Accredited with CGPA of 3.37 on four point scale at "A+" grade by NAAC

ਆਗਾਮੀ ਸੈਮੀਨਾਰ/ ਸਮਾਗਮ
ਸੈਮੀਨਾਰ/ ਸਮਾਗਮਾਂ ਦਾ ਆਯੋਜਨ
ਫੋਟੋ ਗੈਲਰੀ
ਪ੍ਰੈਸ ਰਿਲੀਜ
  • ਪਟਿਆਲਾ, 30 ਜੁਲਾਈ ਪੰਜਾਬੀ ਯੂਨੀਵਰਸਿਟੀ ਵਿਚਲੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਦੇ ਵਿਸ਼ੇ ਉੱਤੇ ਕਰਵਾਇਆ ਗਿਆ ਅੱਠ-ਰੋਜ਼ਾ ਓਰੀਐਂਟੇਸ਼ਨ ਅਤੇ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 150 ਅਧਿਆਪਕਾਂ ਨੇ ਆਨਲਾਈਨ ਵਿਧੀ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਦੇ ਦੇਸ ਦੀਆਂ ਨਾਮੀ ਅਤੇ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ), ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐੱਮ.), ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਇੰਡੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ (ਆਈ.ਆਈ.ਈ.), ਕੇਂਦਰੀ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਤੋਂ ਵੱਖ-ਵੱਖ ਚੌਦਾਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਅਕਾਦਮਿਕ ਸ਼ਖ਼ਸੀਅਤਾਂ ਨੇ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ। ਇਨ੍ਹਾਂ ਮਾਹਿਰਾਂ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਉਣ ਹਿਤ ਭਾਸ਼ਣ ਦਿੱਤੇ।
  • ਪਟਿਆਲ, 23 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਨੂੰ ਸੰਬੋਧਿਤ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ.ਕੇ. ਯਾਦਵ ਨੇ ਕਿਹਾ ਕਿ ਇਸ ਦਾ ਉਦੇਸ਼ ਅਕਾਦਮਿਕ ਸਿੱਖਿਆ ਨੂੰ ਨਵੇਂ ਯੁਗ ਦਾ ਹਾਣੀ ਬਨਾਉਣਾ ਹੈ। ਸ੍ਰੀ ਯਾਦਵ ਕੁਝ ਜ਼ਰੂਰੀ ਕਾਰਨਾ ਦੇ ਕਰਕੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਆਨਲਾਈਨ ਵਿਧੀ ਰਾਹੀਂ ਕਰਵਾਈ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਫ਼ੈਸਲਿਆਂ ਅਤੇ ਅਕਾਦਮਿਕ ਅਗਵਾਈ ਲਈ ਯੂਨੀਵਰਸਿਟੀ ਦੇ ਸੁਚਾਰੂ ਅਕਾਦਮਿਕ ਪ੍ਰਬੰਧਨ ਹਿੱਤ ਅਕਾਦਮਿਕ ਕੌਂਸਲ ਇਕ ਅਹਿਮ ਸਥਾਨ ਰੱਖਦੀ ਹੈ। ਸ੍ਰੀ ਕੇ.ਕੇ. ਯਾਦਵ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਅਕਾਦਮਿਕ ਕੌਂਸਲ ਦੀ ਇਸ ਪਹਿਲੀ ਇਕੱਤਰਤਾ ਦੌਰਾਨ ਅਕਾਦਮਿਕ ਕੌਂਸਲ ਵੱਲੋਂ ਉਨ੍ਹਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ। ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਮਿਆਂ ਦਾ ਹਾਣੀ ਬਣਾਉਣ ਹਿੱਤ ਨਵੇਂ ਅਕਾਦਮਿਕ ਰੁਝਾਨਾਂ ਤਹਿਤ ਜਲਦੀ ਹੀ ਨਵੇਂ ਕੋਰਸ ਉਲੀਕਣ ਸੰਬੰਧੀ ਵਿਸਤ੍ਰਿਤ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਅਕਾਦਮਿਕ ਕੌਂਸਲ ਨੇ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਵੱਖ ਵੱਖ ਕੋਰਸ ਚਲਾਉਣ ਦੀ ਪੁਸ਼ਟੀ ਕੀਤੀ। ਇਨ੍ਹਾਂ ਕੋਰਸਾਂ ਦੀ ਗਿਣਤਤੀ 17 ਦੇ ਕਰੀਬ ਹੈ। ਇਨ੍ਹਾਂ ਦੇ ਸ਼ੁਰੂ ਹੋਣ ਦੇ ਨਾਲ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਰੋਜ਼ਗਾਰ ਲਈ ਨਵੇਂ ਮੌਕੇ ਪੈਦਾ ਹੋਣਗੇ। ਅਕਾਦਮਿਕ ਕੌਂਸਲ ਦੀ ਕਾਰਵਾਈ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ.ਕੇ. ਤਿਵਾੜੀ ਨੇ ਚਲਾਈ। ਉਨ੍ਹਾਂ ਨੇ ਮੀਟਿੰਗ ਵਿਚਲੇ ਏਜੰਡੇ ਦੀਆਂ ਵਖ-ਵਖ ਮੱਦਾਂ ਨੂੰ ਕੌਂਸਲ ਮੈਂਬਰਾਂ ਅੱਗੇ ਪ੍ਰਸਤੁਤ ਕੀਤਾ ਜਿਨ੍ਹਾਂ ਨੇ ਇਨ੍ਹਾਂ ਨੂੰ ਪ੍ਰਵਾਨਿਤ ਕਰ ਦਿੱਤਾ। ਇਸ ਦੌਰਾਨ ਕਈ ਮੈਂਬਰਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।
  • ਪਟਿਆਲਾ, 18 ਜੁਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਭਾਰਤ ਭੂਸ਼ਣ ਸਿੰਗਲਾ ਨੂੰ ਵਧੀਕ ਕੰਟਰੋਲਰ, ਪ੍ਰੀਖਿਆਵਾਂ ਵਜੋਂ ਤਾਇਨਾਤ ਕੀਤਾ ਗਿਆ ਹੈ। ਡਾ.ਸਿੰਗਲਾ ਨੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਭਾਰਤ ਭੂਸ਼ਣ ਸਿੰਗਲਾ ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਵਿਖੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ। ਇਸ ਮੌਕੇ ਬੋਲਦੇ ਹੋਏ ਪ੍ਰੋ ਅਸ਼ੋਕ ਤਿਵਾੜੀ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਮੀਦ ਪ੍ਰਗਟਾਈ ਕਿ ਪ੍ਰੀਖਿਆ ਸ਼ਾਖਾ ਦਾ ਕੰਮ ਹੋਰ ਵਧੇਰੇ ਸਚਾਰੂ ਰੂਪ ਵਿੱਚ ਚਲਾਉਣ ਲਈ ਡਾ. ਬੀ. ਬੀ. ਸਿੰਗਲਾ ਦੀ ਅਗਵਾਈ ਨਿਸ਼ਚੇ ਹੀ ਲਾਭਦਾਇਕ ਰਹੇਗੀ। ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਇੰਚਾਰਜ ਵਿਤ ਡਾ. ਪ੍ਰਮੋਦ ਅਗਰਵਾਲ ਵੀ ਇਸ ਮੌਕੇ ਹਾਜ਼ਰ ਰਹੇ। ਉਨ੍ਹਾਂ ਵੱਲੋਂ ਵੀ ਡਾ. ਬੀ. ਬੀ. ਸਿੰਗਲਾ ਨੂੰ ਵਧਾਈ ਦੇਣ ਦੇ ਨਾਲ ਪ੍ਰੀਖਿਆ ਸ਼ਾਖਾ ਦੇ ਕੁਸ਼ਲ ਪ੍ਰਬੰਧਨ ਬਾਰੇ ਉਮੀਦ ਪ੍ਰਗਟਾਈ ਗਈ।
  • ਪਟਿਆਲਾ, 17 ਜੁਲਾਈ ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ ਦੇ ਸਾਬਕਾ ਅਧਿਆਪਕ ਡਾ. ਸੁਖਰੰਜਨ ਕੌਰ ਚੀਮਾ ਦੇ ਦਿਹਾਂਤ ਉੱਤੇ ਵਿਭਾਗ ਵੱਲੋਂ ਅਫ਼ਸੋਸ ਪ੍ਰਗਟਾਇਆ ਗਿਆ। ਕਲਾਵਾਂ ਨਾਲ਼ ਸੰਬੰਧਤ ਫ਼ੈਕਲਟੀ ਦੇ ਡੀਨ ਡਾ. ਅੰਬਾਲਿਕਾ ਸੂਦ ਨੇ ਦੱਸਿਆ ਕਿ ਡਾ. ਸੁਖਰੰਜਨ ਚੀਮਾ ਤਕਰੀਬਨ ਪੰਜ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਕਿਹਾ ਕਿ ਵਿਭਾਗ ਲਈ ਉਨ੍ਹਾਂ ਵੱਲੋਂ ਦਿੱਤਾ ਗਿਆ ਅਕਾਦਮਿਕ ਯੋਗਦਾਨ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੱਸਿਆ ਕਿ ਫੀਲਡ-ਵਰਕ ਵਜੋਂ ਉਨ੍ਹਾਂ ਮਾਲਵਾ ਖੇਤਰ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਉੱਤੇ ਅਧਾਰਿਤ ਕਾਰਜ, ਜੋ ਕਿ 'ਪੰਜਾਬ ਦੀ ਦਸਤਕਾਰੀ ਵਿੱਚ ਸੁਹਜਾਤਮਕ ਸਿਰਜਣਾ: ਮਾਲਵੇ ਦੇ ਵਿਸ਼ੇਸ਼ ਸੰਦਰਭ ਵਿੱਚ' ਨਾਮ ਹੇਠ ਪ੍ਰਕਾਸ਼ਿਤ ਹੈ, ਰਾਹੀਂ ਮੁੱਲਵਾਨ ਕੰਮ ਕੀਤਾ ਹੈ।
  • ਪਟਿਆਲਾ, 16 ਜੁਲਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਇੰਮਪਰੂਵਮੈਂਟ ਟਰਸੱਟ ਨਾਭਾ ਦੇ ਸਹਿਯੋਗ ਨਾਲ਼ ਯੁਵਕ ਭਲਾਈ ਦਫ਼ਤਰ ਦੇ ਬਾਹਰ ਬੂਟੇ ਲਗਾਏ ਗਏ। ਵਿਭਾਗ ਦੇ ਡਾਇਰੈਕਟਰ ਪ੍ਰੋ.ਵਰਿੰਦਰ ਕੁਮਾਰ ਕੌਸ਼ਿਕ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਰੁੱਖ ਹਨ ਤਾਂ ਹੀ ਧਰਤੀ ਉਪਰ ਜੀਵਨ ਸੰਭਵ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਹਰ ਇੱਕ ਮਨੁੱਖ ਦਾ ਨੈਤਿਕ ਫ਼ਰਜ਼ ਹੈ। ਇੰਮਪਰੂਵਮੈਂਟ ਟਰਸੱਟ ਨਾਭਾ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ 'ਹੋਵੇ ਚਾਰੇ ਪਾਸੇ ਹਰਿਆਲੀ, ਵਾਤਾਵਰਣ ਲਈ ਇਹੀ ਖੁਸ਼ਹਾਲੀ' ਨਾਅਰੇ ਦੀ ਵਰਤੋਂ ਕੀਤੀ। ਇਸ ਮੌਕੇ ਪ੍ਰੋ. ਭੀਮਇੰਦਰ, ਸ਼੍ਰੀ ਯਾਦਵਿੰਦਰ ਸ਼ਰਮਾ ਅਤੇ ਯੁਵਕ ਭਲਾਈ ਵਿਭਾਗ ਤੋਂ ਡਾ. ਹਰਿੰਦਰ ਹੁੰਦਲ, ਡਾ. ਡੈਨੀ ਸ਼ਰਮਾ, ਸ਼੍ਰੀਮਤੀ ਸ਼ਮਸੇ਼ਰ ਕੌਰ, ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀ ਪਰਦੀਪ ਸਿੰਘ, ਸ਼੍ਰੀ ਗੁਰਦੇਵ ਸਿੰਘ ਅਤੇ ਸ਼੍ਰੀ ਜਤਿੰਦਰ ਕੁਮਾਰ ਵੀ ਮੌਜੂਦ ਰਹੇ।
  • ਪਟਿਆਲਾ, 2 ਜੁਲਾਈ ਅੱਜ ਡਾ. ਹਰਵਿੰਦਰ ਪਾਲ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਉੱਘੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਪ੍ਰੋਫੈਸਰ ਪ੍ਰੋ. ਰਜਿੰਦਰ ਲਹਿਰੀ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਅਵਨੀਤ ਪਾਲ ਸਿੰਘ, ਪੰਜਾਬੀ ਭਾਸ਼ਾ ਤੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਸਮੂਹ ਸਟਾਫ, ਡਾ. ਅਨਵਰ ਚਿਰਾਗ, ਡਾ. ਮੋਹਨ ਤਿਆਗੀ, ਡਾ. ਸੀ ਪੀ ਕੰਬੋਜ, ਡਾ. ਅਜੇ ਵਰਮਾ, ਡਾ. ਪਰਮੀਤ ਕੌਰ, ਡਾਕਟਰ ਵਰਿੰਦਰ ਸ਼ਾਸਤਰੀ ਡਾ. ਨੀਤੂ ਕੌਸ਼ਲ, ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਵਿੰਪੀ, ਪਲਵੀ ਕੌਸ਼ਲ, ਵਰਿੰਦਰ ਖੁਰਾਣਾ, ਸਿਮਰਤ ਜੀਤ ਕੌਰ ਨੇ ਉਹਨਾਂ ਨੂੰ ਵਧਾਈਆਂ ਅਤੇ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਵਿਖੇ ਪਿਛਲੇ 12 ਸਾਲਾਂ ਤੋਂ ਅਧਿਆਪਕ ਵਜੋਂ ਕੰਮ ਕਰ ਰਹੇ ਸਨ।
  • ਪਟਿਆਲਾ, 2 ਜੁਲਾਈ ਪੰਜਾਬੀ ਯੂਨੀਵਰਸਿਟੀ ਦੀ ਲੇਖਾ ਸ਼ਾਖਾ ਵੱਲੋਂ ਕਰਮਚਾਰੀਆਂ ਨੂੰ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਲਈ ਈ-ਔਫ਼ਿਸ ਐਪ ਦੀ ਵਰਤੋਂ ਦੇ ਸੰਬੰਧ ਵਿੱਚ ਬਿਹਤਰ ਤਰੀਕੇ ਨਾਲ਼ ਜਾਣੂ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਸਹਿਯੋਗ ਨਾਲ਼ ਲੇਖਾ ਸ਼ਾਖਾ ਦੇ ਕਰਮਚਾਰੀਆਂ ਨੂੰ ਪਿਛਲੇ ਚਾਰ ਦਿਨਾਂ ਦੌਰਾਨ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਗਈ। ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਡਾ. ਕਵਲਜੀਤ ਸਿੰਘ ਅਤੇ ਸਿਸਟਮ ਮੈਨੇਜਰ ਵਿਭੂ ਸ਼ਰਮਾ ਨੇ 15-15 ਦੇ ਸਮੂਹਾਂ ਵਿੱਚ 60 ਤੋਂ ਵੱਧ ਕਰਮਚਾਰੀਆਂ ਨੂੰ ਈ-ਔਫ਼ਿਸ ਦੇ ਕੰਮ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ।
