂੰ ਕੋਈ ਵੀ ਖਤਰਾ ਪੈਦਾ ਨਹੀਂ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੀ 10ਵੀਂ 'ਅਲੂਮਨੀ ਮੀਟ' ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਹੀ ਨਹੀਂ ਬਲਕਿ ਜਿੱਥੇ-ਜਿੱਥੇ ਵੀ ਪੰਜਾਬੀ ਬੋਲਦੇ ਲੋਕ ਵਸਦੇ ਹਨ, ਉਹ ਪੰਜਾਬ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਵਿਖੇ ਆਪਣੇ ਤਿੰਨ ਸਾਲ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਵਿਲੱਖਣ ਕਿਸਮ ਦੀ ਯੂਨੀਵਰਸਿਟੀ ਹੈ ਜੋ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਦਰਜਾਬੰਦੀਆਂ ਬਣਾਉਂਦੇ ਸਮੇਂ ਜੇ ਪੇਂਡੂ, ਲੜਕੀਆਂ, ਪੱਛੜੇ ਵਰਗਾਂ ਆਦਿ ਨੂੰ ਸਿੱਖਿਆ ਦੇਣ ਦਾ ਮਾਪਦੰਡ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਸੰਸਾਰ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਵਿੱਚ ਆਪਣੀ ਗੱਲ ਖੁੱਲ੍ਹ ਕੇ ਰੱਖਣ ਦੀ ਅਜ਼ਾਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੰਦੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਅਜਿਹੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਉਠਾਏ ਗਏ ਵੱਖ-ਵੱਖ ਕਦਮਾਂ ਦਾ ਜਿ਼ਕਰ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਧਾਉਣ ਲਈ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਹਾਲਤ ਵਿੱਚ ਹੋਏ ਸੁਧਾਰ ਦਾ ਹੀ ਨਤੀਜਾ ਹੈ ਕਿ ਇਸ ਵੇਲ਼ੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਬਕਾਇਆ ਨਹੀਂ।
  • ਪਟਿਆਲਾ, 19 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਲਈ ਮਨੁੱਖੀ ਸੋਚ ਵਿੱਚ ਪਰਿਵਰਤਨ ਲਿਆਂਦੇ ਜਾਣ ਦੀ ਜ਼ਰੂਰਤ ਹੈ। ਅੱਜ ਕਲਾ ਭਵਨ ਵਿਖੈ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਪੁਸਤਕ ‘ਧਰਤੀ ਦੀ ਵਾਰ’ `ਤੇ ਚਰਚਾ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਜੇ ਅਸੀਂ ਪਾਣੀ, ਧਰਤੀ ਅਤੇ ਹਵਾ ਨੂੰ ਹੋ ਰਹੀ ਦੁਰਦਸ਼ਾ ਤੋਂ ਨਾ ਬਚਾਇਆ ਤਾਂ ਧਰਤੀ ਤੋਂ ਵਿਕਸਿਤ ਜੀਵਾਂ ਦਾ ਅੰਤ ਤਾਂ ਹੋ ਹੀ ਜਾਵੇਗਾ। ਪੁਸਤਕ ਦੇ ਹਵਾਲੇ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਨੁੱਖ ਅਤੇ ਇਸ ਵਰਗੇ ਹੋਰ ਜੀਵ ਸਿਰਫ਼ ਸੁੰਤਲਿਤ ਵਾਤਾਵਰਣ ਵਾਲ਼ੇ ਮਾਹੌਲ ਵਿੱਚ ਹੀ ਜਿਉਂਦੇ ਰਹਿ ਸਕਦੇ ਹਨ। ਇਸ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਇਸ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ। ਪੁਸਤਕ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਸ ਵਿੱਚ ‘ਵਾਰ’ ਵਰਗੀ ਪੁਰਾਣੀ ਵਿਧਾ ਨੂੰ ਲੇਖਕ ਨੇ ਆਪਣੀ ਗੱਲ ਕਹਿਣ ਦੇ ਮਾਧਿਅਮ ਵਜੋਂ ਚੁਣਿਆ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ 12 ਅਪ੍ਰੈਲ 2024 ਨੂੰ ਹੋਈ ਜਨਰਲ ਬਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਅਗਲੀ 2 ਸਾਲ ਲਈ ਸ੍ਰ ਰਾਜਿੰਦਰ ਸਿੰਘ ਜੋਸਨ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਸ੍ਰ ਜਸਪਾਲ ਸਿੰਘ ਕੋਛੜ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹਨਾਂ ਨੇ ਸ਼੍ਰੀ ਰਾਜਿੰਦਰ ਕੁਮਾਰ ਰੋਹੀਲਾ , ਸਹਾਇਕ ਰਜਿਸਟਰਾਰ (ਰਿਟਾਇਰਡ) ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹਿਤ ਕਰਵਾਈ ਜਾ ਰਹੀ ‘ਅਲੂਮਨੀ ਮੀਟ’ ਨੂੰ ਪੂਰੀ ਤਰ੍ਹਾਂ ਯਾਦਗਾਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਹਫ਼ਤੇ ਆਨਲਾਈਨ ਅਤੇ ਅਗਲੇ ਹਫ਼ਤੇ ਆਫਲਾਈਨ ਕਰਵਾਈ ਜਾ ਰਹੀ ਅਲੂਮਨੀ ਮੀਟ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਨਾਲ਼ ਭਾਵੁਕ ਸਾਂਝਾਂ ਜੁੜੀਆਂ ਹੁੰਦੀਆਂ ਹਨ। ਇਸ ਕਰ ਕੇ ਇਸ ਦੇ ਪ੍ਰਬੰਧ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਨੇ ਇਸ ਵਿੱਚ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਜਿ਼ਕਰਯੋਗ ਹੈ ਕਿ ਆਨਲਾਈਨ ਅਲੂਮਨੀ ਮੀਟ 20 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਦੇਸ਼ਾਂ ਅਤੇ ਦੂਰ ਦਰਾਜ ਵਿੱਚ ਰਹਿਣ ਵਾਲ਼ੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਿੱਸਾ ਲੈ ਸਕਣਗੇ। ਆਫ਼ਲਾਈਨ ਅਲੂਮਨੀ ਮੀਟ 24 ਅਪ੍ਰੈਲ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਈ ਜਾਵੇਗੀ। ਇਸ ਦੌਰਾਨ ਇੱਕ ਸੱਭਿਆਚਾਰਿਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਕਸੌਲੀ ਦੀ ਯਾਤਰਾ ਕਰਵਾਈ ਗਈ। ਵਿਭਾਗ ਦੇ ਅਧਿਆਪਕਾਂ ਡਾ. ਮੁਖਦੀਪ ਸਿੰਘ ਮਾਨਸ਼ਾਹੀਆ ਅਤੇ ਡਾ. ਰੁਪਾਲੀ ਨੇ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਸੌਲੀ ਅਤੇ ਇਸ ਦੇ ਨੇੜਲੀਆਂ ਥਾਵਾਂ ਤੋਂ ਇਲਾਵਾ ਰਸਤੇ ਵਿੱਚ ਆਉਣ ਵਾਲੇ ਵੱਖ-ਵੱਖ ਸਥਾਨਾਂ ਉੱਤੇ ਵੀ ਆਨੰਦ ਮਾਣਿਆ। ਯਾਤਰਾ ਦੌਰਾਨ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ। ਵਿਭਾਗ ਮੁਖੀ ਡਾ. ਪਰਵੀਨ ਲਤਾ ਵੱਲੋਂ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ਗਈ। ਇਸ ਯਾਤਰਾ ਦਾ ਪ੍ਰਬੰਧ ਵਿਭਾਗ ਦੇ ‘ਯੁਵਾ ਟੂਰਿਜ਼ਮ ਕਲੱਬ’ ਵੱਲੋਂ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਪੰਜਾਬੀ ਗ਼ਜ਼ਲਗੋ ਡਾ. ਸ਼ਮਸ਼ੇਰ ਮੋਹੀ ਦਾ ਰੂ-ਬ-ਰੂ ਕਰਵਾਇਆ ਗਿਆ। ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਏ ਇਸ ਸਮਾਗਮ ਵਿੱਚ ਡਾ. ਸ਼ਮਸ਼ੇਰ ਮੋਹੀ ਨੇ ਆਪਣੇ ਨਿੱਜੀ ਜੀਵਨ, ਗ਼ਜ਼ਲ ਸਿਰਜਣ ਪ੍ਰਕਿਰਿਆ ਅਤੇ ਖੋਜ-ਅਲੋਚਨਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਗ਼ਜ਼ਲ ਨਾਲ਼ ਸੰਬੰਧਤ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਡਾ. ਸ਼ਮਸ਼ੇਰ ਮੋਹੀ ਪੰਜਾਬੀ ਦਾ ਇੱਕ ਸਮਰੱਥ ਗ਼ਜ਼ਲਕਾਰ ਹੈ। ਉਹ ਗ਼ਜ਼ਲ ਦੇ ਉਨ੍ਹਾਂ ਚੰਦ ਸ਼ਾਇਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਨਵੇਂ ਨਕਸ਼ ਪ੍ਰਦਾਨ ਕੀਤੇ ਹਨ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਭਾਗ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਬਾਕੀ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਵਾਗਤੀ ਭਾਸ਼ਣ ਦਿੱਤਾ। ਮੰਚ ਸੰਚਾਲਨ ਦਾ ਕਾਰਜ ਵਿਭਾਗ ਦੇ ਅਧਿਆਪਕ ਡਾ. ਮੋਹਨ ਤਿਆਗੀ ਨੇ ਕੀਤਾ।
  • ਪਟਿਆਲਾ, 17 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਦੇਵਦਰਸ਼ ਸਿੰਘ ਨੂੰ ਸਿਵਿਲ ਸਰਵਿਸਜ਼ ਪ੍ਰੀਖਿਆ 2023 ਵਿੱਚ ਬਾਜ਼ੀ ਮਾਰਨ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਐਲਾਨਦਿਆਂ ਕਿਹਾ ਕਿ ਅਜਿਹਾ ਹੋਣ ਨਾਲ਼ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਅਦਾਰੇ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਦੇ ਪ੍ਰਮਾਣ ਬਣਦੀਆਂ ਹਨ। ਅਦਾਰਾ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਉੱਤੇ ਸਦਾ ਹੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਦੇਵਦਰਸ਼ ਸਿੰਘ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਰਿਵਾਰ ਵਿੱਚ ਇਹ ਪ੍ਰਾਪਤੀ ਹੋਰ ਵੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਉਸ ਦੇ ਮਾਪੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਦੋਨੋਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਰਹੇ ਹਨ। ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਕਾਦਮਿਕ ਮਾਹੌਲ ਦਾ ਵੀ ਭਰਪੂਰ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਦੇਵਦਰਸ਼ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਤੋਂ ਹੀ ਹਾਸਲ ਕੀਤੀ ਹੈ। ਉਹ ਅੱਠਵੀਂ ਜਮਾਤ ਤੱਕ ਇੱਥੇ ਪੜ੍ਹਦੇ ਰਹੇ ਹਨ। ਯੂਨੀਵਰਸਿਟੀ ਦੀ ਲਾਇਬਰੇਰੀ, ਰੀਡਿੰਗ ਰੂਮ ਅਤੇ ਕੈਂਪਸ ਦੀਆਂ ਹੋਰ ਵੱਖ-ਵੱਖ ਥਾਵਾਂ ਉੱਤੇ ਵਿਚਰਦਿਆਂ ਦੇਵਦਰਸ਼ ਨੂੰ ਗਹਿਨ ਅਧਿਐਨ ਕਰਨ ਦੀ ਚੇਟਕ ਲੱਗੀ ਹੈ ਜਿਸ ਸਦਕਾ ਉਹ ਮੁਕਾਮ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕੇ। ਵਰਨਣਯੋਗ ਹੈ ਕਿ ਆਲ ਇੰਡੀਆ 340ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲ਼ੇ ਦੇਵਦਰਸ਼ ਸਿੰਘ 2020 ਬੈਚ ਦੇ ਪੀ.ਸੀ.ਐੱਸ. ਅਫ਼ਸਰ ਹਨ ਜੋ ਕਿ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਵਿਖੇ ਸਕੱਤਰ (ਪ੍ਰੀਖਿਆਵਾਂ) ਵਜੋਂ ਕਾਰਜਸ਼ੀਲ ਹਨ।
  • ਪਟਿਆਲਾ, 16 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਕੀਤੇ ਜਾਣ ਨਾਲ ਹੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਵਿਕਸਤ ਨਾ ਹੋਈ ਹੋਣ ਦਾ ਬਹਾਨਾ ਛੱਡਣਾ ਚਾਹੀਦਾ ਹੈ ਅਤੇ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅੰਗੇਰਜ਼ੀ ਵਿਭਾਗ ਵੱਲੋਂ ਆਰੰਭ ਕੀਤੀ ਗਈ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਲੜੀ ਦੇ ਪਹਿਲੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਅਰਵਿੰਦ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਘੇ ਫਿਲਮੀ ਕਾਲਾਕਾਰ ਅਤੇ ਸਾਹਿਤਕਾਰ ਬਲਰਾਜ ਸਾਹਨੀ ਨੇ ਆਪਣੀ ਮਾਂ ਭਾਸ਼ਾ ਵੱਲ ਮੋੜਾ ਕੱਟ ਕੇ ਉਚਕੋਟੀ ਦਾ ਸਾਹਿਤ ਲਿਖਿਆ ਜਿਸ ਦੀ ਅੱਜ ਵੀ ਬਹੁਤ ਪ੍ਰਸੰਗਿਕਤਾ ਹੈ। ਬਲਰਾਜ ਸਾਹਨੀ ਦੀ ਰਬਿੰਦਰ ਨਾਥ ਟੈਗੋਰ ਨਾਲ ਹੋਈ ਮੁਲਾਕਾਤ ਜ਼ਿਕਰ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਰਬਿੰਦਰ ਨਾਥ ਟੈਗੋਰ ਦੀ ਪ੍ਰੇਰਣਾ ਸਦਕਾ ਹੀ ਬਲਰਾਜ ਸਾਹਨੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਲਰਾਜ ਸਾਹਨੀ ਨੇ ਵੀ ਇਸ ਮੁੁਲਾਕਾਤ ਦੌਰਾਨ ਰਬਿੰਦਰ ਨਾਲ ਟੈਗੋਰ ਨੂੰ ਪੰਜਾਬੀ ਭਾਸ਼ਾ ਦੇ ਘੱਟ ਵਿਕਸਤ ਹੋਣ ਦਾ ਤਰਕ ਦਿੱਤਾ ਸੀ ਪਰ ਰਬਿੰਦਰ ਨਾਲ ਟੈਗੋਰ ਵੱਲੋਂ ਆਪਣੀ ਗੱਲ ਠੋਸ ਤਰੀਕੇ ਨਾਲ ਰੱਖਣ ਕਰਕੇ ਬਲਰਾਜ ਸਾਹਨੀ ਨੇ ਮਾਂ ਭਾਸ਼ਾ ਵੱਲ ਮੋੜਾ ਕੱਟਿਆ ਅਤੇ ਵਧੀਆ ਸਾਹਿਤ ਦੀ ਸਿਰਜਣਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਰਾਹੀਂ ਹੀ ਆਪਣੇ ਭਾਵਾਂ ਨੂੰ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ।
  • ਪਟਿਆਲਾ, 15 ਅਪ੍ਰੈਲ ਖਤਰਨਾਕ ਸੋਫਟਵੇਅਰ ਰੈਨਸਮ ਵੇਅਰ ਦੇ ਨਾਲ ਨਿਪਟਣ ਲਈ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੋਜਾਰਥੀ ਭਗਵੰਤ ਸਿੰਘ ਅਤੇ ਸਹਾਇਕ ਪ੍ਰੋਫੈਸਰ, ਡਾਕਟਰ ਸਿਕੰਦਰ ਸਿੰਘ ਚੀਮਾ ਨੇ ਇੱਕ ਡਿਜ਼ਾਇਨ ਨੂੰ ਪੇਟੈਂਟ ਕਰਾਇਆ ਹੈ। ਇਹ ਡਿਜ਼ਾਇਨ ਯੰਤਰ ਰੈਨਸਮ ਵੇਅਰ ਹਮਲੇ ਨੂੰ ਰੋਕਦਾ ਹੈ, ਉਸ ਬਾਰੇ ਜਾਣਕਾਰੀ ਲੈਂਦਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਰੈਨਸਮ ਵੇਅਰ ਇੱਕ ਖਤਰਨਾਕ ਸੋਫਟਵੇਅਰ ਹੈ, ਜੋ ਕਿ ਕੰਪਿਊਟਰ ਵਿੱਚਲੀਆ ਫਾਈਲਾਂ ਅਤੇ ਡਾਟਾ ਨੂੰ ਇਨਕ੍ਰਿਪਟ ਕਰ ਦਿੰਦਾ ਹੈ। ਰੈਨਸਮ ਵੇਅਰ ਫਾਈਲਾਂ ਤੇ ਡਾਟਾ ਨੂੰ ਨਾ ਵਰਤਨਯੋਗ ਬਨਾਉਂਦਾ ਹੈ। ਜੇਕਰ ਉਪਭੋਗਤਾ ਨੂੰ ਆਪਣਾ ਡੇਟਾ ਜਾਂ ਆਪਣੀਆਂ ਫਾਈਲਾਂ ਚਾਹੀਦੀਆਂ ਹਨ ਤਾਂ ਉਸ ਨੂੰ ਰੈਨਸਮ ਵੇਅਰ ਨਾਮ ਦਾ ਵਾਇਰਸ ਨੂੰ ਹਟਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਰੈਨਸਮ ਵੇਅਰ ਇੱਕ ਬਹੁਤ ਹੀ ਘਾਤਕ ਸੋਫਟਵੇਅਰ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੇ ਵੱਡੇ ਜਾਂ ਛੋਟੇ ਕੰਪਿਊਟਰ ਨੂੰ ਖਰਾਬ ਕਰ ਦਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੰਪਿਊਟਰ ਦਾ ਅਸਲ ਮਾਲਕ ਆਪਣੀ ਕਿਸੇ ਵੀ ਫਾਈਲ ਜਾਂ ਡੇਟਾ ਨੂੰ ਵਰਤ ਨਹੀਂ ਸਕਦਾ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰੈਨਸਮ ਵੇਅਰ ਸਾਰੀਆਂ ਹੀ ਫਾਈਲਾਂ ਦੀ ਐਕਸਟੈਂਸ਼ਨ ਬਦਲ ਦਿੰਦਾ ਹੈ। ਰੈਨਸਮ ਵੇਅਰ ਇੱਕ ਬਹੁਤ ਹੀ ਤੇਜ ਨਾਲ ਫੈਲਣ ਵਾਲਾ ਸੋਫਟਵੇਅਰ ਜਾਂ ਵਾਇਰਸ ਹੈ ਅਤੇ ਇਹ ਦੁਨੀਆ ਭਰ ਦੇ ਵਿਦਿਆਰਥੀ, ਖੋਜਾਰਥੀਆਂ, ਅਤੇ ਸੰਸਥਾਵਾਂ ਲਈ ਬਹੁਤ ਹੀ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਯੰਤਰ ਦਾ ਡਿਜ਼ਾਇਨ ਪੇਟੈਂਟ ਕਰਵਾਇਆ ਹੈ ਜਿਹੜਾ ਯੰਤਰ ਰੈਨਸਮ ਵੇਅਰ ਦੇ ਹਮਲੇ ਨੂੰ ਰੋਕਦਾ ਹੈ, ਤੇ ਉਸ ਬਾਰੇ ਜਾਣਕਾਰੀ ਲੈਂਦਾ ਹੈ। ਇਹ ਰੈਨਸਮ ਵੇਅਰ ਹਮਲੇ ਦੀ ਜਾਣਕਾਰੀ ਉਪਭੋਗਤਾ ਨੂੰ ਦਿੰਦਾ ਹੈ। ਇਹ ਯੰਤਰ ਕੰਪਿਊਟਰ ਖਰਾਬ ਹੋਣ ਤੋਂ ਬਾਅਦ ਉਪਭੋਗਤਾ ਨੂੰ ਬਚਾਵ ਕਾਰਜਾਂ ਬਾਰੇ ਦੱਸਦਾ ਹੈ। ਇਹ ਕੰਪਿਊਟਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਭਵਿਖ ਵਿਚ ਕੋਈ ਉਸ ਕੰਪਿਊਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਹਮਲੇ ਨੂੰ ਰੋਕਣ ਵਿਚ ਇਹ ਯੰਤਰ ਮਦਦ ਕਰੇਗਾ।
  • ਪਟਿਆਲਾ, 15 ਅਪ੍ਰੈਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਸੈਸ਼ਨ 2024-25 ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਨੂੰ 50 ਵਿਦਿਆਰਥੀਆਂ ਦੇ ਦਾਖਲੇ ਨਾਲ਼ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਈ.), ਨਵੀਂ ਦਿੱਲੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ। ਜਿ਼ਕਰਯੋਗ ਹੈ ਕਿ ਆਈ.ਟੀ.ਈ.ਪੀ. ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਐੱਨ. ਸੀ. ਟੀ. ਈ. ਦਾ ਫਲੈਗਸਿ਼ਪ ਪ੍ਰੋਗਰਾਮ ਹੈ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਵਿਦਿਆਰਥੀ ਇਸ ਵਿੱਚ ਦਾਖਲਾ ਲੈ ਕੇ ਇੱਕ ਸਾਲ ਦੀ ਬੱਚਤ ਕਰ ਸਕਣਗੇ ਕਿਉਂਕਿ ਉਹ ਕੋਰਸ ਨੂੰ ਚਾਰ ਸਾਲਾਂ ਵਿੱਚ ਪੂਰਾ ਕਰ ਲੈਣਗੇ। ਮੌਜੂਦਾ ਬੀ.ਐੱਡ ਅਨੁਸਾਰ ਪੰਜ ਸਾਲ ਦੇ ਸਮੇਂ ਦੀ ਲੋੜ ਹੈ।
  • ਪਟਿਆਲਾ, 3 ਮਾਰਚ- ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਆਪਣੇ ਵੱਖ-ਵੱਖ ਕੋਰਸਾਂ, ਸਹੂਲਤਾਂ ਅਤੇ ਸੇਵਾਵਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ 'ਇੰਡਕਸ਼ਨ ਪ੍ਰੋਗਰਾਮ' ਕਰਵਾਇਆ ਜਾ ਰਿਹਾ ਹੈ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਪ੍ਰਵਾਨਿਤ ਬੀ.ਏ., ਬੀ.ਲਿਬ., ਬੀ.ਕਾਮ ਅਤੇ ਐੱਮ.ਏ. ਅੰਗਰੇਜ਼ੀ, ਐੱਮ.ਏ. ਐਜੂਕੇਸ਼ਨ, ਐੱਮ.ਬੀ.ਏ. ਅਤੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪਹਿਲੇ ਸਾਲ (ਸਮੈਸਟਰ ਪਹਿਲਾ) ਦੇ ਦਾਖਲੇ ਇਨ੍ਹੀਂ ਦਿਨੀਂ ਕੇਂਦਰ ਵਿਖੇ ਜਾਰੀ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲੇ 31 ਮਾਰਚ 2024 ਤੱਕ ਹੋਣਗੇ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ www.pbidde.org 'ਤੇ ਦਿੱਤੀ ਗਈ ਹੈ।
  • ਪਟਿਆਲਾ, 1 ਮਾਰਚ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਸੰਤ ਰਾਗ ਦਰਬਾਰ ਤਹਿਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਬੀਬੀ ਸਤਵੰਤ ਕੌਰ ਅਤੇ ਭਾਈ ਗੁਰਸੇਵਕ ਸਿੰਘ ਦੇ ਜੱਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਦੇ ਮੋਢੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਰਣਨਯੋਗ ਹੈ ਕਿ ਬੀਬੀ ਜੀ ਦੇ ਵਿੱਤੀ ਸਹਿਯੋਗ ਨਾਲ ਵਿਸ਼ਵ ਵਿਚ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿਖੇ ‘ਗੁਰਮਤਿ ਸੰਗੀਤ ਚੇਅਰ’ ਦੀ ਸਥਾਪਨਾ 2003 ਵਿਚ ਕੀਤੀ ਗਈ ਸੀ। ਸਮਾਰੋਹ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਸ. ਅਮਰਜੀਤ ਸਿੰਘ ਘੁੰਮਣ, ਚੀਫ਼ ਸੁਰੱਖਿਆ ਅਫ਼ਸਰ, ਡਾ. ਨਿਵੇਦਿਤਾ ਸਿੰਘ, ਡਾ. ਜਤਿੰਦਰ ਸਿੰਘ ਮੱਟੂ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵੱਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