  • ਪਟਿਆਲਾ, 29 ਜੂਨ ਚੈੱਕ ਰਿਪਬਲਿਕ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਰੈੰਕਿੰਗ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੈਰਾ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੂਜਾ ਨੇ ਰਿਕਰਵ ਮਿਕਸ ਟੀਮ ਈਵੈਂਟ ਦੇ ਫ਼ਾਈਨਲ ਵਿੱਚ ਪੋਲੈਂਡ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਭਾਰਤ ਦੀ ਝੋਲ਼ੀ ਪਾਇਆ ਹੈ। ਪਰੀ-ਕੁਆਰਟਰ ਫ਼ਾਈਨਲ ਵਿੱਚ ਯੂ. ਐੱਸ. ਏ., ਕੁਆਰਟਰ ਫ਼ਾਈਨਲ ਵਿੱਚ ਜਪਾਨ ਅਤੇ ਸੈਮੀ ਫ਼ਾਈਨਲ ਵਿੱਚ ਚੀਨ ਨੂੰ ਹਰਾਉਣ ਤੋਂ ਬਾਅਦ ਇਹ ਮਿਕਸ ਟੀਮ ਪੋਲੈਂਡ ਦੀ ਟੀਮ ਨਾਲ਼ ਭਿੜੀ ਸੀ। ਇਸ ਪ੍ਰਾਪਤੀ ਦੇ ਨਾਲ਼ ਹੀ ਪੂਜਾ ਨੇ ਰਿਕਰਵ ਵਿਮੈਨ ਟੀਮ ਵਿੱਚ ਸੋਨ ਤਗ਼ਮਾ ਅਤੇ ਹਰਵਿੰਦਰ ਸਿੰਘ ਨੇ ਕਾਂਸੀ ਤਗ਼ਮਾ ਵੀ ਜਿੱਤ ਲਿਆ ਹੈ। ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਪ੍ਰੋ. ਅਜੀਤਾ ਨੇ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਅਤੇ ਪੈਰਾ ਓਲਿੰਪਕਸ ਪੈਰਿਸ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਹ ਦੋ ਪੈਰਾ ਤੀਰਅੰਦਾਜ਼ ਹੁਣ 2024 ਦੀਆਂ ਪੈਰਾ ਓਲਿੰਪਕਸ ਪੈਰਿਸ ਵਿੱਚ ਸ਼ਿਰਕਤ ਕਰਨਗੇ।
  • ਪਟਿਆਲਾ, 24 ਜੂਨ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਇਨ੍ਹੀਂ ਦਿਨੀਂ ਜਿੱਥੇ ਯੂਨੀਵਰਸਿਟੀ ਆਪਣੇ ਪੱਧਰ ਉੱਤੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਹੁਣ ਕੁੱਝ ਕਾਲਜਾਂ ਅਤੇ ਹੋਰ ਸੰਸਥਾਵਾਂ ਵੱਲੋਂ ਵੀ ਆਪੋ ਆਪਣੇ ਢੰਗ ਨਾਲ਼ ਇਸ ਦਿਸ਼ਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਰਮਚਾਰੀ ਸੰਘ ਦੀ ਮੰਗ ਉੱਤੇ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵੱਲੋਂ ਪ੍ਰੀਖਿਆ ਸ਼ਾਖਾ ਨੂੰ ਡੇਢ ਟਨ ਦਾ ਏ.ਸੀ. ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਪ੍ਰੀਖਿਆ ਸ਼ਾਖਾ ਦੇ ਬੀ. ਐੱਡ. ਸੈੱਟ ਉੱਤੇ ਲਗਾਇਆ ਗਿਆ ਹੈ। ਇਸ ਗਰੁੱਪ ਦੇ ਚੇਅਰਮੈਨ ਤਰਸੇਮ ਸੈਣੀ ਵੱਲੋਂ ਇਹ ਏ.ਸੀ. ਭੇਂਟ ਕੀਤਾ ਗਿਆ। ਕਰਮਚਾਰੀ ਸੰਘ ਵੱਲੋਂ ਕਾਲਜ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਰੋਇਲ ਗਰੁੱਪ ਆਫ਼ ਕਾਲਜਿਜ਼, ਮੋਹਾਲੀ ਵੱਲੋਂ 25 ਪੱਖੇ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਮੁਹੱਈਆ ਕਰਵਾਏ ਗਏ ਹਨ ਜੋ ਵੱਖ-ਵੱਖ ਥਾਵਾਂ ਉੱਤੇ ਲੋੜ ਅਨੁਸਾਰ ਵਰਤੇ ਜਾ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁਡਕਾ) ਵੱਲੋਂ 50 ਦੇ ਕਰੀਬ ਟਿਊਬ ਲਾਈਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ ਜੋ ਇਸ ਸੰਸਥਾ ਦੇ ਪ੍ਰਤੀਨਿਧ ਐੱਸ. ਐੱਸ. ਚੱਠਾ ਅਤੇ ਹੋਰਨਾਂ ਵੱਲੋਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਫੋਕਲ ਪੁਆਇੰਟ ਪਟਿਆਲਾ ਤੋਂ ਸਤਯਮ ਫਰਨੀਚਰਜ਼ ਨਾਮਕ ਫ਼ਰਮ ਵੱਲੋਂ ਪ੍ਰੀਖਿਆ ਸ਼ਾਖਾ ਵਿੱਚ ਲੱਕੜ ਨਾਲ਼ ਸੰਬੰਧਤ ਮੁਰੰਮਤ ਦਾ ਸਾਰਾ ਕੰਮ ਕਰਵਾਇਆ ਗਿਆ। ਪ੍ਰੋ. ਗੋਇਲ ਨੇ ਇਸ ਯੋਗਦਾਨ ਲਈ ਇਨ੍ਹਾਂ ਸਭ ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰੀਨਿਧੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਦਾ ਅਰਥ ਹੈ ਕਿ ਲੋਕਾਂ ਦਾ ਸਾਡੇ ਕੰਮ ਵਿੱਚ ਭਰੋਸਾ ਪੈਦਾ ਹੋ ਰਿਹਾ ਹੈ ਅਤੇ ਉਹ ਸਾਡੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਹੱਲ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
  • ਪਟਿਆਲਾ, 21 ਜੂਨ ਪੰਜਾਬੀ ਯੂਨੀਵਰਸਿਟੀ, ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਐੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਅਤੇ ਐੱਨ.ਐੱਸ.ਐੱਸ. ਵਿਭਾਗ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਪਾਰਕ ਵਿੱਚ ਸਵੇਰੇ 06:00 ਤੋਂ 07:00 ਵਜੇ ਯੋਗ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 250 ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਮਾਡਲ ਸਕੂਲ ਦੇ ਯੂਨੀਵਰਸਿਟੀ ਵਿਦਿਆਰਥੀ, ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਇਸ ਮੌਕੇ ਸ਼ਾਮਿਲ ਹੋਇਆ। ਸਰੀਰਕ ਸਿੱਖਿਆ ਵਿਭਾਗ ਤੋੰ ਪ੍ਰੋਫੈਸਰ ਡਾ. ਨਿਸ਼ਾਨ ਸਿੰਘ ਦਿਓਲ ਵੱਲੋਂ ਸ਼ਮੂਲੀਅਤ ਕਰ ਰਹੇ ਯੋਗ ਅਭਿਆਸੀਆਂ ਲਈ ਸਵਾਗਤੀ ਸ਼ਬਦ ਬੋਲੇ। ਇਸ ਸਮਾਰੋਹ ਦੀ ਅਗਵਾਈ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਮੈਂਬਰਾਂ ਨੇ ਕੀਤੀ। ਡਾ. ਤਰਲੋਕ ਸਿੰਘ ਸੰਧੂ (ਓਲਪਿਅਨ), ਰਿਟਾਇਰਡ ਪ੍ਰੋਫੈਸਰ, ਪ੍ਰੋ. ਗੁਰਸੇਵਕ ਸਿੰਘ ਫਿਜ਼ੀਕਲ ਕਾਲਜ, ਪਟਿਆਲਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਅਤੇ ਸ. ਹਰਜਸ਼ਨ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੋਗ ਅਭਿਆਸ ਉਪਰੰਤ ਜਗਜੀਵਨ ਸਿੰਘ, ਯੋਗਾ ਇੰਸਟ੍ਰਕਟਰ ਵਲੋਂ ਤਿਆਰ ਕਰਵਾਈ ਗਈ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਯੋਗ ਆਸਨ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡਾ. ਮਾਨ ਸਿੰਘ ਢੀਂਡਸਾ, ਰਾਜ ਤਿਵਾਰੀ (ਅੰਤਰ-ਰਾਸ਼ਟਰੀ ਗਾਇਕ), ਡਾ. ਵਿਭਾ ਸ਼ਰਮਾ, ਡਾ. ਨਵਦੀਪ ਕੰਵਲ, ਡਾ. ਅਭੀਨਵ ਭੰਡਾਰੀ, ਡਾ. ਰਾਜਵਿੰਦਰ ਸਿੰਘ, ਡਾ. ਅਵਤਾਰ ਸਿੰਘ, ਸ. ਹਰਜੀਤ ਸਿੰਘ, ਡਾ. ਅਵਤਾਰ ਸਿੰਘ ਅਤੇ ਸ. ਸਤਵੀਰ ਸਿੰਘ (ਯੂਨੀਵਰਸਿਟੀ ਮਾਡਲ ਸਕੂਲ, ਐਨ.ਐੱਸ.ਐੱਸ) ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ। ਮੰਚ ਸੰਚਾਲਨ ਪਰਵਿੰਦਰ ਸਿੰਘ ਅਤੇ ਰਘਵੀਰ ਸਿੰਘ ਯੋਗਾ ਇੰਸਟ੍ਰਕਟਰ ਵੱਲੋਂ ਕੀਤਾ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਿਤੀ 21/05/2024 ਤੋਂ 20/06/2024 ਤੱਕ ਵਿਭਾਗ ਵੱਲੋਂ ਫੈਕਲਟੀ ਕਲੱਬ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਮੁਫ਼ਤ ਯੋਗ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਯੋਗ ਅਭਿਆਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਅੰਤ ਵਿੱਚ ਆਏ ਹੋਏ ਸਾਰੇ ਯੋਗ ਅਭਿਆਸੀਆਂ ਨੂੰ ਆਹਾਰ ਵਜੋਂ ਫਲ ਅਤੇ ਦਲੀਆ ਦਿੱਤਾ ਗਿਆ।
  • ਪਟਿਆਲਾ, 15 ਜੂਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 2024-25 ਦੇ ਅਕਾਦਮਿਕ ਸੈਸ਼ਨ ਲਈ ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਕਾਉਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟ ਸੂਚੀ ਵਿੱਚ ਚੁਣੇ ਗਏ ਵਿਦਿਆਰਥੀ 18 ਜੂਨ, 2024 ਸ਼ਾਮ 5 ਵਜੇ ਤੱਕ ਆਪਣੀ ਦਾਖ਼ਲਾ ਫ਼ੀਸ ਆਨਲਾਈਨ ਜਾਂ ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਅਦਾ ਕਰ ਸਕਦੇ ਹਨ। ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਫ਼ੀਸ ਦਾ ਭੁਗਤਾਨ ਕਰਨ ਵਾਲ਼ੇ ਵਿਦਿਆਰਥੀਆਂ ਲਈ 18 ਜੂਨ ਤੱਕ ਸਬੰਧਤ ਵਿਭਾਗ ਵਿੱਚ ਫ਼ੀਸ ਦੀ ਅਦਾਇਗੀ ਦੀ ਰਸੀਦ ਜਮ੍ਹਾਂ ਕਰਾਉਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਅਤੇ 14 ਜੂਨ, 2024 ਨੂੰ ਕਾਉਂਸਲਿੰਗ ਸੈਸ਼ਨਾਂ ਵਿੱਚ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਵਿਖਾਇਆ ਗਿਆ। ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਖਾਸ ਤੌਰ ਉੱਤੇ ਪੰਜ ਸਾਲਾ ਏਕੀਕ੍ਰਿਤ ਬੀ.ਬੀ.ਏ.-ਐੱਮ. ਬੀ. ਏ. ਅਤੇ ਬੀ.-ਕੌਮ.-ਐਮ.ਕਾਮ, ਬੀ.ਕੌਮ. (ਆਨਰਜ਼), ਬੀ. ਫਾਰਮੇਸੀ, ਬੀ.ਪੀ.ਟੀ. ਹੋਟਲ ਅਤੇ ਟੂਰਿਜ਼ਮ ਮੈਨੇਜਮੈਂਟ, ਮਲਟੀ-ਡਿਸਿਪਲਨਰੀ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਸਾਰੇ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਦਾ ਵਧਿਆ ਹੋਇਆ ਰੁਝਾਨ ਵੇਖਣ ਨੂੰ ਮਿਲਿਆ। ਪ੍ਰੋ. ਬਾਂਸਲ ਨੇ ਦਾਖ਼ਲਾ ਸੈੱਲ ਦੇ ਕੋ-ਕੋਆਰਡੀਨੇਟਰਾਂ ਅਤੇ ਪ੍ਰੋਗਰਾਮਰ ਦਲਬੀਰ ਸਿੰਘ ਅਤੇ ਸੰਤਬੀਰ ਸਿੰਘ ਸਮੇਤ ਦਾਖ਼ਲਾ ਸੈੱਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਇਸ ਪ੍ਰਕਿਰਿਆ ਦੇ ਸੁਚਾਰੂ ਢੰਗ ਨਾਲ਼ ਨੇਪਰੇ ਚੜ੍ਹਨ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਸੰਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਸਾਰੇ ਵਿਭਾਗਾਂ ਦੇ ਮੁਖੀਆਂ, ਪ੍ਰੋਗਰਾਮ ਕੋਆਰਡੀਨੇਟਰਾਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਦਾ ਵੀ ਧੰਨਵਾਦ ਕੀਤਾ।
  • ਪਟਿਆਲਾ, 14 ਜੂਨ ਪੰਜਾਬੀ ਯੂਨੀਵਰਸਿਟੀ ਦੇ ਅੰਡਰਗਰੈਜੂਏਟ ਕੋਰਸਾਂ ਲਈ ਚਾਹਵਾਨ ਵਿਦਿਆਰਥੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 40 ਫ਼ੀਸਦੀ ਵਾਧਾ ਹੋਇਆ ਹੈ। ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਚਲਦੀ ਕਾਊਂਸਲਿੰਗ ਦਾ ਮੁਆਇਨਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਪਤ ਹੋਈਆਂ ਦਾਖ਼ਲਾ ਅਰਜ਼ੀਆਂ ਦੀ ਗਿਣਤੀ ਵਿੱਚ ਲਗਭਗ 40 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਭਾਗਾਂ/ਕੇਂਦਰਾਂ ਵਿੱਚ ਬਿਨੈਕਾਰਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਰੀਜਨਲ ਸੈਂਟਰ, ਮੋਹਾਲੀ ਵਿਖੇ ਕੰਪਿਊਟਰ ਸਾਇੰਸ ਵਿੱਚ ਬੀ.ਟੈਕ (ਸੀ.ਐੱਸ.ਈ) ਵਿੱਚ 50 ਅਤੇ ਪੰਜ ਸਾਲਾ ਯੂ.ਜੀ.-ਪੀ.ਜੀ. ਪ੍ਰੋਗਰਾਮ (ਆਨਰਜ਼ ਵਿਦ ਰਿਸਰਚ) ਲਈ ਵੀ ਕਾਫ਼ੀ ਦਾਖ਼ਲਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਨਾਲ਼ ਸੰਬੰਧਤ ਪ੍ਰਣਾਲੀ ਵਿੱਚ ਕੀਤੇ ਗਏ ਕੁੱਝ ਬਦਲਾਅ, ਜਿਵੇਂ ਕਿ ਦਾਖ਼ਲੇ ਦੇ ਸਮੇਂ ਮੇਜਰ ਵਿਸ਼ਿਆਂ ਦੀ ਵੰਡ ਵਰਗੇ ਮਹੱਤਵਪੂਰਨ ਕਦਮਾਂ ਨੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਨ ਵਿੱਚ ਇਨ੍ਹਾਂ ਕੋਰਸਾਂ ਸੰਬੰਧੀ ਅਨਿਸ਼ਚਿਤਤਾ ਨੂੰ ਦੂਰ ਕੀਤਾ ਹੈ ਅਤੇ ਸੰਤੁਸ਼ਟੀ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਤਬਦੀਲੀਆਂ ਪੰਜਾਬ ਸਰਕਾਰ ਦੇ ਸੁਹਿਰਦ ਸਹਿਯੋਗ ਅਤੇ ਵਾਈਸ-ਚਾਂਸਲਰ ਕੇ. ਕੇ. ਯਾਦਵ ਦੀ ਅਗਵਾਈ ਤੋਂ ਬਿਨਾਂ ਸੰਭਵ ਨਹੀਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਨੇ ਯੂਨੀਵਰਸਿਟੀ ਵਿੱਚ ਸਥਿਰਤਾ ਦਾ ਮਾਹੌਲ ਬਣਾਇਆ ਹੈ ਅਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਦਾ ਮਨੋਬਲ ਵਧਾਇਆ ਹੈ। ਫ਼ੋਟੋ: ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਅਸ਼ੋਕ ਕੁਮਾਰ ਤਿਵਾੜੀ
  • ਪਟਿਆਲਾ, 13 ਜੂਨ ਪੰਜਾਬੀ ਯੂਨੀਵਰਸਿਟੀ ਵਿਖੇ ਇਸ ਮਹੀਨੇ ਦੇ ਅੰਤ 30 ਜੂਨ ਨੂੰ 14 ਅਧਿਆਪਕ ਸੇਵਾ-ਨਵਿਰਤ ਹੋ ਰਹੇ ਹਨ। ਯੂਨੀਵਰਸਿਟੀ ਵੱਲੋਂ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਗੌਰਤਲਬ ਹੈ ਕਿ ਯੂਨੀਵਰਸਿਟੀ ਅਧਿਆਪਨ ਅਮਲੇ ਨੂੰ ਕੱਲ੍ਹ ਤੋਂ ਸ਼ੁਰੂ ਹੋ ਕੇ ਮੱਧ ਜੁਲਾਈ ਤੱਕ ਛੁੱਟੀਆਂ ਹੋ ਰਹੀਆਂ ਹਨ, ਇਸ ਕਾਰਨ ਇਹ ਵਿਦਾਇਗੀ ਪਾਰਟੀ ਅਗਾਊਂ ਤੌਰ ਉੱਤੇ ਦਿੱਤੀ ਗਈ। ਸੈਨੇਟ ਹਾਲ ਵਿਖੇ ਇਸ ਸੰਬੰਧੀ ਰੱਖੀ ਗਈ ਬੈਠਕ ਦੀ ਪ੍ਰਧਾਨਗੀ ਡੀਨ ਖੋਜ ਡਾ. ਮਨਜੀਤ ਪਾਤੜ ਨੇ ਕੀਤੀ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸੇਵਾ-ਮੁਕਤੀ ਦੀ ਵਧਾਈ ਦਿੱਤੀ ਅਤੇ ਜ਼ਿੰਦਗੀ ਦੇ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੇਵਾ-ਮੁਕਤ ਹੋਣ ਵਾਲ਼ੇ ਅਧਿਆਪਕਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਕਾਰਜਸ਼ੀਲ ਅਧਿਆਪਕਾਂ ਤੋਂ ਇਲਾਵਾ ਰਿਜਨਲ ਸੈਂਟਰ ਅਤੇ ਯੂਨੀਵਰਸਿਟੀ ਕਾਲਜ ਦੇ ਅਧਿਆਪਕ ਵੀ ਸ਼ਾਮਿਲ ਸਨ। ਸੇਵਾ-ਮੁਕਤ ਹੋਏ ਅਧਿਆਪਕਾਂ ਵਿੱਚ ਯੂਨੀਵਰਸਿਟੀ ਮੁੱਖ ਕੈਂਪਸ ਦੇ ਦਰਸ਼ਨ ਸ਼ਾਸਤਰ ਵਿਭਾਗ ਤੋਂ ਡਾ. ਪਰਮਿੰਦਰ ਕੌਰ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਤੋਂ ਡਾ. ਚਿਰਾਗ ਦੀਨ, ਭੂ-ਵਿਗਿਆਨ ਵਿਭਾਗ ਤੋਂ ਡਾ. ਬਲਜੀਤ ਕੌਰ, ਬਨਸਪਤੀ ਵਿਗਿਆਨ ਵਿਭਾਗ ਤੋਂ ਡਾ. ਦਵਿੰਦਰ ਪਾਲ ਸਿੰਘ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਹਰਵਿੰਦਰ ਕੌਰ, ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਡਾ. ਰਾਜਿੰਦਰ ਕੁਮਾਰ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਲਖਵਿੰਦਰ ਸਿੰਘ, ਅੰਗਰੇਜ਼ੀ ਵਿਭਾਗ ਤੋਂ ਡਾ. ਰਾਜੇਸ਼ ਕੁਮਾਰ, ਪੰਜਾਬੀ ਵਿਭਾਗ ਤੋਂ ਡਾ. ਜਸਵਿੰਦਰ ਸਿੰਘ, ਸਿੱਖਿਆ ਅਤੇ ਸੁਮਦਾਇ ਵਿਭਾਗ ਤੋਂ ਡਾ. ਜਸਰਾਜ ਕੌਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗ ਤੋਂ ਡਾ. ਗੁਰਚਰਨ ਸਿੰਘ, ਕਾਮਰਸ ਵਿਭਾਗ ਤੋਂ ਡਾ. ਰਾਧਾ ਸ਼ਰਨ ਅਰੋੜਾ, ਰਿਜਨਲ ਸੈਂਟਰ ਬਠਿੰਡਾ ਤੋਂ ਡਾ. ਸੁਮਨ ਸ਼ਰਮਾ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਤੋਂ ਡਾ. ਸਰਬਜੀਤ ਕੌਰ ਸ਼ਾਮਿਲ ਸਨ। ਸੇਵਾ-ਮੁਕਤ ਹੋਏ ਅਧਿਆਪਕਾਂ ਵੱਲੋਂ ਇਸ ਮੌਕੇ ਬੋਲਦਿਆਂ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਹੋਏ ਵੱਖ-ਵੱਖ ਤਜਰਬੇ ਸਾਂਝੇ ਕੀਤੇ ਗਏ। ਅਧਿਆਪਕਾਂ ਵੱਲੋਂ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
  • ਪਟਿਆਲਾ, 12 ਜੂਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਡਰਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਸ਼ੁਰੂ ਹੋ ਗਈ ਹੈ। ਕੌਂਸਲਿੰਗ ਦੇ ਪਹਿਲੇ ਦਿਨ 12 ਜੂਨ ਨੂੰ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਚਲਦੇ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਕੈਂਪਸ ਵਿਖੇ ਪੁੱਜੇ। ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰਖਦਿਆਂ ਬਿਹਤਰ ਪ੍ਰਬੰਧ ਕੀਤੇ ਗਏ ਹਨ। ਪਿਛਲੇ ਸਾਲਾਂ ਦੇ ਅਨੁਭਵ ਤੋਂ ਸਾਹਮਣੇ ਆਇਆ ਸੀ ਕਿ ਕੌਂਸਲਿੰਗ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਕੌਂਸਲਿੰਗ ਲਈ ਆਪਣੀ ਵਾਰੀ ਲਈ ਜ਼ਿਆਦਾ ਉਡੀਕ ਕਰਨੀ ਪੈਂਦੀ ਸੀ। ਇਸ ਵਾਰ ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿੱਚ ਵੰਡ ਕੇ 80 ਫ਼ੀਸਦੀ ਤੋਂ ਵਧੇਰੇ ਨੰਬਰ ਵਾਲ਼ੇ ਵਿਦਿਆਰਥੀਆਂ ਨੂੰ ਪਹਿਲੇ ਦਿਨ ਕੌਂਸਲਿੰਗ ਲਈ ਬੁਲਾਇਆ ਗਿਆ ਜਦੋਂ ਕਿ ਇਸ ਤੋਂ ਘੱਟ ਨੰਬਰ ਵਾਲ਼ੇ ਵਿਦਿਆਰਥੀ ਦੂਜੇ ਦਿਨ 13 ਜੂਨ ਨੂੰ ਬੁਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇ ਕੋਈ ਵਿਦਿਆਰਥੀ ਕਿਸੇ ਮਜ਼ਬੂਰੀ ਕਾਰਨ ਪਹਿਲੇ ਦਿਨ ਨਹੀਂ ਆ ਸਕਿਆ ਤਾਂ ਦੂਜੇ ਦਿਨ ਵੀ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲਾ ਸੈੱਲ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਲਈ 'ਹੈਲਪ ਡੈਸਕ' ਵੀ ਲਗਾਇਆ ਗਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਨਵੇਂ ਹੋਣ ਕਾਰਨ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।
  • ਪਟਿਆਲਾ, 7 ਜੂਨ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਈਕੋ ਕਲੱਬ ਵੱਲੋਂ ਅਰਬਨ ਫੁੱਟਬਾਲ ਕਲੱਬ ਚਿਨਾਰ ਬਾਗ ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਤਹਿਤ ਪਿੰਡ ਫਲੌਲੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਯੂਨੀਵਰਸਿਟੀ ਦੇ ਈਕੋ ਕਲੱਬ ਦੇ ਨੋਡਲ ਅਫ਼ਸਰ ਅਤੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ, ਡਾ. ਸੰਦੀਪ, ਡਾ. ਸਿਮਰਨਜੀਤ ਅਤੇ ਡਾ. ਅਭਿਨਵ ਭੰਡਾਰੀ ਦੀ ਅਗਵਾਈ ਵਿੱਚ ਈਕੋ ਕਲੱਬ ਦੇ ਮੈਂਬਰਾਂ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਤੋਂ ਇਲਾਵਾ ਅਰਬਨ ਕਲੱਬ ਦੇ ਲਗਭਗ 100 ਤੋਂ ਵੱਧ ਛੋਟੇ ਬੱਚਿਆਂ ਨੇ ਪਿੰਡ ਵਿਚ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ। ਇਸ ਰੈਲੀ ਵਿੱਚ ਛੋਟੇ ਬੱਚਿਆਂ ਨੂੰ ਸ਼ਾਮਲ ਕਰਨ ਦਾ ਮੰਤਵ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਜਾਗਰੂਕ ਕਰਨਾ ਸੀ ਤਾਂ ਜੋ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਸੰਵੇਦਨਸ਼ੀਲ ਹੋ ਸਕਣ ਅਤੇ ਇਸ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਣ। ਬੱਚਿਆਂ ਨੇ ਇਸ ਰੈਲੀ ਵਿੱਚ ਹਿੱਸਾ ਲੈਂਦੇ ਹੋਏ ਜਿੱਥੇ ਆਪਣੇ ਆਪ ਨੂੰ ਵਾਤਾਵਰਣ ਨਾਲ ਜੋੜਨ ਲਈ ਉਤਸ਼ਾਹ ਦਿਖਾਇਆ ਉੱਥੇ ਨਾਲ ਹੀ ਉਸੇ ਉਤਸ਼ਾਹ ਨਾਲ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕੀਤਾ। ਇਸੇ ਵਿਸ਼ਵ ਵਾਤਾਵਰਣ ਦਿਵਸ ਦੀ ਲੜੀ ਤਹਿਤ ਯੂਨੀਵਰਸਿਟੀ ਦੇ ਈਕੋ ਕਲੱਬ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫਸਰ ਸੰਦੀਪ ਸਿੰਘ ਵਲੋਂ ਸਵੇਰੇ ਪੰਜ ਕਿਲੋਮੀਟਰ ਦੌੜ ਲਗਾ ਕੇ ਰੁੱਖਾਂ ਦੀ ਮਹਤਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗਿਆ । ਪ੍ਰੋਗਰਾਮ ਕੋਆਡੀਨੇਟਰ ਪ੍ਰੋ.ਮਮਤਾ ਸ਼ਰਮਾ ਨੇ ਇਸ ਰੈਲੀ ਰਾਹੀਂ ਬੱਚਿਆਂ ਤੱਕ ਵਾਤਾਵਰਣ ਪ੍ਰਤੀ ਸੁਹਿਰਦ ਰਹਿਣ ਦਾ ਸੁਨੇਹਾ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
  • ਪਟਿਆਲਾ, 31 ਮਈ ਪੰਜਾਬੀ ਯੂਨੀਵਰਸਿਟੀ ਦੇ ਦੋ ਪੈਰਾ ਤੀਰਅੰਦਾਜ਼ ਪੂਜਾ ਅਤੇ ਹਰਵਿੰਦਰ ਸਿੰਘ ਨੇ ਸੋਨੀਪਤ ਵਿਖੇ ਹੋਏ ਤੀਜੇ ਪੈਰਾ-ਓਲਿੰਪਿਕਸ ਟਰਾਇਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੋਹੇਂ ਖਿਡਾਰੀ ਚੈੱਕ ਰਿਪਬਲਿਕ ਵਿਖੇ ਹੋਣ ਵਾਲ਼ੇ ਵਿਸ਼ਵ ਰੈੰਕਿੰਗ ਟੂਰਨਾਮੈਂਟ ਲਈ ਚੁਣੇ ਗਏ ਹਨ। ਯੂਨੀਵਰਸਿਟੀ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਵੱਲੋਂ ਦੋਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੈਰਾ-ਓਲਿੰਪਿਕਸ 2020 ਦੌਰਾਨ ਹਰਵਿੰਦਰ ਸਿੰਘ ਨੇ ਕਾਂਸੀ ਤਗ਼ਮਾ ਜਿੱਤਿਆ ਸੀ ਅਤੇ ਪੂਜਾ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤਗ਼ਮਾ ਹਾਸਿਲ ਹੈ।