  • ਪਟਿਆਲਾ, 28 ਫਰਵਰੀ ‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਪਾਵੇ।’’ ਇਹ ਵਿਚਾਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਪੀ-ਐੱਚ.ਡੀ. ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਚਰਿੱਤਰ ਹੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਵਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੇ ਨਿਰਮਾਣ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਪਾਸਾਰ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਚਿੰਤਨ ਪੱਖੋ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜੀਵਨ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਸਾਦੀ ਅਤੇ ਇਮਾਨਦਾਰੀ ਭਰਪੂਰ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
  • ਪਟਿਆਲਾ, 27 ਫਰਵਰੀ- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਕਮਲਜੀਤ ਸਿੰਘ ਟਿੱਬਾ ਦੀ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ 'ਪੰਜਾਬੀ ਗੀਤ ਸ਼ਾਸਤਰ' 'ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ ਚਰਚਾਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਹੋਈ। ਇਹ ਪੁਸਤਕ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਖੋਜ ਪ੍ਰੋਜੈਕਟ ਸੀ ਜਿਸ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ। ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਸਮੀ ਸਵਾਗਤ ਕੀਤਾ ਗਿਆ।
  • ਪਟਿਆਲਾ, 26 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਲੜੀ ਵਿੱਚ ਪ੍ਰੋ. ਵੰਦਨਾ ਸ਼ਰਮਾ ਦਾ ਭਾਸ਼ਣ ਕਰਵਾਇਆ ਗਿਆ। ਉਨ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾਉਣ ਸੰਬੰਧੀ ਵੱਖ-ਵੱਖ ਮਨੋਵਿਗਿਆਨਕ ਤਕਨੀਕਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਕਿਰਤ ਅਤੇ ਮਿਹਨਤ ਕਰਨ ਨਾਲ਼ ਸਿਰਫ਼ ਸਰੀਰਿਕ ਸਿਹਤ ਹੀ ਤੰਦਰੁਸਤ ਨਹੀਂ ਰਹਿੰਦੀ ਬਲਕਿ ਮਾਨਸਿਕ ਸਿਹਤ ਵੀ ਦਰੁਸਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਚੇ ਮਨੋਂ ਆਪਣੇ ਕੰਮ ਅਤੇ ਰੁਝੇਵਿਆਂ ਵਿੱਚ ਜੁਟ ਕੇ ਰਹਿਣਾ ਚਾਹੀਦਾ ਹੈ ਜਿਸ ਨਾਲ਼ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
  • ਪਟਿਆਲਾ, 24 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਿਲੌਂਗ, ਕੋਹਿਮਾ ਅਤੇ ਮਿਜ਼ੋਰਮ ਵਿੱਚ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ਿਲੌਂਗ ਵਿਖੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਇੱਕ ਸੋਨ ਤਗ਼ਮਾ ਇੱਕ ਚਾਂਦੀ ਤਗ਼ਮਾ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਯੂਨੀਵਰਸਿਟੀ ਤੋਂ ਤੀਰਅੰਦਾਜ਼ ਪਵਨ ਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਰਿਕਵਰ ਪੁਰਸ਼ ਟੀਮ, ਜਿਸ ਵਿੱਚ ਜਸਵਿੰਦਰ, ਰੌਬਿਨ, ਦਲੀਪ ਅਤੇ ਪਵਨ ਸ਼ਾਮਿਲ ਸਨ, ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਰਿਕਵਰ ਮਹਿਲਾ ਟੀਮ, ਜਿਸ ਵਿੱਚ ਕਿ ਤਨੀਸ਼ਾ ਵਰਮਾ, ਗੁਰਮੇਹਰ ਕੌਰ, ਹਰਪ੍ਰੀਤ ਕੌਰ ਅਤੇ ਸ਼ਵੇਤਾ ਸ਼ਾਮਿਲ ਸਨ, ਕਾਂਸੀ ਦਾ ਤਗਮਾ ਜਿੱਤਿਆ। ਜਸਵਿੰਦਰ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਨੀਵਰਸਿਟੀ ਦੀ ਕੰਪਾਊਂਡ ਮਿਕਸ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਿਆ ਨੇ ਚੌਥਾ ਸਥਾਨ ਹਾਸਲ ਕੀਤਾ।