  • ਪਟਿਆਲਾ, 30 ਮਈ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਦੇ ਵਿਦਿਆਰਥੀਆਂ ਨੇ ਅੱਜ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਉਪ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਵੋਟਰ ਜਾਗਰੂਕਤਾ 'ਯੂਥ ਚਲਿਆ ਬੂਥ' ਮੁਹਿੰਮ ਤਹਿਤ ਅੱਜ ਸਵੇਰੇ 6 ਵਜੇ ਤੋਂ 7 ਵਜੇ ਤੱਕ ਡੀ ਸੀ ਦਫਤਰ ਤੋਂ ਮਲਟੀ ਪਰਪਜ਼ ਸਕੂਲ ਪਟਿਆਲਾ ਤੱਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਇਸ ਨੂੰ ਏਡੀਸੀ ਪਟਿਆਲਾ ਵਲੋਂ ਹਰੀ ਝੰਡੀ ਦਿੱਤੀ ਗਈ। ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ ਅਤੇ ਡਾ. ਲਖਵੀਰ ਸਿੰਘ ਦੇ ਨਾਲ ਐੱਨ. ਐੱਸ. ਐੱਸ. ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਡਾਕਟਰ ਸੰਦੀਪ ਦੀ ਬੋਰਨ ਰਨਰ ਟੀਮ ਦੇ ਸੰਦੀਪ ਕੁਮਾਰ ਵਰਮਾ, ਜਾਣਵੀ, ਪ੍ਰਣਵ ਤੇ ਗੁਰਮੀਤ ਸਿੰਘ ਨੇ ਵੀ ਭਾਗ ਲਿਆ। ਇਸ ਪੈਦਲ ਯਾਤਰਾ ਦਾ ਮੰਤਵ ਫਸਟ ਟਾਈਮ ਵੋਟਰ ਅਤੇ ਬਾਕੀ ਯੂਥ ਨੂੰ ਪ੍ਰੇਰਿਤ ਕਰਨਾ ਸੀ ਤਾਂਜੋ ਹਰ ਯੂਥ ਆਪਣੇ ਜਮਹੂਰੀ ਹੱਕ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਫਰਜ਼ ਨਿਭਾ ਸਕੇ।
  • ਪਟਿਆਲਾ, 26 ਮਈ ਸਾਹਿਤ ਸਭਾ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਕਾਈ ਟਰੇਲ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਤੇ ਸੰਗੀਤ ਨਾਟਕ ਅਕਾਦਮੀ ਪੁਰਸਕ੍ਰਿਤ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦੇ ਨਾਟਕ 'ਜਾਮ' ਦੀਆਂ ਦੋ ਰੋਜ਼ਾ ਪੇਸ਼ਕਾਰੀਆਂ ਕਰਵਾਈਆਂ ਗਈਆਂ। ਨਾਟਕ ਔਰਤ ਮਰਦ ਦੇ ਰਿਸ਼ਤੇ ਵਿੱਚ ਲੱਗੇ ਭਾਵਨਾਤਮਕ ਜਾਮ ਦੀ ਖੂਬਸੂਰਤ ਪੇਸ਼ਕਾਰੀ ਹੋ ਨਿਬੜਿਆ। ਪਾਲੀ ਭੁਪਿੰਦਰ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਇਹ ਨਾਟਕ ਜਾਮ ਦਾ ਖੂਬਸੂਰਤ ਮੈਟਾਫਰ ਸਿਰਜਦਾ ਹੈ। ਸੜਕ ਤੇ ਲੱਗੇ ਜਾਮ ਦੇ ਮੈਟਾਫ਼ਰ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਆਦਿ ਕਾਲ ਤੋਂ ਹੁਣ ਤੱਕ ਆਜ਼ਾਦੀ ਦੇ ਚੱਕਰਵਿਊ ਨੇ ਔਰਤ ਮਰਦ ਦੇ ਰਿਸ਼ਤੇ ਵਿੱਚ ਦਰਾਰਾਂ ਪੈਦਾ ਕੀਤੀਆਂ ਹਨ ਤੇ ਉਹ ਇੱਕ ਜੁੱਟ ਹੋਣ ਦੀ ਬਜਾਏ ਵਿਰੋਧੀ ਜੁੱਟ ਵਜੋਂ ਆਹਮਣੇ ਸਾਹਮਣੇ ਹੋ ਗਏ ਹਨ। ਜ਼ਿੰਦਗੀ ਦੇ ਜਾਮ ਨੂੰ ਰਲ ਕੇ ਹੀ ਪਾਰ ਕੀਤਾ ਜਾ ਸਕਦਾ ਹੈ। ਪ੍ਰੋ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਬੋਲਦਿਆਂ ਕਿਹਾ ਕਿ ਪਾਲੀ ਭੁਪਿੰਦਰ ਪੰਜਾਬੀ ਦਾ ਸਮਰੱਥ ਨਾਟਕਕਾਰ ਹੈ, ਉਸ ਦੇ ਵਿਸ਼ੇ ਹਮੇਸ਼ਾ ਬਹੁਤ ਹਟ ਕੇ ਹੁੰਦੇ ਹਨ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਕਟਰ ਗੁਰਸੇਵਕ ਲੰਬੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਦੱਸਿਆ ਕਿ ਪਾਲੀ ਭੁਪਿੰਦਰ ਨੇ ਨੌਂ ਸਾਲਾਂ ਬਾਅਦ ਪੰਜਾਬੀ ਰੰਗਮੰਚ ਵਿੱਚ ਵਾਪਸੀ ਕੀਤੀ ਹੈ। ਉਹਨਾਂ ਤੋਂ ਹੋਰ ਚੰਗੇ ਨਾਟਕਾਂ ਦੀ ਆਸ ਰਹੇਗੀ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਪਾਲੀ ਭੁਪਿੰਦਰ ਨੇ ਨਵੀਆਂ ਜੁਗਤਾਂ ਰਾਹੀਂ ਨਵਾਂ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਦੀ ਬੋਲਡ ਭਾਸ਼ਾ ਵਿੱਚ ਪਾਲੀ ਭੁਪਿੰਦਰ ਹੀ ਗੱਲ ਕਰ ਸਕਦਾ ਹੈ। ਪਾਲੀ ਭੁਪਿੰਦਰ ਨੇ ਆਪਣੇ ਅਹਿਸਾਸ ਸਾਂਝੇ ਕਰਦਿਆਂ ਕਿਹਾ ਕਿ ਮੈਂ ਭਾਵੇਂ ਫਿਲਮਾਂ ਅਤੇ ਸੋਸ਼ਲ ਮੀਡੀਆ ਤੇ ਮਸ਼ਰੂਫ ਰਿਹਾ ਹਾਂ ਪਰ ਰੰਗਮੰਚ ਮੇਰੀ ਪਹਿਲੀ ਪਸੰਦ ਹੈ। ਪ੍ਰੋਗਰਾਮ ਦੌਰਾਨ ਰਾਹੁਲ ਦੇਵਗਨ ਤੇ ਹਰਪ੍ਰੀਤ ਦੇਵਗਨ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਕਿਰਪਾਲ ਕਜਾਕ, ਡਾ. ਰਜਿੰਦਰ ਪਾਲ ਬਰਾੜ, ਚਰਨਜੀਤ ਕੌਰ ਡਾ. ਦਰਸ਼ਨ ਆਸਟ ਆਦਿ ਹਾਜ਼ਰ ਸਨ।
  • ਪਟਿਆਲਾ, 1 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਅਕਾਦਮਿਕ ਸੈਸ਼ਨ 2024-25 ਲਈ ਅੰਡਰਗਰੈਜੂਏਟ (ਯੂ.ਜੀ.), ਯੂ.ਜੀ.-ਪੀ.ਜੀ. ਇੰਟੀਗਰੇਟਿਡ ਅਤੇ ਪੋਸਟ ਗਰੈਜੂਏਟ (ਪੀ.ਜੀ.) ਕੋਰਸਾਂ ਦੇ ਦਾਖਲੇ ਸ਼ੁਰੂ ਹੋ ਗਏ ਹਨ। ਚਾਹਵਾਨ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਮੇਨ ਕੈਂਪਸ ਜਾਂ ਪੰਜਾਬੀ ਨੇਬਰਹੁੱਡ ਕੈਂਪਸਾਂ ਅਤੇ ਰਿਜਨਲ ਸੈਂਟਰਾਂ ਵਿੱਚ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਆਨਲਾਈਨ ਪ੍ਰਕਿਰਿਆ ਅਪਣਾਈ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣੀ ਰਹੇ। ਇਸ ਵਾਰ ਦੀ ਖਾਸੀਅਤ ਇਹ ਹੈ ਕਿ ਇਸ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਚਾਰ ਸਾਲਾ ਬੀ.ਏ.-ਬੀ.ਐੱਡ. ਇੰਟੀਗਰੇਟਿਡ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ। ਚਾਹਵਾਨ ਵਿਦਿਆਰਥੀ ਹੋਰ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ http://www.punjabiuniversity.ac.in/ 'ਤੇ ਵੇਖ ਸਕਦੇ ਹਨ। ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀਆਂ ਨਾਲ਼ ਸੰਬੰਧਤ ਪੋਰਟਲ ਤੱਕ ਪਹੁੰਚਿਆ ਜਾ ਸਕਦਾ ਹੈ ਜਿੱਥੋਂ ਹੋਰ ਵਧੇਰੇ ਹਦਾਇਤਾਂ ਜਾਣਨ ਲਈ ਪ੍ਰਾਸਪੈਕਟਸ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵਿਦਿਆਰਥੀ 0175-5136522, 5136390 ਜਾਂ ਵਟ੍ਹਸਐਪ ਨੰਬਰ 8264256390 ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਇਸ ਸੈਸ਼ਨ ਤੋਂ ਹੋਰ ਰਾਜਾਂ ਦੇ ਉਮੀਦਵਾਰ ਵਿਦਿਆਰਥੀਆਂ, ਜਿਨ੍ਹਾਂ ਨੇ ਅੰਡਰਗਰੈਜੂਏਟ ਕੋਰਸਾਂ ਲਈ ਸੀ.ਯੂ.ਈ.ਟੀ. ਦਾਖਲਾ ਟੈਸਟ ਰਾਹੀਂ ਅਪਲਾਈ ਕੀਤਾ ਹੋਵੇ , ਲਈ ਵੀ ਦਾਖਲਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਨੇ ਕਿਹਾ ਕਿ ਕਲਾ ਮਨੁੱਖ ਨੂੰ ਚੰਗਾ ਬਣਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵੱਲੋਂ ਵਿਸ਼ਵ ਡਾਂਸ ਦਿਵਸ ਦੇ ਸੰਬੰਧ ਵਿੱਚ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਕਲਾ ਨਾਲ ਜੁੜੇ ਲੋਕਾਂ ਦੀ ਸ਼ਖ਼ਸੀਅਤ ਹਮੇਸ਼ਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਜੋ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਨਾਚ ਦਿਵਸ ਦੀ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵੱਲੋਂ ਡਾਂਸ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ ਕਲਾਸੀਕਲ ਡਾਂਸ ਕਥਕ, ਪੰਜਾਬੀ ਅਤੇ ਹਰਿਆਣਵੀ ਲੋਕ ਨਾਚ ਸ਼ਾਮਿਲ ਸਨ। ਵਿਭਾਗ ਮੁਖੀ ਡਾ. ਸਿਮੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਵਿਸ਼ਵ ਡਾਂਸ ਦਿਵਸ ਦੇ ਇਤਿਹਾਸਕ ਪੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਆਧੁਨਿਕ ਬੈਲੇ ਦੇ ਪਿਤਾਮਾ ਜੀਨ ਜੌਰਜ ਨੈਵੇਰੇ ਦੇ ਜਨਮ ਦਿਨ 29 ਅਪ੍ਰੈਲ ਨੂੰ 1982 ਤੋਂ ਅੰਤਰਰਾਸ਼ਟਰੀ ਨਾਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਚ ਵਿਭਾਗ ਆਪਣੇ ਸਥਾਪਨਾ ਸਮੇਂ ਤੋਂ ਹੀ ਹਰ ਸਾਲ ਇਸ ਦਿਵਸ ਉੱਤੇ ਪ੍ਰੋਗਰਾਮ ਕਰਵਾਉਂਦਾ ਹੈ। ਉਨਾਂ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਪ੍ਰੋਗਰਾਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਵਿਭਾਗ ਵਿੱਚ ਕੰਮ ਕਰਦੇ ਸਾਰੇ ਗੈਸਟ ਫ਼ੈਕਲਟੀ ਅਧਿਆਪਕ ਖੁਦ ਪੇਸ਼ਕਾਰੀਆਂ ਵਿੱਚ ਸ਼ਾਮਿਲ ਹਨ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਕਿਹਾ ਕਿ ਜਦੋਂ ਕਿਸੇ ਆਦਾਰੇ ਦਾ ਇਤਿਹਾਸ ਸ਼ਾਨਦਾਰ ਰਿਹਾ ਹੋਵੇ ਤਾ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਕ ਸ਼ਾਨਦਾਰ ਵਿਰਾਸਤ ਰਹੀ ਹੈ ਅਤੇ ਇਸ ਨੂੰ ਸੰਭਾਲਣ ਲਈ ਭਵਿੱਖ ਵਿੱਚ ਹੋਰ ਬਿਹਤਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 62 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦਾ ਬੀਜ ਬੀਜਿਆ ਗਿਆ ਸੀ ਅਤੇ ਇਹ ਬੂਟਾ ਹੁਣ ਰੁੱਖ ਬਣ ਗਿਆ ਹੈ। ਇਹ ਹੁਣ ਤੱਕ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਛਾਂ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਉਨ੍ਹਾਂ ਸਾਰੇ ਅਧਿਆਪਕਾਂ, ਖੋਜੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।
  • ਪਟਿਆਲਾ, 29 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ 30 ਅਪ੍ਰੈਲ 2024 ਨੂੰ ਮਨਾਇਆ ਜਾ ਰਿਹਾ ਹੈ। 1961 ਦੇ ਪੰਜਾਬ ਐਕਟ ਨੰ. 35 ਤਹਿਤ 1962 ਵਿੱਚ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਮਿਥਿਆ ਗਿਆ ਸੀ । ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ। ਸਥਾਪਨਾ ਦਿਵਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਮੌਕੇ ਉੱਘੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਮੁੱਖ ਭਾਸ਼ਣ ਦੇਣਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ, ਆਈ. ਏ. ਐੱਸ. ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਜਾਣੇ ਹਨ।
  • ਪਟਿਆਲਾ, 27 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਸ਼ੁਰੂ ਹੋਏ ਪੰਜਾਬ ਇਤਿਹਾਸ ਕਾਨਫ਼ਰੰਸ ਦੇ 54ਵੇਂ ਸੈਸ਼ਨ ਦਾ ਦੂਜਾ ਦਿਨ ਸਫਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ ਵੱਖ ਵੱਖ ਮਾਹਰਾਂ ਵੱਲੋਂ ਆਪਣੇ ਵਿਸ਼ਿਆਂ ਉੱਤੇ ਭਾਸ਼ਣ ਦਿੱਤੇ ਗਏ। ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਇਤਿਹਾਸ ਦੇ ਹਵਾਲੇ ਤੋਂ ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਕਸ਼ਨ ਉਲੀਕੇ ਗਏ ਸਨ। ਵੱਖ ਵੱਖ ਸੈਕਸ਼ਨ ਵਿੱਚ ਕੀਤੀ ਗਈ ਵਿਚਾਰ ਚਰਚਾ ਦੌਰਾਨ ਪੰਜਾਬ ਵਿੱਚ ਖੇਤੀ ਅੰਦੋਲਨਾਂ ਦਾ ਮੁੱਢਲੇ ਦੌਰ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਦੀ ਸਥਿਤੀ ਬਾਰੇ ਗੱਲ ਕੀਤੀ ਗਈ। ਉਲੀਕੇ ਗਏ ਚਾਰੇ ਭਾਗਾਂ ਵਿੱਚ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪੰਜਾਬ ਬਾਰੇ ਲਗਭਗ 40 ਪੇਪਰ ਪੇਸ਼ ਕੀਤੇ ਗਏ।
  • ਪਟਿਆਲਾ, 27 ਅਪ੍ਰੈਲ ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ ਵਲਡ ਕੱਪ ਸਟੇਜ-1 ਵਿੱਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ। ਸੋਨ ਤਗ਼ਮਾ ਜਿੱਤਣ ਵਾਲ਼ੀ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਸ਼ਾਮਿਲ ਹੈ। ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਜੰਮਪਲ ਪਰਨੀਤ ਕੌਰ ਨੇ ਤੀਰਅੰਦਾਜ਼ੀ ਵਲਡ ਕੱਪ ਵਿੱਚ ਇਹ ਪੰਜਵਾਂ ਸੋਨ ਤਗ਼ਮਾ ਜਿੱਤਿਆ ਹੈ। ਉਹ ਹੁਣ ਤੱਕ ਵੀਹ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁਕੀ ਹੈ ਜੋ ਜ਼ਿਆਦਾਤਰ ਸੋਨ ਤਗ਼ਮੇ ਹੀ ਹਨ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚ ਕੈਡਟ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਯੂਥ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਸੀਨੀਅਰ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿੱਚ ਸੋਨ ਤਗ਼ਮਾ,ਵਲਡ ਕੱਪ ਵਿੱਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿੱਚ ਸੋਨ ਤਗ਼ਮਾ ਸ਼ਾਮਿਲ ਹਨ।
  • ਪਟਿਆਲਾ, 26 ਅਪ੍ਰੈਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ. ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਆਪਣੀ ਜ਼ਿੰਮੇਂਵਾਰੀ ਨਿਭਾਅ ਚੁੱਕੇ ਹਨ। ਉਹ ਪ੍ਰੋ. ਅਰਵਿੰਦ ਦੀ ਥਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਹਨ ਜਿਨ੍ਹਾਂ ਦੀ 25 ਅਪ੍ਰੈਲ ਨੂੰ ਤਿੰਨ ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ। ਅੱਜ ਸਵੇਰੇ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਯੂਨੀਵਰਸਿਟੀ ਪਹੁੰਚਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਵਿਭਾਗ ਦੇ ਮੁਖੀਆਂ ਨਾਲ ਵੱਖੋ ਵੱਖਰੀਆਂ ਮੀਟਿੰਗ ਕਰਕੇ ਯੂਨੀਵਰਸਿਟੀ ਦੇ ਕੰਮ ਕਾਜ ਦਾ ਜਾਇਜਾ ਲਿਆ।
  • ਪਟਿਆਲਾ, 25 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਆਪਣੇ ਘਰ ਵਾਂਗ ਹੀ ਲੱਗੀ ਹੈ ਅਤੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਸਣੇ ਸਾਰੇ ਵਰਗਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਦੇ ਕਾਰਨ ਹੀ ਉਹ ਯੂਨੀਵਰਸਿਟੀ ਵਿੱਚ ਆਪਣੀ ਭੂਮਿਕਾ ਨਿਭਾ ਸਕੇ ਹਨ। ਉਹ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਉਪਰੰਤ ਸਨਮਾਨ ਵਿੱਚ ਦਿੱਤੀ ਗਈ ਵਿਦਾਇਗੀ ਪਾਰਟੀ ਦੇ ਮੌਕੇ ਸੰਬੋਧਨ ਕਰ ਰਹੇ ਸਨ। ਪ੍ਰੋ. ਅਰਵਿੰਦ ਨੇ ਆਪਣੇ ਦਿਲੀ ਭਾਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਈ. ਆਈ. ਟੀ. ਚੇਨੱਈ ਜਿਹੇ ਦੇਸ਼ ਦੇ ਵੱਕਾਰੀ ਅਦਾਰੇ ਵਿੱਚ ਨੌਕਰੀ ਕਰਦਿਆਂ ਹਮੇਸ਼ਾ ਪੰਜਾਬ ਆਉਣ ਲਈ ਤਾਂਘਦੇ ਸਨ। ਇਸੇ ਖਿੱਚ ਕਾਰਨ ਹੀ ਉਹ ਆਇਸਰ ਮੋਹਾਲੀ ਆਏ ਸਨ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਸਾਲ ਬਿਤਾ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਹੀ ਮੁੜ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਬਹੁਤ ਹੀ ਵਿਲੱਖਣ ਕਿਸਮ ਦਾ ਅਦਾਰਾ ਹੈ ਜਿਸ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੇ ਉਨ੍ਹਾਂ ਨੂੰ ਹਰ ਮੁੱਦੇ ਉੱਤੇ ਬੇਬਾਕੀ ਨਾਲ਼ ਆਪਣੀ ਗੱਲ ਰੱਖਣ ਦਾ ਮੰਚ ਪ੍ਰਦਾਨ ਕੀਤਾ। ਇੱਥੇ ਵਿਚਰਦਿਆਂ ਉਨ੍ਹਾਂ ਖੁੱਲ੍ਹ ਕੇ ਨਵੀਂ ਸਿੱਖਿਆ ਨੀਤੀ, ਰੈਂਕਿੰਗ ਪ੍ਰਣਾਲ਼ੀਆਂ ਅਤੇ ਯੂ.ਜੀ.ਸੀ. ਵਰਗੇ ਅਦਾਰਿਆਂ ਦੀਆਂ ਖਾਮੀਆਂ ਬਾਰੇ ਨਿਰਭੈ ਹੋ ਕੇ ਬੋਲੇ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਾਨੂੰ ਬੇਬਾਕੀ ਨਾਲ਼ ਆਪਣੀ ਗੱਲ ਰੱਖਣਾ ਸਿਖਾਉਂਦੀ ਹੈ। ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਯੂਨੀਵਰਸਿਟੀ ਜਿਹੇ ਅਦਾਰੇ ਆਪਣੇ ਵਿੱਤੀ ਅਤੇ ਪ੍ਰਬੰਧਨੀ ਕਾਰਨਾਂ ਕਰ ਕੇ ਸਰਕਾਰਾਂ ਅਤੇ ਕੇਂਦਰੀ ਰੈਗੂਲੇਟਰੀ ਅਦਾਰਿਆਂ ਨਾਲ਼ ਜੁੜੇ ਹੁੰਦੇ ਹਨ ਪਰ ਇਨ੍ਹਾਂ ਅਦਾਰਿਆਂ ਨੂੰ ਆਪਣੀ ਅਕਾਦਮਿਕ ਅਜ਼ਾਦੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਪਾਠਕ੍ਰਮਾਂ ਦੇ ਨਿਰਧਾਰਣ ਤੋਂ ਲੈ ਕੇ ਹੋਰ ਵੱਖ-ਵੱਖ ਅਕਾਦਮਿਕ ਸਰਗਰਮੀਆਂ ਵਿੱਚ ਯੂਨਵਿਰਸਿਟੀਆਂ ਨੂੰ ਆਪਣੀ ਇਸ ਅਜ਼ਾਦੀ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਨੂੰ ਇਹੋ ਸਿਖਾਉਂਦੀ ਹੈ। ਨਾਲ਼ ਹੀ ਉਨ੍ਹਾਂ ਭਵਿੱਖ ਵਿੱਚ ਖੋਜ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗ਼ੈਰ-ਮਿਆਰੀ ਖੋਜ ਸਮਾਜ ਦਾ ਉਲਟਾ ਨੁਕਸਾਨ ਹੀ ਕਰਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਵਿੱਚ ਉਨ੍ਹਾਂ ਦੀ ਮਦਦ ਕੀਤੀ।
  • ਪਟਿਆਲਾ, 24 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਲੋਕ ਪੰਜਾਬੀ ਯੂਨੀਵਰਸਿਟੀ ਦੇ ਨਾਲ਼ ਖੜ੍ਹੇ ਰਹਿਣਗੇ ਓਨਾ ਚਿਰ ਇਸ ਦਾ ਭਵਿੱਖ ਰੌਸ਼ਨ ਰਹੇਗਾ ਅਤੇ ਇਸ ਨੂੰ ਕੋਈ ਵੀ ਖਤਰਾ ਪੈਦਾ ਨਹੀਂ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੀ 10ਵੀਂ 'ਅਲੂਮਨੀ ਮੀਟ' ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਹੀ ਨਹੀਂ ਬਲਕਿ ਜਿੱਥੇ-ਜਿੱਥੇ ਵੀ ਪੰਜਾਬੀ ਬੋਲਦੇ ਲੋਕ ਵਸਦੇ ਹਨ, ਉਹ ਪੰਜਾਬ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਵਿਖੇ ਆਪਣੇ ਤਿੰਨ ਸਾਲ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਵਿਲੱਖਣ ਕਿਸਮ ਦੀ ਯੂਨੀਵਰਸਿਟੀ ਹੈ ਜੋ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਦਰਜਾਬੰਦੀਆਂ ਬਣਾਉਂਦੇ ਸਮੇਂ ਜੇ ਪੇਂਡੂ, ਲੜਕੀਆਂ, ਪੱਛੜੇ ਵਰਗਾਂ ਆਦਿ ਨੂੰ ਸਿੱਖਿਆ ਦੇਣ ਦਾ ਮਾਪਦੰਡ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਸੰਸਾਰ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਵਿੱਚ ਆਪਣੀ ਗੱਲ ਖੁੱਲ੍ਹ ਕੇ ਰੱਖਣ ਦੀ ਅਜ਼ਾਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੰਦੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਅਜਿਹੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਉਠਾਏ ਗਏ ਵੱਖ-ਵੱਖ ਕਦਮਾਂ ਦਾ ਜਿ਼ਕਰ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਧਾਉਣ ਲਈ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਹਾਲਤ ਵਿੱਚ ਹੋਏ ਸੁਧਾਰ ਦਾ ਹੀ ਨਤੀਜਾ ਹੈ ਕਿ ਇਸ ਵੇਲ਼ੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਬਕਾਇਆ ਨਹੀਂ।
  • ਪਟਿਆਲਾ, 19 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਲਈ ਮਨੁੱਖੀ ਸੋਚ ਵਿੱਚ ਪਰਿਵਰਤਨ ਲਿਆਂਦੇ ਜਾਣ ਦੀ ਜ਼ਰੂਰਤ ਹੈ। ਅੱਜ ਕਲਾ ਭਵਨ ਵਿਖੈ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਪੁਸਤਕ ‘ਧਰਤੀ ਦੀ ਵਾਰ’ `ਤੇ ਚਰਚਾ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਜੇ ਅਸੀਂ ਪਾਣੀ, ਧਰਤੀ ਅਤੇ ਹਵਾ ਨੂੰ ਹੋ ਰਹੀ ਦੁਰਦਸ਼ਾ ਤੋਂ ਨਾ ਬਚਾਇਆ ਤਾਂ ਧਰਤੀ ਤੋਂ ਵਿਕਸਿਤ ਜੀਵਾਂ ਦਾ ਅੰਤ ਤਾਂ ਹੋ ਹੀ ਜਾਵੇਗਾ। ਪੁਸਤਕ ਦੇ ਹਵਾਲੇ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਨੁੱਖ ਅਤੇ ਇਸ ਵਰਗੇ ਹੋਰ ਜੀਵ ਸਿਰਫ਼ ਸੁੰਤਲਿਤ ਵਾਤਾਵਰਣ ਵਾਲ਼ੇ ਮਾਹੌਲ ਵਿੱਚ ਹੀ ਜਿਉਂਦੇ ਰਹਿ ਸਕਦੇ ਹਨ। ਇਸ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਇਸ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ। ਪੁਸਤਕ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਸ ਵਿੱਚ ‘ਵਾਰ’ ਵਰਗੀ ਪੁਰਾਣੀ ਵਿਧਾ ਨੂੰ ਲੇਖਕ ਨੇ ਆਪਣੀ ਗੱਲ ਕਹਿਣ ਦੇ ਮਾਧਿਅਮ ਵਜੋਂ ਚੁਣਿਆ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ 12 ਅਪ੍ਰੈਲ 2024 ਨੂੰ ਹੋਈ ਜਨਰਲ ਬਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਅਗਲੀ 2 ਸਾਲ ਲਈ ਸ੍ਰ ਰਾਜਿੰਦਰ ਸਿੰਘ ਜੋਸਨ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਸ੍ਰ ਜਸਪਾਲ ਸਿੰਘ ਕੋਛੜ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹਨਾਂ ਨੇ ਸ਼੍ਰੀ ਰਾਜਿੰਦਰ ਕੁਮਾਰ ਰੋਹੀਲਾ , ਸਹਾਇਕ ਰਜਿਸਟਰਾਰ (ਰਿਟਾਇਰਡ) ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹਿਤ ਕਰਵਾਈ ਜਾ ਰਹੀ ‘ਅਲੂਮਨੀ ਮੀਟ’ ਨੂੰ ਪੂਰੀ ਤਰ੍ਹਾਂ ਯਾਦਗਾਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਹਫ਼ਤੇ ਆਨਲਾਈਨ ਅਤੇ ਅਗਲੇ ਹਫ਼ਤੇ ਆਫਲਾਈਨ ਕਰਵਾਈ ਜਾ ਰਹੀ ਅਲੂਮਨੀ ਮੀਟ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਨਾਲ਼ ਭਾਵੁਕ ਸਾਂਝਾਂ ਜੁੜੀਆਂ ਹੁੰਦੀਆਂ ਹਨ। ਇਸ ਕਰ ਕੇ ਇਸ ਦੇ ਪ੍ਰਬੰਧ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਨੇ ਇਸ ਵਿੱਚ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਜਿ਼ਕਰਯੋਗ ਹੈ ਕਿ ਆਨਲਾਈਨ ਅਲੂਮਨੀ ਮੀਟ 20 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਦੇਸ਼ਾਂ ਅਤੇ ਦੂਰ ਦਰਾਜ ਵਿੱਚ ਰਹਿਣ ਵਾਲ਼ੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਿੱਸਾ ਲੈ ਸਕਣਗੇ। ਆਫ਼ਲਾਈਨ ਅਲੂਮਨੀ ਮੀਟ 24 ਅਪ੍ਰੈਲ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਈ ਜਾਵੇਗੀ। ਇਸ ਦੌਰਾਨ ਇੱਕ ਸੱਭਿਆਚਾਰਿਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਕਸੌਲੀ ਦੀ ਯਾਤਰਾ ਕਰਵਾਈ ਗਈ। ਵਿਭਾਗ ਦੇ ਅਧਿਆਪਕਾਂ ਡਾ. ਮੁਖਦੀਪ ਸਿੰਘ ਮਾਨਸ਼ਾਹੀਆ ਅਤੇ ਡਾ. ਰੁਪਾਲੀ ਨੇ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਸੌਲੀ ਅਤੇ ਇਸ ਦੇ ਨੇੜਲੀਆਂ ਥਾਵਾਂ ਤੋਂ ਇਲਾਵਾ ਰਸਤੇ ਵਿੱਚ ਆਉਣ ਵਾਲੇ ਵੱਖ-ਵੱਖ ਸਥਾਨਾਂ ਉੱਤੇ ਵੀ ਆਨੰਦ ਮਾਣਿਆ। ਯਾਤਰਾ ਦੌਰਾਨ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ। ਵਿਭਾਗ ਮੁਖੀ ਡਾ. ਪਰਵੀਨ ਲਤਾ ਵੱਲੋਂ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ਗਈ। ਇਸ ਯਾਤਰਾ ਦਾ ਪ੍ਰਬੰਧ ਵਿਭਾਗ ਦੇ ‘ਯੁਵਾ ਟੂਰਿਜ਼ਮ ਕਲੱਬ’ ਵੱਲੋਂ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਪੰਜਾਬੀ ਗ਼ਜ਼ਲਗੋ ਡਾ. ਸ਼ਮਸ਼ੇਰ ਮੋਹੀ ਦਾ ਰੂ-ਬ-ਰੂ ਕਰਵਾਇਆ ਗਿਆ। ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਏ ਇਸ ਸਮਾਗਮ ਵਿੱਚ ਡਾ. ਸ਼ਮਸ਼ੇਰ ਮੋਹੀ ਨੇ ਆਪਣੇ ਨਿੱਜੀ ਜੀਵਨ, ਗ਼ਜ਼ਲ ਸਿਰਜਣ ਪ੍ਰਕਿਰਿਆ ਅਤੇ ਖੋਜ-ਅਲੋਚਨਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਗ਼ਜ਼ਲ ਨਾਲ਼ ਸੰਬੰਧਤ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਡਾ. ਸ਼ਮਸ਼ੇਰ ਮੋਹੀ ਪੰਜਾਬੀ ਦਾ ਇੱਕ ਸਮਰੱਥ ਗ਼ਜ਼ਲਕਾਰ ਹੈ। ਉਹ ਗ਼ਜ਼ਲ ਦੇ ਉਨ੍ਹਾਂ ਚੰਦ ਸ਼ਾਇਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਨਵੇਂ ਨਕਸ਼ ਪ੍ਰਦਾਨ ਕੀਤੇ ਹਨ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਭਾਗ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਬਾਕੀ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਵਾਗਤੀ ਭਾਸ਼ਣ ਦਿੱਤਾ। ਮੰਚ ਸੰਚਾਲਨ ਦਾ ਕਾਰਜ ਵਿਭਾਗ ਦੇ ਅਧਿਆਪਕ ਡਾ. ਮੋਹਨ ਤਿਆਗੀ ਨੇ ਕੀਤਾ।
  • ਪਟਿਆਲਾ, 17 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਦੇਵਦਰਸ਼ ਸਿੰਘ ਨੂੰ ਸਿਵਿਲ ਸਰਵਿਸਜ਼ ਪ੍ਰੀਖਿਆ 2023 ਵਿੱਚ ਬਾਜ਼ੀ ਮਾਰਨ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਐਲਾਨਦਿਆਂ ਕਿਹਾ ਕਿ ਅਜਿਹਾ ਹੋਣ ਨਾਲ਼ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਅਦਾਰੇ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਦੇ ਪ੍ਰਮਾਣ ਬਣਦੀਆਂ ਹਨ। ਅਦਾਰਾ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਉੱਤੇ ਸਦਾ ਹੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਦੇਵਦਰਸ਼ ਸਿੰਘ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਰਿਵਾਰ ਵਿੱਚ ਇਹ ਪ੍ਰਾਪਤੀ ਹੋਰ ਵੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਉਸ ਦੇ ਮਾਪੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਦੋਨੋਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਰਹੇ ਹਨ। ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਕਾਦਮਿਕ ਮਾਹੌਲ ਦਾ ਵੀ ਭਰਪੂਰ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਦੇਵਦਰਸ਼ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਤੋਂ ਹੀ ਹਾਸਲ ਕੀਤੀ ਹੈ। ਉਹ ਅੱਠਵੀਂ ਜਮਾਤ ਤੱਕ ਇੱਥੇ ਪੜ੍ਹਦੇ ਰਹੇ ਹਨ। ਯੂਨੀਵਰਸਿਟੀ ਦੀ ਲਾਇਬਰੇਰੀ, ਰੀਡਿੰਗ ਰੂਮ ਅਤੇ ਕੈਂਪਸ ਦੀਆਂ ਹੋਰ ਵੱਖ-ਵੱਖ ਥਾਵਾਂ ਉੱਤੇ ਵਿਚਰਦਿਆਂ ਦੇਵਦਰਸ਼ ਨੂੰ ਗਹਿਨ ਅਧਿਐਨ ਕਰਨ ਦੀ ਚੇਟਕ ਲੱਗੀ ਹੈ ਜਿਸ ਸਦਕਾ ਉਹ ਮੁਕਾਮ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕੇ। ਵਰਨਣਯੋਗ ਹੈ ਕਿ ਆਲ ਇੰਡੀਆ 340ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲ਼ੇ ਦੇਵਦਰਸ਼ ਸਿੰਘ 2020 ਬੈਚ ਦੇ ਪੀ.ਸੀ.ਐੱਸ. ਅਫ਼ਸਰ ਹਨ ਜੋ ਕਿ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਵਿਖੇ ਸਕੱਤਰ (ਪ੍ਰੀਖਿਆਵਾਂ) ਵਜੋਂ ਕਾਰਜਸ਼ੀਲ ਹਨ।
  • ਪਟਿਆਲਾ, 16 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਕੀਤੇ ਜਾਣ ਨਾਲ ਹੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਵਿਕਸਤ ਨਾ ਹੋਈ ਹੋਣ ਦਾ ਬਹਾਨਾ ਛੱਡਣਾ ਚਾਹੀਦਾ ਹੈ ਅਤੇ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅੰਗੇਰਜ਼ੀ ਵਿਭਾਗ ਵੱਲੋਂ ਆਰੰਭ ਕੀਤੀ ਗਈ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਲੜੀ ਦੇ ਪਹਿਲੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਅਰਵਿੰਦ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਘੇ ਫਿਲਮੀ ਕਾਲਾਕਾਰ ਅਤੇ ਸਾਹਿਤਕਾਰ ਬਲਰਾਜ ਸਾਹਨੀ ਨੇ ਆਪਣੀ ਮਾਂ ਭਾਸ਼ਾ ਵੱਲ ਮੋੜਾ ਕੱਟ ਕੇ ਉਚਕੋਟੀ ਦਾ ਸਾਹਿਤ ਲਿਖਿਆ ਜਿਸ ਦੀ ਅੱਜ ਵੀ ਬਹੁਤ ਪ੍ਰਸੰਗਿਕਤਾ ਹੈ। ਬਲਰਾਜ ਸਾਹਨੀ ਦੀ ਰਬਿੰਦਰ ਨਾਥ ਟੈਗੋਰ ਨਾਲ ਹੋਈ ਮੁਲਾਕਾਤ ਜ਼ਿਕਰ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਰਬਿੰਦਰ ਨਾਥ ਟੈਗੋਰ ਦੀ ਪ੍ਰੇਰਣਾ ਸਦਕਾ ਹੀ ਬਲਰਾਜ ਸਾਹਨੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਲਰਾਜ ਸਾਹਨੀ ਨੇ ਵੀ ਇਸ ਮੁੁਲਾਕਾਤ ਦੌਰਾਨ ਰਬਿੰਦਰ ਨਾਲ ਟੈਗੋਰ ਨੂੰ ਪੰਜਾਬੀ ਭਾਸ਼ਾ ਦੇ ਘੱਟ ਵਿਕਸਤ ਹੋਣ ਦਾ ਤਰਕ ਦਿੱਤਾ ਸੀ ਪਰ ਰਬਿੰਦਰ ਨਾਲ ਟੈਗੋਰ ਵੱਲੋਂ ਆਪਣੀ ਗੱਲ ਠੋਸ ਤਰੀਕੇ ਨਾਲ ਰੱਖਣ ਕਰਕੇ ਬਲਰਾਜ ਸਾਹਨੀ ਨੇ ਮਾਂ ਭਾਸ਼ਾ ਵੱਲ ਮੋੜਾ ਕੱਟਿਆ ਅਤੇ ਵਧੀਆ ਸਾਹਿਤ ਦੀ ਸਿਰਜਣਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਰਾਹੀਂ ਹੀ ਆਪਣੇ ਭਾਵਾਂ ਨੂੰ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ।
  • ਪਟਿਆਲਾ, 15 ਅਪ੍ਰੈਲ ਖਤਰਨਾਕ ਸੋਫਟਵੇਅਰ ਰੈਨਸਮ ਵੇਅਰ ਦੇ ਨਾਲ ਨਿਪਟਣ ਲਈ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੋਜਾਰਥੀ ਭਗਵੰਤ ਸਿੰਘ ਅਤੇ ਸਹਾਇਕ ਪ੍ਰੋਫੈਸਰ, ਡਾਕਟਰ ਸਿਕੰਦਰ ਸਿੰਘ ਚੀਮਾ ਨੇ ਇੱਕ ਡਿਜ਼ਾਇਨ ਨੂੰ ਪੇਟੈਂਟ ਕਰਾਇਆ ਹੈ। ਇਹ ਡਿਜ਼ਾਇਨ ਯੰਤਰ ਰੈਨਸਮ ਵੇਅਰ ਹਮਲੇ ਨੂੰ ਰੋਕਦਾ ਹੈ, ਉਸ ਬਾਰੇ ਜਾਣਕਾਰੀ ਲੈਂਦਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਰੈਨਸਮ ਵੇਅਰ ਇੱਕ ਖਤਰਨਾਕ ਸੋਫਟਵੇਅਰ ਹੈ, ਜੋ ਕਿ ਕੰਪਿਊਟਰ ਵਿੱਚਲੀਆ ਫਾਈਲਾਂ ਅਤੇ ਡਾਟਾ ਨੂੰ ਇਨਕ੍ਰਿਪਟ ਕਰ ਦਿੰਦਾ ਹੈ। ਰੈਨਸਮ ਵੇਅਰ ਫਾਈਲਾਂ ਤੇ ਡਾਟਾ ਨੂੰ ਨਾ ਵਰਤਨਯੋਗ ਬਨਾਉਂਦਾ ਹੈ। ਜੇਕਰ ਉਪਭੋਗਤਾ ਨੂੰ ਆਪਣਾ ਡੇਟਾ ਜਾਂ ਆਪਣੀਆਂ ਫਾਈਲਾਂ ਚਾਹੀਦੀਆਂ ਹਨ ਤਾਂ ਉਸ ਨੂੰ ਰੈਨਸਮ ਵੇਅਰ ਨਾਮ ਦਾ ਵਾਇਰਸ ਨੂੰ ਹਟਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਰੈਨਸਮ ਵੇਅਰ ਇੱਕ ਬਹੁਤ ਹੀ ਘਾਤਕ ਸੋਫਟਵੇਅਰ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੇ ਵੱਡੇ ਜਾਂ ਛੋਟੇ ਕੰਪਿਊਟਰ ਨੂੰ ਖਰਾਬ ਕਰ ਦਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੰਪਿਊਟਰ ਦਾ ਅਸਲ ਮਾਲਕ ਆਪਣੀ ਕਿਸੇ ਵੀ ਫਾਈਲ ਜਾਂ ਡੇਟਾ ਨੂੰ ਵਰਤ ਨਹੀਂ ਸਕਦਾ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰੈਨਸਮ ਵੇਅਰ ਸਾਰੀਆਂ ਹੀ ਫਾਈਲਾਂ ਦੀ ਐਕਸਟੈਂਸ਼ਨ ਬਦਲ ਦਿੰਦਾ ਹੈ। ਰੈਨਸਮ ਵੇਅਰ ਇੱਕ ਬਹੁਤ ਹੀ ਤੇਜ ਨਾਲ ਫੈਲਣ ਵਾਲਾ ਸੋਫਟਵੇਅਰ ਜਾਂ ਵਾਇਰਸ ਹੈ ਅਤੇ ਇਹ ਦੁਨੀਆ ਭਰ ਦੇ ਵਿਦਿਆਰਥੀ, ਖੋਜਾਰਥੀਆਂ, ਅਤੇ ਸੰਸਥਾਵਾਂ ਲਈ ਬਹੁਤ ਹੀ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਯੰਤਰ ਦਾ ਡਿਜ਼ਾਇਨ ਪੇਟੈਂਟ ਕਰਵਾਇਆ ਹੈ ਜਿਹੜਾ ਯੰਤਰ ਰੈਨਸਮ ਵੇਅਰ ਦੇ ਹਮਲੇ ਨੂੰ ਰੋਕਦਾ ਹੈ, ਤੇ ਉਸ ਬਾਰੇ ਜਾਣਕਾਰੀ ਲੈਂਦਾ ਹੈ। ਇਹ ਰੈਨਸਮ ਵੇਅਰ ਹਮਲੇ ਦੀ ਜਾਣਕਾਰੀ ਉਪਭੋਗਤਾ ਨੂੰ ਦਿੰਦਾ ਹੈ। ਇਹ ਯੰਤਰ ਕੰਪਿਊਟਰ ਖਰਾਬ ਹੋਣ ਤੋਂ ਬਾਅਦ ਉਪਭੋਗਤਾ ਨੂੰ ਬਚਾਵ ਕਾਰਜਾਂ ਬਾਰੇ ਦੱਸਦਾ ਹੈ। ਇਹ ਕੰਪਿਊਟਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਭਵਿਖ ਵਿਚ ਕੋਈ ਉਸ ਕੰਪਿਊਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਹਮਲੇ ਨੂੰ ਰੋਕਣ ਵਿਚ ਇਹ ਯੰਤਰ ਮਦਦ ਕਰੇਗਾ।