  • ਪਟਿਆਲਾ 23 ਫਰਵ- ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਮਦਦ ਨਾਲ ਖਰੀਦੀ ਗਈ ਬੱਸ ਨੂੰ ਅੱਜ ਸਾਦੇ ਪ੍ਰਭਾਵੀ ਸਮਾਗਮ ਦੌਰਾਨ ਹਰੀ ਝੰਡੀ ਦਿੱਤੀ। ਇਹ ਬੱਸ ਯੂਨੀਵਰਸਿਟੀ ਦੇ ਫਿਜੀਓਥਰੈਪੀ ਵਿਭਾਗ ਦੀਆਂ ਲੋੜਾਂ ਵਾਸਤੇ ਖਰੀਦੀ ਗਈ ਹੈ। ਫਿਜੀਓਥਰੈਪੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਬੱਸ 19,06,322 ਰੁਪਏ ਦੀ ਖਰੀਦੀ ਗਈ ਹੈ। ਇਸ ਵਾਸਤੇ ਐਸ.ਬੀ.ਆਈ. ਵੱਲੋਂ 15 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਬੱਸ ਫਿਜੀਓਥਰੈਪੀ ਕੈਂਪਾਂ ਅਤੇ ਵਿਭਾਗ ਦੀਆਂ ਲੋੜਾਂ ਲਈ ਮਦਦਗਾਰ ਹੋਵੇਗੀ।
  • ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਐਨ.ਐਸ.ਐਸ. ਵਲੰਟਰੀਆਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਵਾਲੇ ਹੋਰਨਾ ਕਾਰਜਾਂ ਨਾਲ ਵੀ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਪੌਦੇ ਲਾਉਣ, ਨਸ਼ਾ ਮੁਕਤੀ ਲਹਿਰ ਵਿੱਚ ਸਰਗਰਮੀ ਆਦਿ ਵਰਗੇ ਕਈ ਖੇਤਰਾਂ ਦੀ ਸ਼ਨਾਖਤ ਕੀਤੀ। ਅੱਜ ਇਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੱਠਵੀਂ ਐਨ.ਐਸ.ਐਸ. ਯੂਵਾ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਨਾਲ ਪੈਦਾ ਕਰਨ ਤੋਂ ਇਲਾਵਾ ਆਮ ਲੋਕਾਂ ਦੀ ਵਲੰਟੀਅਰੀ ਤੌਰ ’ਤੇ ਮਦਦ ਤੇ ਭਲਾਈ ਕਰਨ ਲਈ ਵੀ ਪ੍ਰੇਰਤ ਕਰਦੀ ਹੈ। ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਮੁੱਚਾ ਵਿਕਾਸ ਯਕੀਨੀ ਬਣਦਾ ਹੈ ਅਤੇ ਉਸ ਵਿੱਚ ਦਿਆਨਤਦਾਰੀ, ਦਿਆਲੂਪਨ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਅਰਵਿੰਦ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਨ.ਐਸ.ਐਸ. ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਹੋਣ ਦੀ ਸਰਗਰਮ ਹੋਣ ਦੀ ਸਲਾਹ ਦਿੱਤੀ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਸਾਹਿਤਕਾਰ ਡਾ. ਸੁਖਵਿੰਦਰ ਕੌਰ ਬਾਠ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ 'ਪੰਜਾਬੀ ਲੋਕ ਅਤੇ ਮਾਂ ਬੋਲੀ' ਵਿਸ਼ੇ ਉੱਤੇ ਭਾਸ਼ਣ ਦਿੱਤਾ। ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਸੰਨੀ ਓਬਰਾਏ ਆਰਟਸ ਆਡੀਟੋਰਿਅਮ ਵਿਖੇ ਲਗਾਏ ਇਸ ਕੈਂਪ ਦੌਰਾਨ 151 ਵਲੰਟੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਖੂਨਦਾਨ ਕੈਂਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਵਲੰਟੀਅਰਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ਼ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਸਗੋਂ ਨਵਾਂ ਖੂਨ ਬਣਨ ਵਿੱਚ ਮਦਦ ਹੁੰਦੀ ਹੈ। ਅਜਿਹਾ ਕਰ ਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
  • ਪਟਿਆਲਾ, 21 ਫਰਵਰੀ ਜੇ ਪੰਜਾਬੀ ਮਾਧਿਅਮ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇਸ ਸੰਬੰਧੀ ਲੋੜੀਂਦੀਆਂ ਕਿਤਾਬਾਂ ਅਤੇ ਹੋਰ ਪੜ੍ਹਨ-ਸਮੱਗਰੀ ਤਿਆਰ ਕਰ ਕੇ ਦੇਣ ਲਈ ਤਿਆਰ ਹੈ। ਉਪ-ਕੁਲਪਤੀ ਪ੍ਰੋੋ. ਅਰਵਿੰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਗਿਆਨੀ ਲਾਲ ਸਿੰਘ ਲੈਕਚਰ ਲੜੀ’ ਅਧੀਨ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਹ ਸ਼ਬਦ ਕਹੇ। ਗੂਗਲ ਵੱਲੋਂ ਆਪਣੇ ਏ.ਆਈ. ਚੈਟਬੌਕਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਾ ਕਰਨ ਸੰਬੰਧੀ ਅੱਜਕਲ੍ਹ ਭਖੇ ਹੋਏ ਮਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਸਾਨੂੰ ਗੂਗਲ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਵੱਲ ਵੇਖਣ ਦੀ ਬਜਾਏ ਆਪਣਾ ਵੱਖਰਾ ਓਪਨ-ਸੋਰਸ ਚੈਟ ਬੌਕਸ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਜੇ ਇਸ ਸੰਬੰਧੀ ਲੋੜੀਂਦੇ ਫੰਡ ਉਪਲਬਧ ਹੋਣ ਤਾਂ ਇਹ ਕੋਈ ਅਸੰਭਵ ਗੱਲ ਨਹੀਂ ਹੈ।
  • 9 ਫਰਵਰੀ, 2024- ਪੰਜਾਬੀ ਯੂਨੀਵਰਸਿਟੀ ਦੇ ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ। ‘ਸਿਹਤ ਅਤੇ ਰੋਗ’ ਵਿਸ਼ੇ ਉੱਤੇ ਇਹ ਭਾਸ਼ਣ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਰਦੀਪ ਗਰਗ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਇਸ ਭਾਸ਼ਣ ਦੌਰਾਨ ਅੱਜ ਦੇ ਮਨੁੱਖ ਦੀ ਜੀਵਨ ਸ਼ੈਲੀ ਅਤੇ ਕਾਰਪੋਰੇਟ ਸੰਸਾਰ ਦੀਆਂ ਸਾਜਿ਼ਸ਼ਾਂ ਨੂੰ ਮਨੁੱਖੀ ਸਿਹਤ ਨਾਲ਼ ਜੋੜ ਕੇ ਅਹਿਮ ਟਿੱਪਣੀਆਂ ਕੀਤੀਆਂ। ਇੱਕ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਮਨੁੱਖ ਆਪਣੀਆਂ ਪੰਜ ਗਿਆਨ ਇੰਦਰੀਆਂ ਦਾ ਗੁਲਾਮ ਜੀਵ ਹੈ। ਇਹੋ ਗੁਲਾਮੀ ਮਨੁੱਖ ਨੂੰ ਤੰਦਰੁਸਤੀ ਤੋਂ ਦੂਰ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਮ-ਕਾਜ ਦੇ ਢੰਗ ਬਾਰੇ ਚੇਤੰਨ ਹੋਣ ਦੀ ਲੋੜ ਹੈ। ਕਦੇ ਵੀ ਨਾ ਪੂਰੀਆਂ ਹੋਣ ਵਾਲ਼ੀਆਂ ਫਾਲਤੂ ਦੀ ਇੱਛਾਵਾਂ ਦੀ ਪੂਰਤੀ ਲਈ ਗ਼ਲਤ ਜੀਵਨ ਸ਼ੈਲੀ ਨੂੰ ਅਪਣਾ ਲੈਣਾ ਸਾਨੂੰ ਰੋਗੀ ਬਣਾ ਦਿੰਦਾ ਹੈ। ਮਨ ਦੀ ਸ਼ਾਂਤੀ ਨੂੰ ਦਾਅ ਉੱਤੇ ਲਗਾ ਕੇ ਕੀਤਾ ਗਿਆ ਕੰਮ ਕਾਜ ਕਦੇ ਵੀ ਮਨੁੱਖ ਦੇ ਹਿਤ ਵਿੱਚ ਨਹੀਂ ਹੁੰਦਾ। ਜਿਵੇਂ ਜਿਵੇਂ ਮਨੁੱਖ ਦੀ ਜਿ਼ੰਦਗੀ ਕੁਦਰਤੀ ਜਿਉਣ ਢੰਗ ਤੋਂ ਦੂਰ ਜਾ ਰਹੀ ਹੈ ਓਵੇਂ ਓਵੇਂ ਮਨੁੱਖ ਰੋਗਾਂ ਦੇ ਜਾਲ਼ ਵਿੱਚ ਫਸਦਾ ਜਾ ਰਿਹਾ ਹੈ।
  • 2024/01/09, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ਸਥਾਪਿਤ ਵੱਖ-ਵੱਖ ਫ਼ੈਕਲਟੀਆਂ ਨਾਲ ਸੰਬੰਧਿਤ ਡੀਨ ਅਤੇ ਇਹਨਾਂ ਫ਼ੈਕਲਟੀਆਂ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਦੀ ਪਲੇਠੀ ਇਕੱਤਰਤਾ ਆਯੋਜਿਤ ਕਰਵਾਈ ਗਈ। ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਲਗਪਗ 37 ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਨੇ ਭਾਗ ਲਿਆ। ਉਹਨਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਬਣਾਈਆਂ ਨੀਤੀਆਂ ਨੂੰ ਆਪਣੇ ਵਿਭਾਗ ਵਿਖੇ ਪਹੁੰਚਾਉਣ ਲਈ ਆਪਣਾ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਇਕੱਤਰਤਾ ਦੇ ‘ਸਵਾਗਤੀ ਸ਼ਬਦ’ ਆਖਦਿਆਂ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਇਕੱਤਰਤਾ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਹੋ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਲਗਪਗ ਸਾਰੇ ਵਿਭਾਗ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਇਕੱਤਰਤਾ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ‘ਪੰਜਾਬੀ ਪ੍ਰਤਿਨਿਧਾਂ’ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਤਲਾਸ਼ੇਗਾ।
  • 2024/01/09, ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਪ੍ਰੋ. ਅਮਰਦੀਪ ਸਿੰਘ ਨੇ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਸਮੇਂ ਉਪ-ਕੁਲਪਤੀ ਪ੍ਰੋ. ਅਰਵਿੰਦ ਮੌਕੇ ਉੱਤੇ ਪੁੱਜੇ। ਪ੍ਰੋ. ਅਰਵਿੰਦ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਪੇਂਡੂ ਖੇਤਰਾਂ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸ਼ੁਰੂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਂਸਟੀਚੁਐਂਟ ਕਾਲਜ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਉੱਤੇ ਇਨ੍ਹਾਂ ਕਾਲਜਾਂ ਰਾਹੀਂ ਮਿਆਰੀ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਅਮਰਦੀਪ ਸਿੰਘ ਇੰਜਨੀਅਰਿੰਗ ਖੇਤਰ ਨਾਲ਼ ਸੰਬੰਧਤ ਹਨ, ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਕਾਲਜਾਂ ਦੀ ਬਿਹਤਰੀ ਲਈ ਨਵੇਂ ਪੱਖਾਂ ਤੋਂ ਵੀ ਕਾਰਜਸ਼ੀਲ ਰਹਿਣਗੇ।