  • ਪਟਿਆਲਾ, 15 ਅਪ੍ਰੈਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਸੈਸ਼ਨ 2024-25 ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਨੂੰ 50 ਵਿਦਿਆਰਥੀਆਂ ਦੇ ਦਾਖਲੇ ਨਾਲ਼ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਈ.), ਨਵੀਂ ਦਿੱਲੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ। ਜਿ਼ਕਰਯੋਗ ਹੈ ਕਿ ਆਈ.ਟੀ.ਈ.ਪੀ. ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਐੱਨ. ਸੀ. ਟੀ. ਈ. ਦਾ ਫਲੈਗਸਿ਼ਪ ਪ੍ਰੋਗਰਾਮ ਹੈ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਵਿਦਿਆਰਥੀ ਇਸ ਵਿੱਚ ਦਾਖਲਾ ਲੈ ਕੇ ਇੱਕ ਸਾਲ ਦੀ ਬੱਚਤ ਕਰ ਸਕਣਗੇ ਕਿਉਂਕਿ ਉਹ ਕੋਰਸ ਨੂੰ ਚਾਰ ਸਾਲਾਂ ਵਿੱਚ ਪੂਰਾ ਕਰ ਲੈਣਗੇ। ਮੌਜੂਦਾ ਬੀ.ਐੱਡ ਅਨੁਸਾਰ ਪੰਜ ਸਾਲ ਦੇ ਸਮੇਂ ਦੀ ਲੋੜ ਹੈ।
  • ਪਟਿਆਲਾ, 3 ਮਾਰਚ- ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਆਪਣੇ ਵੱਖ-ਵੱਖ ਕੋਰਸਾਂ, ਸਹੂਲਤਾਂ ਅਤੇ ਸੇਵਾਵਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ 'ਇੰਡਕਸ਼ਨ ਪ੍ਰੋਗਰਾਮ' ਕਰਵਾਇਆ ਜਾ ਰਿਹਾ ਹੈ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਪ੍ਰਵਾਨਿਤ ਬੀ.ਏ., ਬੀ.ਲਿਬ., ਬੀ.ਕਾਮ ਅਤੇ ਐੱਮ.ਏ. ਅੰਗਰੇਜ਼ੀ, ਐੱਮ.ਏ. ਐਜੂਕੇਸ਼ਨ, ਐੱਮ.ਬੀ.ਏ. ਅਤੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪਹਿਲੇ ਸਾਲ (ਸਮੈਸਟਰ ਪਹਿਲਾ) ਦੇ ਦਾਖਲੇ ਇਨ੍ਹੀਂ ਦਿਨੀਂ ਕੇਂਦਰ ਵਿਖੇ ਜਾਰੀ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲੇ 31 ਮਾਰਚ 2024 ਤੱਕ ਹੋਣਗੇ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ www.pbidde.org 'ਤੇ ਦਿੱਤੀ ਗਈ ਹੈ।
  • ਪਟਿਆਲਾ, 1 ਮਾਰਚ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਸੰਤ ਰਾਗ ਦਰਬਾਰ ਤਹਿਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਬੀਬੀ ਸਤਵੰਤ ਕੌਰ ਅਤੇ ਭਾਈ ਗੁਰਸੇਵਕ ਸਿੰਘ ਦੇ ਜੱਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਦੇ ਮੋਢੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਰਣਨਯੋਗ ਹੈ ਕਿ ਬੀਬੀ ਜੀ ਦੇ ਵਿੱਤੀ ਸਹਿਯੋਗ ਨਾਲ ਵਿਸ਼ਵ ਵਿਚ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿਖੇ ‘ਗੁਰਮਤਿ ਸੰਗੀਤ ਚੇਅਰ’ ਦੀ ਸਥਾਪਨਾ 2003 ਵਿਚ ਕੀਤੀ ਗਈ ਸੀ। ਸਮਾਰੋਹ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਸ. ਅਮਰਜੀਤ ਸਿੰਘ ਘੁੰਮਣ, ਚੀਫ਼ ਸੁਰੱਖਿਆ ਅਫ਼ਸਰ, ਡਾ. ਨਿਵੇਦਿਤਾ ਸਿੰਘ, ਡਾ. ਜਤਿੰਦਰ ਸਿੰਘ ਮੱਟੂ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵੱਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
  • ਪਟਿਆਲਾ, 28 ਫਰਵਰੀ ‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਪਾਵੇ।’’ ਇਹ ਵਿਚਾਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਪੀ-ਐੱਚ.ਡੀ. ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਚਰਿੱਤਰ ਹੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਵਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੇ ਨਿਰਮਾਣ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਪਾਸਾਰ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਚਿੰਤਨ ਪੱਖੋ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜੀਵਨ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਸਾਦੀ ਅਤੇ ਇਮਾਨਦਾਰੀ ਭਰਪੂਰ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
  • ਪਟਿਆਲਾ, 27 ਫਰਵਰੀ- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਕਮਲਜੀਤ ਸਿੰਘ ਟਿੱਬਾ ਦੀ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ 'ਪੰਜਾਬੀ ਗੀਤ ਸ਼ਾਸਤਰ' 'ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ ਚਰਚਾਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਹੋਈ। ਇਹ ਪੁਸਤਕ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਖੋਜ ਪ੍ਰੋਜੈਕਟ ਸੀ ਜਿਸ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ। ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਸਮੀ ਸਵਾਗਤ ਕੀਤਾ ਗਿਆ।
  • ਪਟਿਆਲਾ, 26 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਲੜੀ ਵਿੱਚ ਪ੍ਰੋ. ਵੰਦਨਾ ਸ਼ਰਮਾ ਦਾ ਭਾਸ਼ਣ ਕਰਵਾਇਆ ਗਿਆ। ਉਨ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾਉਣ ਸੰਬੰਧੀ ਵੱਖ-ਵੱਖ ਮਨੋਵਿਗਿਆਨਕ ਤਕਨੀਕਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਕਿਰਤ ਅਤੇ ਮਿਹਨਤ ਕਰਨ ਨਾਲ਼ ਸਿਰਫ਼ ਸਰੀਰਿਕ ਸਿਹਤ ਹੀ ਤੰਦਰੁਸਤ ਨਹੀਂ ਰਹਿੰਦੀ ਬਲਕਿ ਮਾਨਸਿਕ ਸਿਹਤ ਵੀ ਦਰੁਸਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਚੇ ਮਨੋਂ ਆਪਣੇ ਕੰਮ ਅਤੇ ਰੁਝੇਵਿਆਂ ਵਿੱਚ ਜੁਟ ਕੇ ਰਹਿਣਾ ਚਾਹੀਦਾ ਹੈ ਜਿਸ ਨਾਲ਼ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
  • ਪਟਿਆਲਾ, 24 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਿਲੌਂਗ, ਕੋਹਿਮਾ ਅਤੇ ਮਿਜ਼ੋਰਮ ਵਿੱਚ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ਿਲੌਂਗ ਵਿਖੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਇੱਕ ਸੋਨ ਤਗ਼ਮਾ ਇੱਕ ਚਾਂਦੀ ਤਗ਼ਮਾ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਯੂਨੀਵਰਸਿਟੀ ਤੋਂ ਤੀਰਅੰਦਾਜ਼ ਪਵਨ ਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਰਿਕਵਰ ਪੁਰਸ਼ ਟੀਮ, ਜਿਸ ਵਿੱਚ ਜਸਵਿੰਦਰ, ਰੌਬਿਨ, ਦਲੀਪ ਅਤੇ ਪਵਨ ਸ਼ਾਮਿਲ ਸਨ, ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਰਿਕਵਰ ਮਹਿਲਾ ਟੀਮ, ਜਿਸ ਵਿੱਚ ਕਿ ਤਨੀਸ਼ਾ ਵਰਮਾ, ਗੁਰਮੇਹਰ ਕੌਰ, ਹਰਪ੍ਰੀਤ ਕੌਰ ਅਤੇ ਸ਼ਵੇਤਾ ਸ਼ਾਮਿਲ ਸਨ, ਕਾਂਸੀ ਦਾ ਤਗਮਾ ਜਿੱਤਿਆ। ਜਸਵਿੰਦਰ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਨੀਵਰਸਿਟੀ ਦੀ ਕੰਪਾਊਂਡ ਮਿਕਸ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਿਆ ਨੇ ਚੌਥਾ ਸਥਾਨ ਹਾਸਲ ਕੀਤਾ।
  • ਪਟਿਆਲਾ 23 ਫਰਵ- ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਮਦਦ ਨਾਲ ਖਰੀਦੀ ਗਈ ਬੱਸ ਨੂੰ ਅੱਜ ਸਾਦੇ ਪ੍ਰਭਾਵੀ ਸਮਾਗਮ ਦੌਰਾਨ ਹਰੀ ਝੰਡੀ ਦਿੱਤੀ। ਇਹ ਬੱਸ ਯੂਨੀਵਰਸਿਟੀ ਦੇ ਫਿਜੀਓਥਰੈਪੀ ਵਿਭਾਗ ਦੀਆਂ ਲੋੜਾਂ ਵਾਸਤੇ ਖਰੀਦੀ ਗਈ ਹੈ। ਫਿਜੀਓਥਰੈਪੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਬੱਸ 19,06,322 ਰੁਪਏ ਦੀ ਖਰੀਦੀ ਗਈ ਹੈ। ਇਸ ਵਾਸਤੇ ਐਸ.ਬੀ.ਆਈ. ਵੱਲੋਂ 15 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਬੱਸ ਫਿਜੀਓਥਰੈਪੀ ਕੈਂਪਾਂ ਅਤੇ ਵਿਭਾਗ ਦੀਆਂ ਲੋੜਾਂ ਲਈ ਮਦਦਗਾਰ ਹੋਵੇਗੀ।
  • ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਐਨ.ਐਸ.ਐਸ. ਵਲੰਟਰੀਆਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਵਾਲੇ ਹੋਰਨਾ ਕਾਰਜਾਂ ਨਾਲ ਵੀ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਪੌਦੇ ਲਾਉਣ, ਨਸ਼ਾ ਮੁਕਤੀ ਲਹਿਰ ਵਿੱਚ ਸਰਗਰਮੀ ਆਦਿ ਵਰਗੇ ਕਈ ਖੇਤਰਾਂ ਦੀ ਸ਼ਨਾਖਤ ਕੀਤੀ। ਅੱਜ ਇਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੱਠਵੀਂ ਐਨ.ਐਸ.ਐਸ. ਯੂਵਾ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਨਾਲ ਪੈਦਾ ਕਰਨ ਤੋਂ ਇਲਾਵਾ ਆਮ ਲੋਕਾਂ ਦੀ ਵਲੰਟੀਅਰੀ ਤੌਰ ’ਤੇ ਮਦਦ ਤੇ ਭਲਾਈ ਕਰਨ ਲਈ ਵੀ ਪ੍ਰੇਰਤ ਕਰਦੀ ਹੈ। ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਮੁੱਚਾ ਵਿਕਾਸ ਯਕੀਨੀ ਬਣਦਾ ਹੈ ਅਤੇ ਉਸ ਵਿੱਚ ਦਿਆਨਤਦਾਰੀ, ਦਿਆਲੂਪਨ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਅਰਵਿੰਦ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਨ.ਐਸ.ਐਸ. ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਹੋਣ ਦੀ ਸਰਗਰਮ ਹੋਣ ਦੀ ਸਲਾਹ ਦਿੱਤੀ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਸਾਹਿਤਕਾਰ ਡਾ. ਸੁਖਵਿੰਦਰ ਕੌਰ ਬਾਠ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ 'ਪੰਜਾਬੀ ਲੋਕ ਅਤੇ ਮਾਂ ਬੋਲੀ' ਵਿਸ਼ੇ ਉੱਤੇ ਭਾਸ਼ਣ ਦਿੱਤਾ। ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਸੰਨੀ ਓਬਰਾਏ ਆਰਟਸ ਆਡੀਟੋਰਿਅਮ ਵਿਖੇ ਲਗਾਏ ਇਸ ਕੈਂਪ ਦੌਰਾਨ 151 ਵਲੰਟੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਖੂਨਦਾਨ ਕੈਂਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਵਲੰਟੀਅਰਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ਼ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਸਗੋਂ ਨਵਾਂ ਖੂਨ ਬਣਨ ਵਿੱਚ ਮਦਦ ਹੁੰਦੀ ਹੈ। ਅਜਿਹਾ ਕਰ ਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