  • 2024/01/07, ਲਸਣ ਅਤੇ ਪਿਆਜ ਵਿਚਲੇ ਚਕਿਤਸਕ (ਮੈਡੀਕਲ) ਗੁਣਾਂ ਜਾਂ ਪੈਦਾਵਾਰ ਨੂੰ ਵਧਾਉਣ ਹਿਤ ਇਨ੍ਹਾਂ ਦੀ ਖੇਤੀ ਕਰਨ ਸਮੇਂ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣੇ ਲੋੜੀਂਦੇ ਹਨ; ਇਸ ਸੰਬੰਧੀ ਤੱਥ ਖੋਜਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਅਧੀਨ ਵੱਖ-ਵੱਖ ਪ੍ਰਯੋਗ ਕੀਤੇ ਗਏ। ਯੂਨੀਵਰਸਿਟੀ ਦੇ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਿਖੇ ਡਾ. ਰਿਚਾ ਸ੍ਰੀ ਅਤੇ ਡਾ. ਗੁਲਸ਼ਨ ਬਾਂਸਲ ਦੀ ਨਿਗਰਾਨੀ ਤਹਿਤ ਖੋਜਾਰਥੀ ਹੁਰਮਤ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਇਨ੍ਹਾਂ ਦੋਹਾਂ ਫ਼ਸਲਾਂ ਦੀ ਬਿਜਾਈ ਅਤੇ ਪਾਲਣ ਪੋਸ਼ਣ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕੀਤੇ ਗਏ।
  • 2024/01/06, ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਸਪੋਰਟਸ ਯੂਨੀਵਰਸਿਟੀ ਚੇਨਈ ਵਿਖੇ ਚਲ ਰਹੀ 'ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ 2023-24' ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਗਰ ਨੇ ਇਹ ਪ੍ਰਾਪਤੀ 72.97 ਮੀਟਰ ਦੇ ਫ਼ਾਸਲੇ ਉੱਤੇ ਜੈਵਲਿਨ ਸੁੱਟ ਕੇ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਗਰ ਨੇ ਆਪਣੀ ਇਸ ਪ੍ਰਾਪਤੀ ਨਾਲ਼ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ' ਵਿੱਚ ਹਿੱਸਾ ਲੈਣ ਲਈ ਵੀ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਖ਼ਿਡਾਰੀ ਅਤੇ ਉਸ ਦੇ ਕੋਚ ਧਰਮਿੰਦਰਪਾਲ ਸਿੰਘਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।
  • 2024/01/01, ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ ਵਾਜਿਬ ਮੰਗਾਂ ਲਈ ਬਜ਼ਿੱਦ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਅਤੇ ਅਢੁਕਵੇਂ ਵਤੀਰੇ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਵਿਖੇ ਪੜ੍ਹਨ-ਪੜ੍ਹਾਉਣ ਦੇ ਮਾਹੌਲ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਨਾਲ਼ ਵਾਰ-ਵਾਰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਕਾਨੂੰਨ ਅਨੁਸਾਰ ਜੋ ਵੀ ਲਾਭ ਉੱਚਿਤ ਹੋਵੇਗਾ ਉਹ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਕਾਨੂੰਨੀ ਤੌਰ ਉੱਤੇ ਗ਼ੈਰ-ਵਾਜਬ ਹਨ। ਨਾਲ਼ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੁਰੱਖਿਆ ਸੰਬੰਧੀ ਸੇਵਾਵਾਂ ਕਿਸੇ ਵੀ ਅਦਾਰੇ ਦੀਆਂ ਲਾਜ਼ਮੀ ਸੇਵਾਵਾਂ ਵਾਲ਼ੀ ਸ਼ਰੇਣੀ ਵਿੱਚ ਆਉਂਦੀਆਂ ਹਨ। ਇਸ ਲਈ ਇਹ ਸੇਵਾਵਾਂ ਹਰ ਹਾਲਤ ਵਿੱਚ ਜਾਰੀ ਰਹਿਣੀਆਂ ਲਾਜ਼ਮੀ ਹੁੰਦੀਆਂ ਹਨ। ਸੁਰੱਖਿਆ ਸੇਵਾਵਾਂ ਦੇ ਇਸ ਖਾਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੇਸ਼ੱਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣ ਪਰ ਨਾਲ਼ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਆਪਣਾ ਕੰਮ ਕਾਜ ਵੀ ਜਾਰੀ ਰੱਖਣ ਤਾਂ ਕਿ ਅਦਾਰੇ ਨੂੰ ਸੁਰੱਖਿਆ ਪੱਖੋਂ ਕਿਸੇ ਵੀ ਕਿਸਮ ਦੇ ਖਦਸ਼ੇ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਬੂਰੀਵੱਸ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਸੀ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

+91-8264256390

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ :9501200200