  • ਪਟਿਆਲਾ, 21 ਫਰਵਰੀ ਜੇ ਪੰਜਾਬੀ ਮਾਧਿਅਮ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇਸ ਸੰਬੰਧੀ ਲੋੜੀਂਦੀਆਂ ਕਿਤਾਬਾਂ ਅਤੇ ਹੋਰ ਪੜ੍ਹਨ-ਸਮੱਗਰੀ ਤਿਆਰ ਕਰ ਕੇ ਦੇਣ ਲਈ ਤਿਆਰ ਹੈ। ਉਪ-ਕੁਲਪਤੀ ਪ੍ਰੋੋ. ਅਰਵਿੰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਗਿਆਨੀ ਲਾਲ ਸਿੰਘ ਲੈਕਚਰ ਲੜੀ’ ਅਧੀਨ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਹ ਸ਼ਬਦ ਕਹੇ। ਗੂਗਲ ਵੱਲੋਂ ਆਪਣੇ ਏ.ਆਈ. ਚੈਟਬੌਕਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਾ ਕਰਨ ਸੰਬੰਧੀ ਅੱਜਕਲ੍ਹ ਭਖੇ ਹੋਏ ਮਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਸਾਨੂੰ ਗੂਗਲ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਵੱਲ ਵੇਖਣ ਦੀ ਬਜਾਏ ਆਪਣਾ ਵੱਖਰਾ ਓਪਨ-ਸੋਰਸ ਚੈਟ ਬੌਕਸ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਜੇ ਇਸ ਸੰਬੰਧੀ ਲੋੜੀਂਦੇ ਫੰਡ ਉਪਲਬਧ ਹੋਣ ਤਾਂ ਇਹ ਕੋਈ ਅਸੰਭਵ ਗੱਲ ਨਹੀਂ ਹੈ।
  • 9 ਫਰਵਰੀ, 2024- ਪੰਜਾਬੀ ਯੂਨੀਵਰਸਿਟੀ ਦੇ ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ। ‘ਸਿਹਤ ਅਤੇ ਰੋਗ’ ਵਿਸ਼ੇ ਉੱਤੇ ਇਹ ਭਾਸ਼ਣ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਰਦੀਪ ਗਰਗ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਇਸ ਭਾਸ਼ਣ ਦੌਰਾਨ ਅੱਜ ਦੇ ਮਨੁੱਖ ਦੀ ਜੀਵਨ ਸ਼ੈਲੀ ਅਤੇ ਕਾਰਪੋਰੇਟ ਸੰਸਾਰ ਦੀਆਂ ਸਾਜਿ਼ਸ਼ਾਂ ਨੂੰ ਮਨੁੱਖੀ ਸਿਹਤ ਨਾਲ਼ ਜੋੜ ਕੇ ਅਹਿਮ ਟਿੱਪਣੀਆਂ ਕੀਤੀਆਂ। ਇੱਕ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਮਨੁੱਖ ਆਪਣੀਆਂ ਪੰਜ ਗਿਆਨ ਇੰਦਰੀਆਂ ਦਾ ਗੁਲਾਮ ਜੀਵ ਹੈ। ਇਹੋ ਗੁਲਾਮੀ ਮਨੁੱਖ ਨੂੰ ਤੰਦਰੁਸਤੀ ਤੋਂ ਦੂਰ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਮ-ਕਾਜ ਦੇ ਢੰਗ ਬਾਰੇ ਚੇਤੰਨ ਹੋਣ ਦੀ ਲੋੜ ਹੈ। ਕਦੇ ਵੀ ਨਾ ਪੂਰੀਆਂ ਹੋਣ ਵਾਲ਼ੀਆਂ ਫਾਲਤੂ ਦੀ ਇੱਛਾਵਾਂ ਦੀ ਪੂਰਤੀ ਲਈ ਗ਼ਲਤ ਜੀਵਨ ਸ਼ੈਲੀ ਨੂੰ ਅਪਣਾ ਲੈਣਾ ਸਾਨੂੰ ਰੋਗੀ ਬਣਾ ਦਿੰਦਾ ਹੈ। ਮਨ ਦੀ ਸ਼ਾਂਤੀ ਨੂੰ ਦਾਅ ਉੱਤੇ ਲਗਾ ਕੇ ਕੀਤਾ ਗਿਆ ਕੰਮ ਕਾਜ ਕਦੇ ਵੀ ਮਨੁੱਖ ਦੇ ਹਿਤ ਵਿੱਚ ਨਹੀਂ ਹੁੰਦਾ। ਜਿਵੇਂ ਜਿਵੇਂ ਮਨੁੱਖ ਦੀ ਜਿ਼ੰਦਗੀ ਕੁਦਰਤੀ ਜਿਉਣ ਢੰਗ ਤੋਂ ਦੂਰ ਜਾ ਰਹੀ ਹੈ ਓਵੇਂ ਓਵੇਂ ਮਨੁੱਖ ਰੋਗਾਂ ਦੇ ਜਾਲ਼ ਵਿੱਚ ਫਸਦਾ ਜਾ ਰਿਹਾ ਹੈ।
  • 2024/01/09, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ਸਥਾਪਿਤ ਵੱਖ-ਵੱਖ ਫ਼ੈਕਲਟੀਆਂ ਨਾਲ ਸੰਬੰਧਿਤ ਡੀਨ ਅਤੇ ਇਹਨਾਂ ਫ਼ੈਕਲਟੀਆਂ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਦੀ ਪਲੇਠੀ ਇਕੱਤਰਤਾ ਆਯੋਜਿਤ ਕਰਵਾਈ ਗਈ। ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਲਗਪਗ 37 ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਨੇ ਭਾਗ ਲਿਆ। ਉਹਨਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਬਣਾਈਆਂ ਨੀਤੀਆਂ ਨੂੰ ਆਪਣੇ ਵਿਭਾਗ ਵਿਖੇ ਪਹੁੰਚਾਉਣ ਲਈ ਆਪਣਾ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਇਕੱਤਰਤਾ ਦੇ ‘ਸਵਾਗਤੀ ਸ਼ਬਦ’ ਆਖਦਿਆਂ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਇਕੱਤਰਤਾ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਹੋ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਲਗਪਗ ਸਾਰੇ ਵਿਭਾਗ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਇਕੱਤਰਤਾ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ‘ਪੰਜਾਬੀ ਪ੍ਰਤਿਨਿਧਾਂ’ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਤਲਾਸ਼ੇਗਾ।
  • 2024/01/09, ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਪ੍ਰੋ. ਅਮਰਦੀਪ ਸਿੰਘ ਨੇ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਸਮੇਂ ਉਪ-ਕੁਲਪਤੀ ਪ੍ਰੋ. ਅਰਵਿੰਦ ਮੌਕੇ ਉੱਤੇ ਪੁੱਜੇ। ਪ੍ਰੋ. ਅਰਵਿੰਦ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਪੇਂਡੂ ਖੇਤਰਾਂ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸ਼ੁਰੂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਂਸਟੀਚੁਐਂਟ ਕਾਲਜ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਉੱਤੇ ਇਨ੍ਹਾਂ ਕਾਲਜਾਂ ਰਾਹੀਂ ਮਿਆਰੀ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਅਮਰਦੀਪ ਸਿੰਘ ਇੰਜਨੀਅਰਿੰਗ ਖੇਤਰ ਨਾਲ਼ ਸੰਬੰਧਤ ਹਨ, ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਕਾਲਜਾਂ ਦੀ ਬਿਹਤਰੀ ਲਈ ਨਵੇਂ ਪੱਖਾਂ ਤੋਂ ਵੀ ਕਾਰਜਸ਼ੀਲ ਰਹਿਣਗੇ।
  • 2024/01/07, ਲਸਣ ਅਤੇ ਪਿਆਜ ਵਿਚਲੇ ਚਕਿਤਸਕ (ਮੈਡੀਕਲ) ਗੁਣਾਂ ਜਾਂ ਪੈਦਾਵਾਰ ਨੂੰ ਵਧਾਉਣ ਹਿਤ ਇਨ੍ਹਾਂ ਦੀ ਖੇਤੀ ਕਰਨ ਸਮੇਂ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣੇ ਲੋੜੀਂਦੇ ਹਨ; ਇਸ ਸੰਬੰਧੀ ਤੱਥ ਖੋਜਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਅਧੀਨ ਵੱਖ-ਵੱਖ ਪ੍ਰਯੋਗ ਕੀਤੇ ਗਏ। ਯੂਨੀਵਰਸਿਟੀ ਦੇ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਿਖੇ ਡਾ. ਰਿਚਾ ਸ੍ਰੀ ਅਤੇ ਡਾ. ਗੁਲਸ਼ਨ ਬਾਂਸਲ ਦੀ ਨਿਗਰਾਨੀ ਤਹਿਤ ਖੋਜਾਰਥੀ ਹੁਰਮਤ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਇਨ੍ਹਾਂ ਦੋਹਾਂ ਫ਼ਸਲਾਂ ਦੀ ਬਿਜਾਈ ਅਤੇ ਪਾਲਣ ਪੋਸ਼ਣ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕੀਤੇ ਗਏ।
  • 2024/01/06, ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਸਪੋਰਟਸ ਯੂਨੀਵਰਸਿਟੀ ਚੇਨਈ ਵਿਖੇ ਚਲ ਰਹੀ 'ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ 2023-24' ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਗਰ ਨੇ ਇਹ ਪ੍ਰਾਪਤੀ 72.97 ਮੀਟਰ ਦੇ ਫ਼ਾਸਲੇ ਉੱਤੇ ਜੈਵਲਿਨ ਸੁੱਟ ਕੇ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਗਰ ਨੇ ਆਪਣੀ ਇਸ ਪ੍ਰਾਪਤੀ ਨਾਲ਼ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ' ਵਿੱਚ ਹਿੱਸਾ ਲੈਣ ਲਈ ਵੀ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਖ਼ਿਡਾਰੀ ਅਤੇ ਉਸ ਦੇ ਕੋਚ ਧਰਮਿੰਦਰਪਾਲ ਸਿੰਘਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।
  • 2024/01/01, ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ ਵਾਜਿਬ ਮੰਗਾਂ ਲਈ ਬਜ਼ਿੱਦ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਅਤੇ ਅਢੁਕਵੇਂ ਵਤੀਰੇ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਵਿਖੇ ਪੜ੍ਹਨ-ਪੜ੍ਹਾਉਣ ਦੇ ਮਾਹੌਲ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਨਾਲ਼ ਵਾਰ-ਵਾਰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਕਾਨੂੰਨ ਅਨੁਸਾਰ ਜੋ ਵੀ ਲਾਭ ਉੱਚਿਤ ਹੋਵੇਗਾ ਉਹ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਕਾਨੂੰਨੀ ਤੌਰ ਉੱਤੇ ਗ਼ੈਰ-ਵਾਜਬ ਹਨ। ਨਾਲ਼ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੁਰੱਖਿਆ ਸੰਬੰਧੀ ਸੇਵਾਵਾਂ ਕਿਸੇ ਵੀ ਅਦਾਰੇ ਦੀਆਂ ਲਾਜ਼ਮੀ ਸੇਵਾਵਾਂ ਵਾਲ਼ੀ ਸ਼ਰੇਣੀ ਵਿੱਚ ਆਉਂਦੀਆਂ ਹਨ। ਇਸ ਲਈ ਇਹ ਸੇਵਾਵਾਂ ਹਰ ਹਾਲਤ ਵਿੱਚ ਜਾਰੀ ਰਹਿਣੀਆਂ ਲਾਜ਼ਮੀ ਹੁੰਦੀਆਂ ਹਨ। ਸੁਰੱਖਿਆ ਸੇਵਾਵਾਂ ਦੇ ਇਸ ਖਾਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੇਸ਼ੱਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣ ਪਰ ਨਾਲ਼ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਆਪਣਾ ਕੰਮ ਕਾਜ ਵੀ ਜਾਰੀ ਰੱਖਣ ਤਾਂ ਕਿ ਅਦਾਰੇ ਨੂੰ ਸੁਰੱਖਿਆ ਪੱਖੋਂ ਕਿਸੇ ਵੀ ਕਿਸਮ ਦੇ ਖਦਸ਼ੇ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਬੂਰੀਵੱਸ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਸੀ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

+91-8264256390

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ :9501200200